ਜਿਸ ਘਰ ਵਧਾਈ ਲੈਣ ਜਾਂਦਾ, ਉੱਥੇ ਹੀ ਚੋਰੀ ਕਰ ਲੈਂਦਾ ਸੀ ਕਿੰਨਰ

Monday, Nov 11, 2024 - 02:11 PM (IST)

ਜਿਸ ਘਰ ਵਧਾਈ ਲੈਣ ਜਾਂਦਾ, ਉੱਥੇ ਹੀ ਚੋਰੀ ਕਰ ਲੈਂਦਾ ਸੀ ਕਿੰਨਰ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵਲੋਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਗਿਰੋਹ ਨੂੰ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਗਈ ਹੈ। ਜਿਸ ਵਿਚ ਸਰਗਨਾ ਰੇਨੂੰ ਮਹੰਤ ਵਾਸੀ ਬਹਿਲੋਲਪੁਰ, ਨਿਰਮਲ ਸਿੰਘ ਗੋਪੀ ਅਤੇ ਜਗਦੀਪ ਸਿੰਘ ਵਾਸੀ ਇੰਦਰਾ ਕਾਲੋਨੀ ਸ਼ਾਮਲ ਹਨ। ਅੱਜ ਮਾਛੀਵਾੜਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ 21 ਅਗਸਤ, 2024 ਨੂੰ ਸਥਾਨਕ ਗੁਰੂ ਨਾਨਕ ਮੁਹੱਲਾ ਵਿਖੇ ਮਨਮੋਹਣ ਸ਼ਰਮਾ ਦੇ ਘਰ ਚੋਰੀ ਹੋਈ ਸੀ, ਜਿਸ ’ਚ ਚੋਰਾਂ ਨੇ ਘਰ ’ਚੋਂ ਇੱਕ ਰਿਵਾਲਵਰ, 5 ਜ਼ਿੰਦਾ ਕਾਰਤੂਸ ਤੇ ਗਹਿਣੇ ਚੋਰੀ ਕਰ ਲਏ ਸਨ।

ਮਾਛੀਵਾੜਾ ਪੁਲਸ ਵਲੋਂ ਇਸ ਸਬੰਧੀ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਸੀ ਅਤੇ ਪੁਲਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਅਸ਼ਵਨੀ ਗੋਟਿਆਲ ਦੇ ਨਿਰਦੇਸ਼ਾਂ ਤਹਿਤ ਪੁਲਸ ਟੀਮਾਂ ਦਾ ਗਠਨ ਕਰ ਥਾਣਾ ਮੁਖੀ ਪਵਿੱਤਰ ਸਿੰਘ ਦੀ ਅਗਵਾਈ ਹੇਠ ਮਾਮਲੇ ਨੂੰ ਸੁਲਝਾਉਣ ਦੇ ਯਤਨ ਕੀਤੇ ਜਾ ਰਹੇ ਸਨ। ਇਸ ਚੋਰੀ ਕੀਤੇ ਰਿਵਾਲਵਰ ਨਾਲ ਬਹਿਲੋਲਪੁਰ ਵਾਸੀ ਕਿੰਨਰ ਰੇਨੂੰ ਮਹੰਤ ਅਤੇ ਉਸਦੇ ਸਾਥੀ ਨਿਰਮਲ ਸਿੰਘ ਅਤੇ ਜਗਦੀਪ ਸਿੰਘ ਨੇ 2 ਦਿਨ ਪਹਿਲਾਂ ਥਾਣਾ ਚਮਕੌਰ ਸਾਹਿਬ ਵਿਖੇ ਪਿੰਡ ਬਹਿਰਾਮਪੁਰ ਬੇਟ ਵਿਖੇ ਘਰ ਵਿਚ ਦਿਨ-ਦਿਹਾੜੇ ਦਾਖ਼ਲ ਹੋ ਕੇ ਪਿਸਤੌਲ ਦੇ ਜ਼ੋਰ ’ਤੇ ਔਰਤ ਤੋਂ ਵਾਲੀਆਂ ਝਪਟ ਲਈਆਂ।

ਮਾਛੀਵਾੜਾ ਪੁਲਸ ਵਲੋਂ ਨਾਕਾਬੰਦੀ ਕਰ ਰੇਨੂੰ ਮਹੰਤ, ਨਿਰਮਲ ਸਿੰਘ ਤੇ ਜਗਦੀਪ ਸਿੰਘ ਨੂੰ ਕਾਬੂ ਕਰ ਲਿਆ ਗਿਆ, ਜਿਨ੍ਹਾਂ ਕੋਲੋਂ ਚੋਰੀ ਹੋਇਆ ਰਿਵਾਲਵਰ, ਕਾਰਤੂਸ ਤੇ ਲੁੱਟੇ ਹੋਏ ਗਹਿਣੇ ਵੀ ਬਰਾਮਦ ਕਰ ਲਏ ਗਏ। ਡੀ. ਐੱਸ. ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਰੇਨੂੰ ਮਹੰਤ ਨੇ ਕੁੱਝ ਦਿਨ ਪਹਿਲਾਂ ਹੀ ਬਹਿਰਾਮਪੁਰ ਬੇਟ ਵਿਖੇ ਜਿਸ ਘਰ ਲੁੱਟ ਕੀਤੀ ਗਈ, ਉਸ ਘਰ ਬੇਟਾ ਹੋਇਆ ਸੀ, ਜਿੱਥੋਂ ਉਹ ਵਧਾਈ ਲੈ ਕੇ ਆਇਆ ਸੀ। ਇਹ ਕਿੰਨਰ ਜਿਸ ਘਰ ਵਧਾਈ ਦੇਣ ਜਾਂਦਾ ਸੀ, ਉੱਥੇ ਸਾਰਾ ਮੁਆਇਨਾ ਕਰਨ ਤੋਂ ਬਾਅਦ ਆਪਣੇ ਸਾਥੀਆਂ ਸਮੇਤ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ। ਡੀ. ਐੱਸ. ਪੀ. ਨੇ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਪਿਸਤੌਲ ਦੇ ਜ਼ੋਰ ’ਤੇ ਜੋ ਹੋਰ ਵਾਰਦਾਤਾਂ ਕੀਤੀਆਂ ਹਨ, ਉਸ ਦਾ ਖ਼ੁਲਾਸਾ ਵੀ ਹੋ ਜਾਵੇਗਾ।


 


author

Babita

Content Editor

Related News