ਦਾਜ ਲਈ ਕਰਦੇ ਸਨ ਪ੍ਰੇਸ਼ਾਨ, ਵਿਆਹੁਤਾ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕਰ ਲਈ ਖ਼ੁਦਕੁਸ਼ੀ

Wednesday, Dec 11, 2024 - 07:13 AM (IST)

ਲੁਧਿਆਣਾ (ਰਾਜ) : ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਤੋਂ ਪ੍ਰੇਸ਼ਾਨ ਹੋਈ ਵਿਆਹੁਤਾ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਸ਼ੈਫਾਲੀ (27) ਹੈ, ਜੋ ਕਿ ਡੇਹਲੋਂ ਦੇ ਪਿੰਡ ਰਣੀਆਂ ਦੀ ਰਹਿਣ ਵਾਲੀ ਸੀ। ਸੂਚਨਾ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ। ਇਸ ਮਾਮਲੇ ’ਚ ਪੁਲਸ ਨੇ ਮ੍ਰਿਤਕ ਦੀ ਮਾਂ ਪ੍ਰੇਮਲਤਾ ਦੇ ਬਿਆਨਾਂ ’ਤੇ 14 ਮੁਲਜ਼ਮਾਂ ’ਤੇ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿਚ ਮੁਲਜ਼ਮ ਪਤੀ ਤੇਜਿੰਦਰਵੀਰ ਸਿੰਘ, ਸੱਸ ਰਾਜਬੀਰ ਕੌਰ ਤੇ ਹੋਰ ਰਿਸ਼ਤੇਦਾਰ ਹਰਸ਼ਵਰਧਨ, ਸ਼ਵੇਤਾ, ਮਨਿੰਦਰਵੀਰ ਸਿੰਘ, ਸ਼ਰਨਜੀਤ ਕੌਰ, ਕਾਕੂ, ਮਨੀ, ਅਮਰੀਕ, ਬਬਰੀ, ਬੱਬਲ ਅਤੇ ਸ਼ਰੂਤੀ ਸ਼ਾਮਲ ਹਨ।

ਪੁਲਸ ਨੂੰ ਦਿੱਤੇ ਬਿਆਨਾਂ ’ਚ ਪ੍ਰੇਮ ਲਤਾ ਨੇ ਦੱਸਿਆ ਕਿ ਉਸ ਦਾ ਤਲਾਕ ਹੋ ਚੁੱਕਾ ਹੈ। ਉਸ ਦੇ 3 ਬੱਚੇ ਹਨ, ਜਿਸ ਵਿਚ 2 ਬੇਟੀਆਂ ਅਤੇ 1 ਬੇਟਾ ਹੈ। ਸ਼ੈਫਾਲੀ ਉਸ ਦੀ ਵੱਡੀ ਬੇਟੀ ਸੀ, ਜਿਸ ਦਾ ਲਗਭਗ 1 ਸਾਲ ਪਹਿਲਾਂ ਵਿਆਹ ਦੋਰਾਹਾ ਦੇ ਰਹਿਣ ਵਾਲੇ ਤੇਜਿੰਦਰਵੀਰ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਤੇਜਿੰਦਰਵੀਰ ਉਸ ਦੀ ਮਾਂ ਅਤੇ ਹੋਰ ਰਿਸ਼ਤੇਦਾਰ ਉਸ ਦੀ ਬੇਟੀ ਨੂੰ ਦਾਜ ਲਈ ਪ੍ਰੇਸ਼ਾਨ ਕਰਦੇ ਸਨ। ਉਕਤ ਸਾਰੇ ਮੁਲਜ਼ਮ ਉਸ ਦੀ ਬੇਟੀ ਨੂੰ ਮਾਨਸਿਕ ਤੌਰ ’ਤੇ ਟਾਚਰ ਕਰਦੇ ਸਨ। ਪਹਿਲਾਂ ਵੀ ਸਹੁਰਾ ਪਰਿਵਾਰ ਨੇ ਉਸ ਦੀ ਬੇਟੀ ਨਾਲ ਕੁੱਟਮਾਰ ਕਰ ਕੇ ਘਰੋਂ ਬਾਹਰ ਕੱਢ ਦਿੱਤਾ ਸੀ ਪਰ ਫਿਰ ਸਮਝੌਤੇ ਤੋਂ ਬਾਅਦ ਘਰ ਬੁਲਾ ਲਿਆ ਸੀ ਪਰ ਫਿਰ ਉਸ ਨਾਲ ਕੁੱਟਮਾਰ ਕਰਨ ਲੱਗੇ।

