ਹਰ ਮਹੀਨੇ ਵਧ ਰਹੀਆਂ ਹਨ ਏ. ਟੀ. ਐੱਮ. ਤੇ ਕ੍ਰੈਡਿਟ ਕਾਰਡ ਠੱਗੀਆਂ ਦੀਆਂ ਵਾਰਦਾਤਾਂ
Friday, Jun 29, 2018 - 07:07 AM (IST)

ਚੰਡੀਗੜ੍ਹ, (ਸੁਸ਼ੀਲ)- ਲੋਕਾਂ ਨਾਲ ਏ. ਟੀ. ਐੱਮ., ਕ੍ਰੈਡਿਟ ਤੇ ਡੈਬਿਟ ਕਾਰਡ ਨਾਲ ਠੱਗੀ ਦੀਆਂ ਵਾਰਦਾਤਾਂ ਹਰ ਮਹੀਨੇ ਵਧਦੀਆਂ ਜਾ ਰਹੀਆਂ ਹਨ। ਏ. ਟੀ. ਐੱਮ. ਕਾਰਡ ਦਾ ਕੋਰਡ ਪੁੱਛ ਕੇ ਨਕਦੀ ਕੱਢਣ ਤੇ ਕ੍ਰੈਡਿਟ ਕਾਰਡ ਰਾਹੀਂ ਠੱਗੀ ਕਰਨ ਦੀਆਂ ਪੰਜ ਮਹੀਨਿਆਂ 'ਚ 143 ਸ਼ਿਕਾਇਤਾਂ ਸਾਈਬਰ ਸੈੱਲ ਕੋਲ ਆ ਚੁੱਕੀਆਂ ਹਨ। ਪੁਲਸ ਦੀ ਮੰਨੀਏ ਤਾਂ ਮਈ ਮਹੀਨੇ 'ਚ ਕ੍ਰੈਡਿਟ ਤੇ ਡੈਬਿਟ ਕਾਰਡ ਨਾਲ ਠੱਗੀ ਦੀਆਂ ਵਾਰਦਾਤਾਂ ਮਈ ਮਹੀਨੇ 'ਚ ਸਭ ਤੋਂ ਜ਼ਿਆਦਾ ਵਾਪਰੀਆਂ ਹਨ।
ਮਈ ਮਹੀਨੇ 'ਚ 34 ਸ਼ਿਕਾਇਤਾਂ ਸਾਈਬਰ ਸੈੱਲ ਕੋਲ ਪਹੁੰਚ ਚੁੱਕੀਆਂ ਹਨ, ਜਦੋਂਕਿ ਜਨਵਰੀ ਮਹੀਨੇ 'ਚ 21, ਫਰਵਰੀ ਮਹੀਨੇ 'ਚ 33, ਮਾਰਚ ਮਹੀਨੇ 'ਚ 22 ਤੇ ਅਪ੍ਰੈਲ ਮਹੀਨੇ 'ਚ 33 ਸ਼ਿਕਾਇਤਾਂ ਪੁਲਸ ਕੋਲ ਆਈਆਂ ਹਨ।
ਸਾਈਬਰ ਸੈੱਲ ਕੋਲ ਪੰਜ ਮਹੀਨਿਆਂ 'ਚ ਸਾਈਬਰ ਨਾਲ ਸਬੰਧਿਤ 571 ਸ਼ਿਕਾਇਤਾਂ ਆ ਚੁੱਕੀਆਂ ਹਨ। ਉਥੇ ਹੀ ਵਟਸਐਪ ਤੇ ਈ-ਮੇਲ 'ਤੇ ਅਸ਼ਲੀਲ ਮੈਸੇਜ ਭੇਜਣ ਦੀਆਂ ਸਾਈਬਰ ਸੈੱਲ ਕੋਲ 92 ਸ਼ਿਕਾਇਤਾਂ ਆਈਆਂ ਹਨ। ਸ਼ਿਕਾਇਤ ਕਰਨ ਵਾਲਿਆਂ 'ਚ ਜ਼ਿਆਦਾਤਰ ਔਰਤਾਂ ਤੇ ਲੜਕੀਆਂ ਹਨ। ਇਸ ਤੋਂ ਇਲਾਵਾ 73 ਈ-ਮੇਲ ਹੈਕਿੰਗ ਦੀਆਂ ਸ਼ਿਕਾਇਤਾਂ ਤੇ ਨੌਕਰੀ, ਵੀਜ਼ਾ, ਵਰਕ ਪਰਮਿਟ, ਆਨਲਾਈਨ ਲਾਟਰੀ ਜਿੱਤਣ, ਐੱਲ. ਆਈ. ਸੀ. ਪਾਲਿਸੀ ਦੇ ਰੁਪਏ ਦੁੱਗਣੇ ਲੈਣ ਦੀਆਂ ਸਾਈਬਰ ਸੈੱਲ ਨੂੰ 61 ਸ਼ਿਕਾਇਤਾਂ ਮਿਲ ਚੁੱਕੀਆਂ ਹਨ।
