ਸਿਆਸਤ ''ਚੋਂ ''ਗੁੰਮਨਾਮ'' ਹੋ ਕੇ ਰਹਿ ਗਈਆਂ ਕਈ ''ਨਾਮੀ'' ਹਸਤੀਆਂ, ਪਾਰਟੀਆਂ ਬਦਲਣਾ ਨਹੀਂ ਆਇਆ ਰਾਸ

04/01/2024 1:49:02 PM

ਚੰਡੀਗੜ੍ਹ: ਸਿਆਸਤ ਵਿਚ ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ, ਹਰ ਕੋਈ ਆਪਣੇ ਫ਼ਾਇਦੇ ਅਤੇ ਸਹੂਲਤ ਨੂੰ ਦੇਖ ਕੇ ਹੀ ਫ਼ੈਸਲੇ ਲੈਂਦਾ ਹੈ। ਦੇਸ਼ ਵਿਚ ਇੰਨ੍ਹੀਂ ਦਿਨੀਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸਿਖਰਾਂ 'ਤੇ ਹਨ, ਉੱਥੇ ਨਾਲ ਹੀ ਦਲ-ਬਦਲੂਆਂ ਦਾ ਦੌਰ ਵੀ ਜਾਰੀ ਹੈ। ਪਾਰਟੀਆਂ ਵੱਲੋਂ ਜਿੱਤ ਹਾਸਲ ਕਰਨ ਲਈ ਕਈ ਤਰ੍ਹਾਂ ਦੇ ਜੋੜ-ਤੋੜ ਕੀਤੇ ਜਾ ਰਹੇ ਹਨ। 

ਬਹੁਤ ਸਾਰੇ ਲੀਡਰ ਤਾਂ ਅਜਿਹੇ ਹਨ, ਜਿਹੜੇ ਪਾਰਟੀ ਬਦਲਣ ਕਾਰਨ ਫ਼ਾਇਦੇ ਵਿਚ ਰਹੇ ਤੇ ਉਨ੍ਹਾਂ ਨੂੰ ਉੱਚੇ ਅਹੁਦੇ ਵੀ ਮਿੱਲ ਗਏ। ਉੱਥੇ ਹੀ ਪੰਜਾਬ ਦੀ ਸਿਆਸਤ ਵਿਚ ਕੁਝ ਅਜਿਹੇ ਨਾਂ ਵੀ ਹਨ, ਜਿਹੜੇ ਉਂਝ ਤਾਂ ਕਾਫ਼ੀ ਮਸ਼ਹੂਰ ਸੀ, ਪਰ ਪਾਰਟੀਆਂ ਬਦਲਣ ਮਗਰੋਂ ਸਿਆਸਤ ਵਿਚੋਂ ਗੁੰਮਨਾਮ ਹੋ ਕੇ ਰਹਿ ਗਏ। ਆਓ ਅੱਜ ਅਜਿਹੇ ਹੀ ਕੁਝ ਮਸ਼ਹੂਰ ਨਾਵਾਂ 'ਤੇ ਇਕ ਝਾਤ ਮਾਰਦੇ ਹਾਂ:

1. ਨਵਜੋਤ ਸਿੰਘ ਸਿੱਧੂ

ਕ੍ਰਿਕਟ ਨੂੰ ਅਲਵਿਦਾ ਕਹਿ ਕੇ ਸਿਆਸਤ ਦੀ ਦੁਨੀਆ ਵਿਚ ਕਦਮ ਰੱਖਣ ਵਾਲੇ ਨਵਜੋਤ ਸਿੰਘ ਸਿੱਧੂ ਆਪਣੇ ਧਾਕੜ ਭਾਸ਼ਣਾਂ ਅਤੇ ਬਿਆਨਾਂ ਲਈ ਅਕਸਰ ਹੀ ਸੁਰਖੀਆਂ ਵਿਚ ਬਣੇ ਰਹਿੰਦੇ ਸਨ। ਪਰ ਇਸ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਨੇ ਕ੍ਰਿਕਟ ਕੁਮੈਂਟਰੀ ਵਿਚ ਵਾਪਸੀ ਕਰਨ ਦਾ ਫ਼ੈਸਲਾ ਲਿਆ। ਇਸ ਵੇਲੇ ਉਹ ਆਈ. ਪੀ. ਐੱਲ. ਵਿਚ ਕੁਮੈਂਟਰੀ ਕਰ ਰਹੇ ਹਨ। ਸਿੱਧੂ ਸਿਆਸਤ ਦੀ ਸ਼ੁਰੂਆਤ ਵਿਚ ਤਾਂ ਕਾਫ਼ੀ ਸਫ਼ਲ ਰਹੇ ਤੇ ਉਨ੍ਹਾਂ ਨੇ ਕਾਂਗਰਸ ਦੇ ਸੀਨੀਅਰ ਲੀਡਰ ਰਘੁਨੰਦਨ ਲਾਲ ਭਾਟੀਆ ਨੂੰ ਵੀ ਹਰਾਇਆ। ਸਾਲ 2014 ਤਕ ਉਹ ਭਾਜਪਾ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਸਭ ਤੋਂ ਪਹਿਲਾਂ ਸ਼ਾਮਲ ਕੀਤੇ ਜਾਂਦੇ ਰਹੇ। ਫ਼ਿਰ ਉਹ ਕਾਂਗਰਸ ਵਿਚ ਆ ਗਏ ਤੇ ਇੱਥੇ ਕੈਬਨਿਟ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਜਿਹੇ ਅਹੁਦਿਆਂ ਨਾਲ ਵੀ ਨਵਾਜ਼ੇ ਗਏ, ਪਰ ਹੁਣ ਪਾਰਟੀ ਦੇ ਹੀ ਲੀਡਰਾਂ ਨਾਲ ਖਿੱਚੋਤਾਣ ਕਾਰਨ ਉਨ੍ਹਾਂ ਨੇ ਸਿਆਸਤ ਵਿਚ ਸਰਗਰਮੀ ਤੋਂ ਦੂਰੀ ਬਣਾ ਲਈ ਹੈ। 

