ਬਰਨਾਲਾ ਕਾਂਗਰਸ ''ਚ ਬਦਲਦੇ ਸਿਆਸੀ ਸਮੀਕਰਨ : ਇੱਕ ਪਾਸੇ ਚੰਨੀ ਨਾਲ ਮੁਲਾਕਾਤਾਂ ਤੇ ਦੂਜੇ ਪਾਸੇ...
Saturday, Jul 11, 2026 - 09:52 AM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਪੰਜਾਬ ਕਾਂਗਰਸ ਦੇ ਅੰਦਰੂਨੀ ਹਾਲਾਤ ਇਸ ਵੇਲੇ ਇੱਕ ਅਜਿਹੇ ਦੌਰ 'ਚੋਂ ਲੰਘ ਰਹੇ ਹਨ, ਜਿੱਥੇ ਸੂਬਾ ਲੀਡਰਸ਼ਿਪ ਦੇ ਆਪਸੀ ਮਤਭੇਦਾਂ ਦਾ ਅਸਰ ਹੁਣ ਹੇਠਲੇ ਪੱਧਰ ਤੱਕ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਸੂਬਾ ਪੱਧਰ 'ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਕਾਰ ਚੱਲ ਰਹੀ ਸਿਆਸੀ ਖਿੱਚੋਤਾਣ ਦਾ ਸੇਕ ਹੁਣ ਬਰਨਾਲਾ ਜ਼ਿਲ੍ਹੇ ਤੱਕ ਪਹੁੰਚ ਚੁੱਕਾ ਹੈ। ਬੀਤੇ ਦਿਨੀਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਾ ਬਣਾਏ ਜਾਣ ਦੇ ਵਿਰੋਧ 'ਚ ਉਨ੍ਹਾਂ ਦੇ ਗ੍ਰਹਿ ਵਿਖੇ ਹੋਏ ਇੱਕ ਵੱਡੇ ਇਕੱਠ ਤੋਂ ਬਾਅਦ, ਬਰਨਾਲਾ ਕਾਂਗਰਸ ਦੇ ਸਿਆਸੀ ਸਮੀਕਰਨ ਵੀ ਤੇਜ਼ੀ ਨਾਲ ਬਦਲਦੇ ਦਿਖਾਈ ਦੇ ਰਹੇ ਹਨ। ਜ਼ਿਲ੍ਹੇ ਦੇ ਸੀਨੀਅਰ ਆਗੂ ਅਤੇ ਵਰਕਰ ਹੁਣ ਦੋ ਵੱਖ-ਵੱਖ ਧੜਿਆਂ 'ਚ ਵੰਡੇ ਨਜ਼ਰ ਆ ਰਹੇ ਹਨ।
ਚੰਨੀ ਦੇ ਹੱਕ 'ਚ ਨਿੱਤਰੇ ਵਿਧਾਇਕ ਕਾਲਾ ਢਿੱਲੋਂ
ਬਰਨਾਲਾ ਦੀ ਸਿਆਸਤ 'ਚ ਹਲਚਲ ਉਸ ਵੇਲੇ ਵੱਧ ਗਈ, ਜਦੋਂ ਮੌਜੂਦਾ ਹਲਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਖੁੱਲ੍ਹ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ 'ਚ ਖੜ੍ਹੇ ਦਿਖਾਈ ਦਿੱਤੇ। ਬੀਤੇ ਦਿਨੀਂ ਕਾਲਾ ਢਿੱਲੋਂ ਨੇ ਆਪਣੇ ਸਮਰਥਕਾਂ ਦੇ ਇੱਕ ਵੱਡੇ ਕਾਫ਼ਲੇ ਸਮੇਤ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਜਾ ਕੇ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੁਲਾਕਾਤ ਨੇ ਜ਼ਿਲ੍ਹੇ ਅੰਦਰ ਚੰਨੀ ਸਮਰਥਕਾਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਹਨ।
ਰਾਜਾ ਵੜਿੰਗ ਦਾ 'ਟੀਮ ਬਰਨਾਲਾ' ਰਾਹੀਂ ਸੋਸ਼ਲ ਮੀਡੀਆ ਸੁਨੇਹਾ
ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਜ਼ਿਲ੍ਹੇ 'ਚ ਆਪਣੀ ਸਿਆਸੀ ਪਕੜ ਮਜ਼ਬੂਤ ਰੱਖਣ ਲਈ ਪੂਰੀ ਤਰ੍ਹਾਂ ਸਰਗਰਮ ਹਨ। ਕਾਲਾ ਢਿੱਲੋਂ ਅਤੇ ਚੰਨੀ ਦੇ ਗਠਜੋੜ ਦੇ ਜਵਾਬ ਵਜੋਂ ਰਾਜਾ ਵੜਿੰਗ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'ਤੇ 'ਟੀਮ ਬਰਨਾਲਾ' ਦੇ ਨਾਂ ਨਾਲ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਨੇ ਸਿਆਸੀ ਗਲਿਆਰਿਆਂ 'ਚ ਚਰਚਾ ਛੇੜ ਦਿੱਤੀ ਹੈ। ਇਸ ਤਸਵੀਰ 'ਚ ਰਾਜਾ ਵੜਿੰਗ ਦੇ ਨਾਲ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ, ਸੀਨੀਅਰ ਆਗੂ ਜਗਜੀਤ ਧੌਲਾ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਮਹੇਸ਼ ਲੋਟਾ ਅਤੇ ਯੂਥ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਕੀਮਤ ਸਿੱਧੂ ਵਰਗੇ ਪ੍ਰਮੁੱਖ ਚਿਹਰੇ ਮਜ਼ਬੂਤੀ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਇਸ ਪੋਸਟ ਰਾਹੀਂ ਰਾਜਾ ਵੜਿੰਗ ਨੇ ਇਹ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਜ਼ਿਲ੍ਹੇ ਦੀ ਟਕਸਾਲੀ ਅਤੇ ਨੌਜਵਾਨ ਲੀਡਰਸ਼ਿਪ ਅਜੇ ਵੀ ਸੂਬਾ ਪ੍ਰਧਾਨ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ।
ਆਮ ਵਰਕਰਾਂ 'ਚ ਵਧੀ ਦੁਵਿਧਾ
ਆਗੂਆਂ ਵਿਚਕਾਰ ਚੱਲ ਰਹੀ ਇਸ ਅੰਦਰੂਨੀ ਖਿੱਚੋਤਾਣ ਨੇ ਜ਼ਮੀਨੀ ਪੱਧਰ ਦੇ ਆਮ ਵਰਕਰਾਂ ਨੂੰ ਵੱਡੀ ਦੁਵਿਧਾ 'ਚ ਪਾ ਦਿੱਤਾ ਹੈ। ਇੱਕ ਪਾਸੇ ਮੌਜੂਦਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕਾਲਾ ਢਿੱਲੋਂ ਹਨ, ਜਿਨ੍ਹਾਂ ਕੋਲ ਸੰਗਠਨਾਤਮਕ ਸ਼ਕਤੀ ਹੈ, ਜਦੋਂ ਕਿ ਦੂਜੇ ਪਾਸੇ ਮੱਖਣ ਸ਼ਰਮਾ, ਮਹੇਸ਼ ਲੋਟਾ ਅਤੇ ਗੁਰਕੀਮਤ ਸਿੱਧੂ ਵਰਗੇ ਆਗੂ ਹਨ, ਜਿਨ੍ਹਾਂ ਦਾ ਇਲਾਕੇ 'ਚ ਆਪਣਾ ਨਿੱਜੀ ਅਧਾਰ ਹੈ। ਸਥਾਨਕ ਲੋਕਾਂ ਅਤੇ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਜਦੋਂ ਕਿਸੇ ਜ਼ਿਲ੍ਹੇ 'ਚ ਬਲਾਕ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਵੱਖ-ਵੱਖ ਧੜਿਆਂ 'ਚ ਨਜ਼ਰ ਆਉਣ ਤਾਂ ਪਾਰਟੀ ਦੀ ਇੱਕਜੁਟਤਾ ਨੂੰ ਢਾਹ ਲੱਗਣੀ ਲਾਜ਼ਮੀ ਹੈ। ਆਉਣ ਵਾਲੀਆਂ ਸਥਾਨਕ ਅਤੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਇਹ ਸਥਿਤੀ ਕਾਂਗਰਸ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਹਾਈਕਮਾਂਡ ਇਸ ਵਧਦੀ ਦੂਰੀ ਨੂੰ ਘਟਾਉਣ ਲਈ ਕੀ ਕਦਮ ਚੁੱਕਦੀ ਹੈ।