ਸਟਾਫ ਦੀ ਹੈ ਘਾਟ, ਪ੍ਰਸ਼ਾਸਕ ਕਹਿ ਚੁੱਕੇ ਹਨ ਸਾਈਬਰ ਥਾਣਾ ਬਣਾਉਣ ਲਈ
ਚੰਡੀਗੜ੍ਹ ਪੁਲਸ ਦੇ ਸਾਈਬਰ ਸੈੱਲ ਕੋਲ ਸਟਾਫ ਦੀ ਕਾਫ਼ੀ ਘਾਟ ਹੈ, ਜਦੋਂਕਿ ਸਾਈਬਰ ਸੈੱਲ ਕੋਲ ਸਾਈਬਰ ਨਾਲ ਸਬੰਧਿਤ ਸ਼ਿਕਇਤਾਂ ਜ਼ਿਆਦਾ ਆ ਰਹੀਆਂ ਹਨ। ਪਿਛਲੇ ਸਾਲ ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਕਾਨੂੰਨ ਵਿਵਸਥਾ ਸਬੰਧੀ ਬੈਠਕ 'ਚ ਕਿਹਾ ਸੀ ਕਿ ਸਾਈਬਰ ਦੀਆਂ ਘਟਨਾਵਾਂ ਨਾਲ ਨਿਪਟਣ ਲਈ ਛੇਤੀ ਤੋਂ ਛੇਤੀ ਸਾਈਬਰ ਪੁਲਸ ਸਟੇਸ਼ਨ ਬਣਾਇਆ ਜਾਵੇ। ਇਸ ਤੋਂ ਬਾਅਦ ਪੁਲਸ ਵਿਭਾਗ ਨੇ ਪੁਲਸ ਸਟੇਸ਼ਨ ਬਣਾਉਣ ਦੀ ਕਵਾਇਦ ਸ਼ੁਰੂ ਕੀਤੀ ਸੀ ਪਰ ਅਜੇ ਤਕ ਇਹ ਪੂਰੀ ਨਹੀਂ ਹੋਈ ਹੈ। ਸਾਈਬਰ ਸੈੱਲ ਨੂੰ ਕਈ ਕੇਸ ਸੁਲਝਾਉਣ ਲਈ ਅਜੇ ਵੀ ਬਾਹਰ ਦੇ ਲੋਕਾਂ ਤੋਂ ਮਦਦ ਲੈਣੀ ਪੈਂਦੀ ਹੈ।
ਤਿੰਨ ਸਾਲਾਂ ਬਾਅਦ ਹੋ ਜਾਂਦੀ ਹੈ ਟਰਾਂਸਫਰ
ਸਾਈਬਰ ਸੈੱਲ 'ਚ ਡਿਊਟੀ ਕਰਨ ਵਾਲੇ ਪੁਲਸ ਕਰਮਚਾਰੀਆਂ ਦੀ ਹਰ ਤਿੰਨ ਸਾਲਾਂ ਬਾਅਦ ਟਰਾਂਸਫਰ ਦੂਜੀ ਯੂਨਿਟ 'ਚ ਕਰ ਦਿੰਦੇ ਹਨ। ਇਸ ਨਾਲ ਸਾਈਬਰ ਸੈੱਲ ਦਾ ਕੰਮ ਕਾਫ਼ੀ ਪ੍ਰਭਾਵਿਤ ਹੁੰਦਾ ਹੈ। ਇਸ ਲਈ ਸਾਈਬਰ ਕ੍ਰਾਈਮ ਹੱਲ ਕਰਨ ਦੀ ਟ੍ਰੇਨਿੰਗ ਕਰਨ ਵਾਲਿਆਂ ਨੂੰ ਹੋਰ ਯੂਨਿਟਾਂ 'ਚ ਟਰਾਂਸਫਰ ਕਰਨ ਦੀ ਥਾਂ ਉਥੇ ਹੀ ਤਾਇਨਾਤ ਕੀਤਾ ਜਾਣਾ ਬਿਹਤਰ ਹੈ ਤਾਂ ਕਿ ਉਹ ਸਾਈਬਰ ਕ੍ਰਾਈਮ ਦੀਆਂ ਘਟਨਾਵਾਂ ਹੱਲ ਕਰ ਸਕਣ।