ਪਰਿਵਾਰ ਨੂੰ ਨਸ਼ੀਲਾ ਪਦਾਰਥ ਸੁੰਘਾ ਕੇ ਹਜ਼ਾਰਾਂ ਦੀ ਨਕਦੀ ਤੇ 8 ਤੋਲੇ ਸੋਨਾ ਕੀਤਾ ਚੋਰੀ

Tuesday, Jul 11, 2023 - 02:42 PM (IST)

ਪਰਿਵਾਰ ਨੂੰ ਨਸ਼ੀਲਾ ਪਦਾਰਥ ਸੁੰਘਾ ਕੇ ਹਜ਼ਾਰਾਂ ਦੀ ਨਕਦੀ ਤੇ 8 ਤੋਲੇ ਸੋਨਾ ਕੀਤਾ ਚੋਰੀ

ਤਪਾ ਮੰਡੀ (ਸ਼ਾਮ, ਗਰਗ) : ਪਿੰਡ ਮਹਿਤਾ ਵਿਖੇ 10-11 ਜੁਲਾਈ ਦੀ ਮੱਧ ਰਾਤ ਨੂੰ ਚੋਰਾਂ ਦਾ ਗਿਰੋਹ ਨੰਬਰਦਾਰ ਦੇ ਪਰਿਵਾਰ ਨੂੰ ਨਸ਼ੀਲਾ ਪਦਾਰਥ ਸੁੰਘਾ ਕੇ ਘਰ 'ਚ ਦਾਖ਼ਲ ਹੋਇਆ। ਇਸ ਗਿਰੋਹ ਨੇ ਘਰ 'ਚੋਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ 8 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ, ਜਿਸ ਕਾਰਨ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਨੰਬਰਦਾਰ ਹਰਜਸ਼ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਸਵੇਰੇ ਸਾਢੇ ਤਿੰਨ ਵਜੇ ਉੱਠ ਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਂਦਾ ਹੈ ਪਰ ਅੱਜ ਲਗਭਗ 6 ਵਜੇ ਤੱਕ ਜਾਗ ਨਾ ਖੁੱਲ੍ਹੀ।

ਜਦੋਂ ਉਸ ਨੇ ਉੱਠ ਕੇ ਦੇਖਿਆ ਤਾਂ ਘਰ ਦਾ ਗੇਟ ਖੁੱਲ੍ਹਾ ਪਿਆ ਸੀ ਅਤੇ ਬੱਚੇ ਸੁੱਤੇ ਪਏ ਸੀ ਅਤੇ ਕੁੱਤੇ ਵੀ ਬੇਸ਼ੁੱਧ ਹੋਏ ਬੈਠੇ ਸੀ। ਜਦ ਸਟੋਰ ‘ਚ ਨਿਗਾਹ ਮਾਰੀ ਤਾਂ ਦੇਖਿਆ ਕਿ ਸਾਰਾ ਸਮਾਨ ਖਿੱਲਰਿਆ ਪਿਆ ਸੀ ਅਤੇ ਉਸ ‘ਚ ਪਏ 70 ਹਜ਼ਾਰ ਰੁਪਏ ਨਕਦ ਅਤੇ 8 ਤੋਲੇ ਸੋਨੇ ਦੇ ਗਹਿਣੇ ਗਾਇਬ ਸੀ।

ਇਕ ਔਰਤ ਨੇ ਦੱਸਿਆ ਕਿ ਉਹ ਰਾਤੀਂ 12 ਵੱਜ ਕੇ 05 ਮਿੰਟ 'ਤੇ ਬਾਹਰ ਖੜਕਾ ਸੁਣ ਕੇ ਆਈ ਸੀ। ਜਦ ਬਾਹਰ ਆ ਕੇ ਦੇਖਿਆ ਤਾਂ ਕੁੱਝ ਨਜ਼ਰ ਨਹੀਂ ਆਇਆ। ਫਿਲਹਾਲ ਚੋਰੀ ਸਬੰਧੀ ਸੂਚਨਾ ਤਪਾ ਪੁਲਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।


author

Babita

Content Editor

Related News