ਕਰਿਆਨੇ ਦੀ ਦੁਕਾਨ ''ਚੋਂ ਚੋਰਾਂ ਨੇ 90 ਹਜ਼ਾਰ ਰੁਪਏ ਕੀਤੇ ਚੋਰੀ

Tuesday, Dec 03, 2024 - 04:48 PM (IST)

ਤਲਵੰਡੀ ਭਾਈ (ਪਾਲ) : ਤਲਵੰਡੀ ਭਾਈ ਦੇ ਰੇਲਵੇ ਫਾਟਕਾਂ ਦੇ ਨਜ਼ਦੀਕ ਇੱਕ ਕਰਿਆਨੇ ਦੀ ਦੁਕਾਨ ਦੀ ਛੱਤ 'ਚ ਪਾੜ ਲਗਾ ਕੇ ਚੋਰਾਂ ਵੱਲੋਂ 90 ਹਜ਼ਾਰ ਰੁਪਏ ਦੇ ਕਰੀਬ ਦੀ ਨਕਦੀ ਅਤੇ ਕਰਿਆਨੇ ਦਾ ਕੁੱਝ ਸਾਮਾਨ ਚੋਰੀ ਕਰ ਲਏ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਰੇਲਵੇ ਫਾਟਕਾਂ ਦੇ ਬਿਲਕੁਲ ਨੇੜੇ ਰਾਮਾ ਕਰਿਆਨਾ ਸਟੋਰ ਦੇ ਮਾਲਕ ਰਾਮਾ ਕੁਮਾਰ ਨੇ ਦੱਸਿਆ ਕਿ ਉਹ ਰਾਤ 9.30 ਵਜੇ ਦੇ ਕਰੀਬ ਆਪਣੀ ਦੁਕਾਨ ਬੰਦ ਕਰਕੇ ਘਰੇ ਚਲਾ ਗਿਆ ਸੀ।

ਜਦੋਂ ਉਸਨੇ ਸਵੇਰੇ ਆਪਣੀ ਦੁਕਾਨ ਖੋਲ੍ਹੀ ਤਾਂ ਉਸ ਦੀ ਦੁਕਾਨ ਦੀ ਛੱਤ ਵਿੱਚ ਪਾੜ ਲਗਾਇਆ ਹੋਇਆ ਸੀ ਅਤੇ ਚੋਰ ਉਸ ਦਾ 90 ਹਜ਼ਾਰ ਦੇ ਕਰੀਬ ਦਾ ਕੈਸ਼ ਅਤੇ ਕੁੱਝ ਸਾਮਾਨ ਚੁੱਕ ਕੇ ਲੈ ਗਏ। ਉਸ ਨੇ ਦੱਸਿਆ ਕਿ ਇਹ ਪੈਸੇ ਉਸਨੇ ਸਵੇਰੇ ਮੋਗੇ ਕਰਿਆਨੇ ਦੇ ਸਾਮਾਨ ਦੇ ਭੇਜਣੇ ਸਨ। ਰਾਮਾ ਕੁਮਾਰ ਨੇ ਦੱਸਿਆ ਕਿ ਸਾਰੀ ਉਮਰ ਉਸ ਨੇ ਇੱਕ ਖੋਖੇ ਵਿੱਚ ਕਰਿਆਨੇ ਦਾ ਕੰਮ ਕਰਕੇ ਹੁਣ ਦੁਕਾਨ ਪਾਈ ਸੀ, ਪਰ ਚੋਰਾਂ ਨੇ ਉਸ ਦੀ ਕਮਾਈ ਲੁੱਟ ਲਈ। ਜ਼ਿਕਰਯੋਗ ਹੈ ਕਿ ਤਲਵੰਡੀ ਭਾਈ ਵਿੱਚ ਪੁਲਸ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਦਿਨੋਂ-ਦਿਨ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।


Babita

Content Editor

Related News