ਇਹ ਖ਼ਬਰ ਵੀ ਪੜ੍ਹੋ - ਦਲ ਬਦਲੂਆਂ ਦੀ ਐਂਟਰੀ ਨਾਲ ਟਿਕਟ ਦੀ ਲਾਈਨ ’ਚ ਰਹਿ ਗਏ ਕਈ ਲੀਡਰ

2. ਮਨਪ੍ਰੀਤ ਬਾਦਲ

ਮਨਪ੍ਰੀਤ ਬਾਦਲ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਇਕ ਵੱਡਾ ਨਾਂ ਸੀ। ਪਾਰਟੀ ਨੇ ਉਨ੍ਹਾਂ ਨੂੰ ਵਿੱਤ ਮੰਤਰੀ ਵੀ ਬਣਾਇਆ, ਪਰ ਮੁੱਖ ਮੰਤਰੀ ਬਣਨ ਦੇ ਲਾਲਚ ਨੇ ਉਨ੍ਹਾਂ ਦੀ ਗੱਡੀ ਨੂੰ ਲੀਹੋਂ ਲਾਹ ਦਿੱਤਾ। ਉਨ੍ਹਾਂ ਨੇ ਪਹਿਲਾਂ ਆਪਣੀ ਪਾਰਟੀ ਪੀਪਲਸ ਪਾਰਟੀ ਆਫ਼ ਪੰਜਾਬ ਬਣਾਈ। ਇਸ ਮਗਰੋਂ ਉਹ ਕਾਂਗਰਸ ਵਿਚ ਚਲੇ ਗਏ ਤੇ ਉੱਥੇ ਵੀ ਸਰਕਾਰ ਬਣਨ 'ਤੇ ਉਨ੍ਹਾਂ ਨੂੰ ਵਿੱਤ ਮੰਤਰੀ ਬਣਾਇਆ ਗਿਆ। ਹੁਣ ਉਹ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ, ਪਰ ਫ਼ਿਲਹਾਲ ਸਿਆਸੀ ਗਲਿਆਰਿਆਂ ਵਿਚੋਂ ਉਨ੍ਹਾਂ ਦਾ ਨਾਂ ਗਾਇਬ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਦਲ ਸਕਦੇ ਨੇ ਸਿਆਸੀ ਸਮੀਕਰਨ, 'ਆਪ'-ਕਾਂਗਰਸ ਤੇ ਅਕਾਲੀ-ਭਾਜਪਾ ਵਿਚਾਲੇ ਹੋ ਸਕਦੈ ਗੱਠਜੋੜ!

