ਭਵਾਨੀਗੜ੍ਹ ''ਚ I20 ਕਾਰ ''ਚੋਂ 52 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਇੱਕ ਗ੍ਰਿਫ਼ਤਾਰ
Monday, Jul 13, 2026 - 08:34 PM (IST)
ਭਵਾਨੀਗੜ੍ਹ, (ਵਿਕਾਸ ਮਿੱਤਲ)- ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਭਵਾਨੀਗੜ੍ਹ ਪੁਲਸ ਤੇ ਆਬਕਾਰੀ (ਐਕਸਾਈਜ਼) ਵਿਭਾਗ ਵੱਲੋਂ ਕੀਤੀ ਗਈ ਸਾਂਝੀ ਕਾਰਵਾਈ ਦੌਰਾਨ ਇੱਕ ਆਈ-20 ਕਾਰ ਵਿਚੋਂ 52 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਥਾਣਾ ਭਵਾਨੀਗੜ੍ਹ ਦੇ ਐੱਸ.ਐੱਚ.ਓ. ਇੰਸਪੈਕਟਰ ਰਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਐੱਸ.ਆਈ. ਦਰਸ਼ਨ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਭਵਾਨੀਗੜ੍ਹ ਕੈਂਚੀਆਂ ਫਲਾਈਓਵਰ ਹੇਠਾਂ ਮੌਜੂਦ ਸਨ।
ਇਸ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਆਬਕਾਰੀ ਵਿਭਾਗ ਦੀ ਇੰਸਪੈਕਟਰ ਨੀਲਮ ਚੋਪੜਾ ਦੀ ਟੀਮ ਨਾਲ ਸਾਂਝੇ ਤੌਰ 'ਤੇ ਪਿੰਡ ਨਦਾਮਪੁਰ ਨੇੜੇ ਨਾਕਾਬੰਦੀ ਕੀਤੀ ਗਈ। ਨਾਕਾਬੰਦੀ ਦੌਰਾਨ ਇੱਕ ਆਈ-20 ਕਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ, ਜਿਸ ਵਿਚੋਂ 52 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈਆਂ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਕਾਰ ਅਤੇ ਬਰਾਮਦ ਸ਼ਰਾਬ ਨੂੰ ਕਬਜ਼ੇ ਵਿਚ ਲੈ ਲਿਆ। ਪੁਲਸ ਨੇ ਇਸ ਮਾਮਲੇ ਵਿਚ ਕਾਰ ਚਾਲਕ ਜਸਮੀਤ ਸਿੰਘ ਵਾਸੀ ਪਿੰਡ ਖਨਾਲ ਕਲਾਂ (ਦਿੜ੍ਹਬਾ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