ਇਹ ਵੀ ਪੜ੍ਹੋ : ਸੁਨੀਲ ਪਾਲ ਵਾਂਗ ਅਦਾਕਾਰ ਮੁਸ਼ਤਾਕ ਖਾਨ ਨੂੰ ਵੀ ਕੀਤਾ ਅਗਵਾ, ਈਵੈਂਟ ਬਹਾਨੇ ਸੱਦ ਕੇ ਵਸੂਲੇ 2 ਲੱਖ

ਇਸ ਲਈ ਉਨ੍ਹਾਂ ਦੀ ਬੇਟੀ ਨੇ ਤੇਜਿੰਦਰਵੀਰ ਨਾਲ ਵੱਖਰੇ ਤੌਰ ’ਤੇ ਕਿਰਾਏ ’ਤੇ ਰਹਿਣ ਦਾ ਫੈਸਲਾ ਕੀਤਾ ਸੀ, ਕਿਉਂਕਿ ਉਸ ਦੀ ਸੱਸ ਅਤੇ ਹੋਰ ਰਿਸ਼ਤੇਦਾਰ ਉਸ ਨੂੰ ਘਰ ’ਚ ਰੱਖਣਾ ਨਹੀਂ ਚਾਹੁੰਦੇ ਸਨ। ਇਸ ਤੋਂ ਬਾਅਦ ਬੇਟੀ ਦੇ ਪਤੀ ਨੇ ਪਹਿਲਾਂ ਤਾਂ ਕਮਰੇ ਤਲਾਸ਼ ਕੀਤੇ ਪਰ ਫਿਰ ਖੁਦ ਉਸ ਦੀ ਬੇਟੀ ਨੂੰ ਛੱਡ ਕੇ ਆਪਣੇ ਭਰਾ ਨਾਲ ਚਲਾ ਗਿਆ। ਉਸ ਦੀ ਬੇਟੀ ਨੇ ਕਾਲ ਵੀ ਕੀਤੀ ਪਰ ਉਸ ਨੇ ਮੋਬਾਈਲ ਚੁੱਕਣਾ ਬੰਦ ਕਰ ਦਿੱਤਾ, ਜਿਸ ਨਾਲ ਉਸ ਦੀ ਬੇਟੀ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਗਈ ਸੀ। ਉਸ ਨੇ ਇਸੇ ਪ੍ਰੇਸ਼ਾਨੀ ਕਾਰਨ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ ਸੀ ਪਰ ਹਸਪਤਾਲ ’ਚ ਇਲਾਜ ਦੌਰਾਨ ਬੇਟੀ ਨੇ ਦਮ ਤੋੜ ਦਿੱਤਾ।

ਮ੍ਰਿਤਕ ਦੀ ਮਾਂ ਦਾ ਦੋਸ਼ ਹੈ ਕਿ ਉਕਤ ਸਾਰੇ ਮੁਲਜ਼ਮਾਂ ਤੋਂ ਪ੍ਰੇਸ਼ਾਨ ਹੋ ਕੇ ਉਸ ਦੀ ਬੇਟੀ ਨੇ ਖੁਦਕੁਸ਼ੀ ਕੀਤੀ ਹੈ। ਓਧਰ ਡੇਹਲੋਂ ਦੀ ਪੁਲਸ ਦਾ ਕਹਿਣਾ ਹੈ ਕਿ 14 ਮੁਲਜ਼ਮਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sandeep Kumar

Content Editor

Related News