3. ਬੀਰ ਦਵਿੰਦਰ ਸਿੰਘ

ਪਾਰਟੀਆਂ ਬਦਲਣ ਨੂੰ ਲੈ ਕੇ ਸਵ. ਬੀਰ ਦਵਿੰਦਰ ਸਿੰਘ ਦਾ ਇਕ ਕਿੱਸਾ ਕਾਫ਼ੀ ਮਸ਼ਹੂਰ ਹੈ। ਦਰਅਸਲ, ਉਸ ਵੇਲੇ ਬੀਰ ਦਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਬਸਪਾ ਤੇ ਪੀ.ਪੀ.ਪੀ. ਤੇ ਆਮ ਆਦਮੀ ਪਾਰਟੀ ਦੇ ਸੰਪਕ ਵਿਚ ਸਨ। ਇਕ ਦਿਨ ਉਨ੍ਹਾਂ ਦੀ ਨੂੰਹ ਨੇ ਘਰ ਦੀ ਸਫ਼ਾਈ ਕਰਦਿਆਂ ਸਟੋਰ ਵਿਚੋਂ ਅਕਾਲੀ ਦਲ, ਬਸਪਾ, ਕਾਂਗਰਸ ਤੇ ਪੀ.ਪੀ.ਪੀ. ਪਾਰਟੀ ਦੇ ਝੰਡੇ ਤੇ ਹੋਰ ਚੀਜ਼ਾਂ ਕੱਡੀਆਂ ਤੇ ਉਨ੍ਹਾਂ ਨੂੰ ਪੁੱਛਿਆ ਕਿ ਕਿਸ ਪਾਰਟੀ ਦਾ ਸਾਮਾਨ ਰੱਖਣਾ ਹੈ। ਉਨ੍ਹਾਂ ਨੇ ਹੱਸਦਿਆਂ ਹੋਇਆਂ ਕਿਹਾ ਕਿ ਅਜੇ ਸਾਰਾ ਕੁਝ ਪਿਆ ਰਹਿਣ ਦਿਓ, ਕੀ ਪਤਾ ਕਿਸ ਪਾਰਟੀ ਵਿਚ ਦਾਅ ਲੱਗ ਜਾਵੇ। ਸੰਸਦੀ ਮਾਮਲਿਆਂ ਦੇ ਚੰਗੇ ਜਾਣਕਾਰ ਹੋਣ ਦੇ ਨਾਲ-ਨਾਲ ਇਕ ਚੰਗੇ ਬੁਲਾਰੇ ਵੀ ਸਨ, ਪਰ ਉਹ ਕਦੀ ਵੀ ਕਿਸੇ ਉੱਚੇ ਸਿਆਸੀ ਅਹੁਦੇ 'ਤੇ ਨਹੀਂ ਪਹੁੰਚ ਸਕੇ। ਇਕ ਤੋਂ ਬਾਅਦ ਇਕ ਪਾਰਟੀ ਬਦਲਣ ਦੇ ਬਾਵਜੂਦ ਉਹ ਕੋਈ ਉੱਚਾ ਅਹੁਦਾ ਹਾਸਲ ਕਰਨ ਵਿਚ ਸਫ਼ਲ ਨਹੀਂ ਹੋ ਸਕੇ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਸ਼੍ਰੋਮਣੀ ਅਕਾਲੀ ਦਲ ਭਲਕੇ ਐਲਾਨ ਸਕਦੈ ਉਮੀਦਵਾਰ! ਸੁਖਬੀਰ ਬਾਦਲ ਨੇ ਮੰਗੀਆਂ ਰਿਪੋਰਟਾਂ

4. ਜਗਮੀਤ ਬਰਾੜ

ਜਗਮੀਤ ਬਰਾੜ ਨੂੰ ਆਵਾਜ਼-ਏ-ਕੌਮ ਦੇ ਨਾਂ ਨਾਲ ਜਾਣਿਆ ਜਾਂਦਾ ਰਿਹਾ ਹੈ। ਸਾਲ 1992 ਵਿਚ ਜਦੋਂ ਉਹ ਸੰਸਦ ਵਿਚ ਪਹੁੰਚੇ ਤੇ ਆਪਣਾ ਪਹਿਲਾ ਭਾਸ਼ਣ ਦਿੱਤਾ ਤਾਂ ਉਸ ਵਿਚ ਉਨ੍ਹਾਂ ਨੇ ਪੰਜਾਬ ਦੀਆਂ ਸਮੱਸਿਵਾਆਂ ਦੱਸੀਆਂ। ਉਨ੍ਹਾਂ ਦਾ ਭਾਸ਼ਣ ਸੁਣ ਕੇ ਭਾਜਪਾ ਦੇ ਸੀਨੀਅਰ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਕਾਫ਼ੀ ਪ੍ਰਭਾਵਿਤ ਹੋਏ ਤੇ ਆਪਣੀ ਸੀਟ ਤੋਂ ਉੱਠ ਕੇ ਉਨ੍ਹਾਂ ਨੂੰ ਵਧਾਈ ਦੇਣ ਗਏ ਸਨ। ਜਗਮੀਤ ਬਰਾੜ ਕਾਂਗਰਸ ਤੋਂ ਕਾਂਗਰਸ (ਤਿਵਾਰੀ), ਫ਼ਿਰ ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਵਿਚ ਗਏ। ਉਨ੍ਹਾਂ ਦੇ ਕੱਦ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ 1999 ਦੀਆਂ ਲੋਕ ਸਭਾ ਚੋਣਾਂ ਵਿਚ ਸੁਖਬੀਰ ਬਾਦਲ ਨੂੰ ਵੀ ਹਰਾ ਦਿੱਤਾ, ਪਰ ਉਸ ਮਗਰੋਂ ਉਨ੍ਹਾਂ ਨੇ ਆਪਣੀ ਸਿਆਸੀ ਜ਼ਮੀਨ ਇਸ ਤਰ੍ਹਾਂ ਗਵਾਈ, ਜੋ ਅੱਜ ਤਕ ਵੀ ਤਲਾਸ਼ ਰਹੇ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News