ਦਿਨ ਵੇਲੇ ਚੋਰੀਆਂ, ਰਾਤ ਨੂੰ ਆਟੋ ’ਚ ਬਿਠਾ ਕੇ ਸਵਾਰੀਆਂ ਨਾਲ ਕਰਦੇ ਸਨ ਲੁੱਟ-ਖੋਹ, 3 ਲੁਟੇਰੇ ਕਾਬੂ
Monday, Aug 19, 2024 - 06:37 AM (IST)
ਲੁਧਿਆਣਾ (ਗੌਤਮ) : ਆਟੋ ਸਵਾਰ ਲੋਕਾਂ ਨਾਲ ਲੁੱਟਾਂ-ਖੋਹਾਂ ਕਰਨ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਦੇ ਦੋਸ਼ ’ਚ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ 3 ਵਿਅਕਤੀਆਂ ਨੂੰ ਕਾਬੂ ਕਰ ਲਿਆ। ਮੁਲਜ਼ਮ ਦਿਨ ’ਚ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਰਾਤ ਨੂੰ ਆਟੋ ’ਚ ਸਵਾਰੀਆਂ ਬਿਠਾ ਕੇ ਵਾਰਦਾਤਾਂ ਕਰਦੇ ਸਨ। ਮੁਲਜ਼ਮਾਂ ਤੋਂ ਦਰਜਨ ਦੇ ਕਰੀਬ ਵਾਰਦਾਤਾਂ ਹੱਲ ਹੋਣ ਦੀ ਸੰਭਾਵਨਾ ਹੈ।
ਮੁਲਜ਼ਮਾਂ ਦੇ ਬਾਕੀ ਸਾਥੀਆਂ ਅਤੇ ਵਾਰਦਾਤਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਸ ਨੇ ਮੁਲਜ਼ਮਾਂ ਤੋਂ ਇਕ ਖਿਡੌਣਾ ਪਿਸਤੌਲ, 2 ਸਕੂਟਰੀਆਂ, 1 ਆਟੋ, 2 ਮੋਟਰਸਾਈਕਲ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਪਿੰਡ ਗੋਪਾਲਪੁਰ ਕਾਲੋਨੀ ਦੇ ਰਹਿਣ ਵਾਲੇ ਬਲਵੀਰ ਸਿੰਘ, ਮਨਪ੍ਰੀਤ ਸਿੰਘ ਉਰਫ ਪੀਤਾ ਅਤੇ ਪਿੰਡ ਘਵੱਦੀ ਦੇ ਰਹਿਣ ਵਾਲੇ ਅਮਨਦੀਪ ਸਿੰਘ ਉਰਫ ਅਮਨਾ ਵਜੋਂ ਕੀਤੀ ਗਈ ਹੈ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ।
ਇਹ ਵੀ ਪੜ੍ਹੋ : ਭੰਡਾਰੇ ਦੌਰਾਨ ਵਾਪਰਿਆ ਦਰਦਨਾਕ ਹਾਦਸਾ; ਗਰਮ ਸਬਜ਼ੀ ਦੇ ਭਾਂਡੇ 'ਚ ਡਿੱਗੀਆਂ 2 ਲੜਕੀਆਂ, ਇਕ ਦੀ ਮੌਤ
ਥਾਣਾ ਮੁਖੀ ਜਸਪਾਲ ਸਿੰਘ ਨੇ ਦੱਸਿਆ ਕਿ ਚੌਕੀ ਮਿਲਰਗੰਜ ਦੀ ਪੁਲਸ ਪਾਰਟੀ ਇਲਾਕੇ ’ਚ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਮੁਲਜ਼ਮ ਚੋਰੀ ਦੇ ਵਾਹਨ ਵੇਚਣ ਜਾ ਰਹੇ ਹਨ, ਜਿਸ ’ਤੇ ਪੁਲਸ ਨੇ ਨਾਕਾਬੰਦੀ ਕਰ ਕੇ ਮੁਲਜ਼ਮਾਂ ਨੂੰ ਚੋਰੀ ਦੇ ਵਾਹਨਾਂ ਸਣੇ ਕਾਬੂ ਕਰ ਲਿਆ।
ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਦਿਨ ’ਚ ਇਲਾਕੇ ’ਚੋਂ ਦੋਪਹੀਆ ਵਾਹਨ ਚੋਰੀ ਕਰਦੇ ਸਨ ਅਤੇ ਉਨ੍ਹਾਂ ਨੂੰ ਬਾਅਦ ’ਚ ਕਬਾੜ ’ਚ ਵੇਚ ਦਿੰਦੇ ਸਨ। ਉਸ ਤੋਂ ਬਾਅਦ ਰਾਤ ਨੂੰ ਆਟੋ ’ਚ ਸਵਾਰੀਆਂ ਬਿਠਾ ਕੇ ਉਨ੍ਹਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਤੋਂ ਨਕਦੀ ਅਤੇ ਹੋਰ ਸਾਮਾਨ ਖੋਹ ਲੈਂਦੇ ਸਨ। ਜੇਕਰ ਕੋਈ ਵਿਰੋਧ ਕਰਦਾ ਸੀ ਤਾਂ ਉਨ੍ਹਾਂ ਦੀ ਕੁੱਟਮਾਰ ਕਰ ਕੇ ਸਾਮਾਨ ਖੋਹ ਲੈਂਦੇ ਸਨ।
ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਅਮਨਦੀਪ ਸਿੰਘ ਅਮਨਾ ਗਿਰੋਹ ਦਾ ਸਰਗਣਾ ਸੀ ਅਤੇ ਮੁਲਜ਼ਮ ਮਨਪ੍ਰੀਤ ਸਿੰਘ ਉਰਫ ਪੀਤਾ ਖਿਲਾਫ ਪਹਿਲਾਂ ਵੀ 2 ਕੇਸ ਦਰਜ ਹਨ। ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ ਅਤੇ ਵਾਰਦਾਤਾਂ ਤੋਂ ਬਾਅਦ ਮਿਲੀ ਰਕਮ ਆਪਸ ’ਚ ਵੰਡ ਕੇ ਨਸ਼ਾ ਖਰੀਦਦੇ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8