2 ਮਸੇਰੇ ਭਰਾਵਾਂ ਨੇ NRI ਪਰਿਵਾਰ ਦੇ ਘਰ ਕੀਤੀ ਚੋਰੀ
Thursday, Feb 06, 2025 - 05:08 PM (IST)
ਜਲਾਲਾਬਾਦ (ਬੰਟੀ ਦਹੂਜਾ) : ਨਜ਼ਦੀਕੀ ਪਿੰਡ ਕਾਲੇ ਵਾਲਾ ’ਚ ਦੋ ਮਸੇਰੇ ਭਰਾਵਾਂ ਨੇ ਇੱਕ ਐੱਨ. ਆਈ. ਆਰ. ਪਰਿਵਾਰ ਦੇ ਘਰ ਚੋਰੀ ਨੂੰ ਅੰਜਾਮ ਦਿੱਤਾ। ਇਸ ਸਬੰਧੀ ਪੁਲਸ ਵਲੋਂ ਕਾਬੂ ਕੀਤੇ ਗਏ ਉਕਤ ਦੋਹਾਂ ਵਿਅਕਤੀਆਂ ਨੇ ਕਿਹਾ ਕਿ ਉਹ ਨਸ਼ੇ ਦੇ ਆਦੀ ਹਨ, ਜਿਸ ਕਰਕੇ ਉਨ੍ਹਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਉਹ ਰਾਤ ਸਮੇਂ ਆਪਣੇ ਹੀ ਪਿੰਡ ਦੇ ਇੱਕ ਘਰ ’ਚ ਕੰਧ ਟੱਪ ਕੇ ਅੰਦਰ ਵੜੇ ਸਨ, ਜਿੱਥੇ ਇੱਕ ਐੱਨ ਆਰ. ਆਈ. ਬਜ਼ੁਰਗ ਔਰਤ ਜਾਗ ਰਹੀ ਸੀ।
ਉਹ ਉਸਦੇ ਕਮਰੇ ਅੰਦਰ ਗਏ ਅਤੇ ਉਸ ਨੂੰ ਕਿਹਾ ਕਿ ਉਹ ਚੁੱਪ-ਚਾਪ ਆਪਣੀਆਂ ਵਾਲੀਆਂ ਉਤਾਰ ਕੇ ਉਨ੍ਹਾਂ ਨੂੰ ਦੇ ਦੇਵੇ ਅਤੇ ਉਸਨੇ ਇੱਕ ਹੀ ਵਾਲੀ ਪਾਈ ਹੋਈ ਸੀ ਅਤੇ ਉਹ ਉਤਾਰ ਕੇ ਦੇ ਦਿੱਤੀ। ਉਸ ਦੇ ਕੋਲ ਇੱਕ ਮੋਬਾਇਲ ਪਿਆ ਸੀ, ਉਹ ਵੀ ਚੁੱਕ ਲਿਆ। ਉਸ ਤੋਂ ਬਾਅਦ ਉਹ ਘਰ ਵਾਪਸ ਆ ਗਏ ਅਤੇ ਸਵੇਰੇ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਦੋਹਾਂ ਵਿਅਕਤੀਆਂ ਪਛਾਣ ਸੁਖਜਿੰਦਰ ਤੇ ਲਵਪ੍ਰੀਤ ਲੱਕੀ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੂੰ ਸ਼ਿਕਾਇਤ ਆਈ ਸੀ ਕਿ ਪਿੰਡ ਪੱਕੇ ਕਾਲੇ ਵਾਲੇ ਇੱਕ ਬਜ਼ੁਰਗ ਔਰਤ ਘਰ ’ਚ ਵੱਖਰੇ ਕਮਰੇ ’ਚ ਸੁੱਤੀ ਪਈ ਸੀ ਤੇ ਦਰਵਾਜ਼ਾ ਪੂਰੀ ਤਰ੍ਹਾਂ ਬੰਦ ਨਹੀਂ ਸੀ। ਉਕਤ ਦੋਵੇਂ ਵਿਅਕਤੀ ਕੰਧ ਟੱਪ ਕੇ ਅੰਦਰ ਕਮਰੇ ’ਚ ਵੜੇ ਅਤੇ ਬਜ਼ੁਰਗ ਔਰਤ ਸੁਖਜਿੰਦਰ ਕੌਰ ਦੀ ਇੱਕ ਵਾਲੀ ਅਤੇ ਮੋਬਾਇਲ ਖੋਹ ਲਿਆ। ਇਸ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਆਪਣੇ ਸੂਤਰਾਂ ਤੋਂ ਪਤਾ ਲਗਾ ਕੇ ਇਹ ਮਾਮਲਾ ਕੁੱਝ ਹੀ ਘੰਟਿਆਂ ’ਚ ਸੁਲਝਾਅ ਲਿਆ ਅਤੇ ਉਕਤ ਦੋਹਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਪੁੱਛ-ਗਿੱਛ ਜਾਰੀ ਹੈ।