ਚੋਰੀ ਦੇ 6 ਵਾਹਨਾਂ ਸਮੇਤ ਦੋ ਗ੍ਰਿਫਤਾਰ
Sunday, Jul 22, 2018 - 05:39 AM (IST)

ਅਮਰਗਡ਼੍ਹ, (ਜੋਸ਼ੀ)- ਮਾਡ਼ੇ ਅਨਸਰਾਂ ਵਿਰੁੱਧ ਵਿੱਢੀ ਮਹਿੰਮ ਤਹਿਤ ਜ਼ਿਲਾ ਪੁਲਸ ਮੁਖੀ ਸੰਦੀਪ ਗਰਗ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚਲਦਿਆਂ ਥਾਣਾ ਅਮਰਗਡ਼੍ਹ ਦੀ ਪੁਲਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਪਾਸੋਂ 6 ਮੋਟਰਸਾਈਕਲ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਬੀਤੀ 17 ਜੁਲਾਈ ਨੂੰ ਸੁਨੀਲ ਕੁਮਾਰ ਪੁੱਤਰ ਵੀਰ ਚੰਦ ਵਾਸੀ ਅਮਰਗਡ਼੍ਹ ਨੇ ਆਪਣਾ ਸਪਲੈਂਡਰ ਮੋਟਰਸਾਈਕਲ ਨੰ. ਪੀ ਬੀ 10 ਡੀ ਟੀ 6356 ਚੋਰੀ ਹੋਣ ਸਬੰਧੀ ਸਥਾਨਕ ਥਾਣਾ ਅਮਰਗਡ਼੍ਹ ਵਿਖੇ ਮੁਕੱਦਮਾ ਦਰਜ ਕਰਵਾਇਆ ਸੀ। 19 ਜੁਲਾਈ ਨੂੰ ਜਦੋਂ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਮਾਹੋਰਾਣਾ ਵਿਖੇ ਨਾਕਾ ਲਾਇਆ ਹੋਇਆ ਸੀ ਤਾਂ ਜਸਵਿੰਦਰ ਸਿੰਘ ਉਰਫ਼ ਗੱਗੂ ਪੁੱਤਰ ਹਰਜੀਤ ਸਿੰਘ ਵਾਸੀ ਜਲਾਲਗਡ਼੍ਹ ਅਤੇ ਸੁਨੀਲ ਸਿੰਘ ਉਰਫ਼ ਰਾਜੂ ਨੂੰ ਰੋਕਿਆ, ਉਨ੍ਹਾਂ ਪਾਸੋਂ ਇਕ ਸਪਲੈਂਡਰ ਮੋਟਰਸਾਈਕਲ ਬਿਨਾਂ ਨੰਬਰ ਦੇ ਬਰਾਮਦ ਕੀਤਾ ਗਿਆ। ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ 2 ਦਿਨਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ।
ਪੁੱਛਗਿੱਛ ਦੌਰਾਨ ਜਸਵਿੰਦਰ ਸਿੰਘ ਗੱਗੂ ਦੇ ਘਰੋਂ ਚੋਰੀ ਦੇ 2 ਮੋਟਰਸਾਈਕਲ ਅਤੇ ਸੁਨੀਲ ਉਰਫ਼ ਰਾਜੂ ਦੇ ਘਰੋਂ ਇਕ ਮੋਟਰਸਾੲੀਕਲ ਬਰਾਮਦ ਕੀਤਾ ਗਿਆ। ਦੋਵਾਂ ਨੇ ਇਹ ਮੰਨਿਆ ਕਿ ਉਹ ਚੋਰੀਆਂ ਦੀਆਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਤੀਸਰੇ ਸਾਥੀ ਗੁਰਪ੍ਰੀਤ ਸਿੰਘ ਉਰਫ਼ ਪ੍ਰੀਤੀ ਵਾਸੀ ਗਲਵੱਟੀ ਹਾਲ ਪਿੰਡ ਬੁੱਗਾ ਪਾਲੀਆ ਪਾਸ ਵੀ ਚੋਰੀ ਦੇ ਦੋ ਮੋਟਰਸਾਈਕਲ ਹਨ, ਜੋ ਉਨ੍ਹਾਂ ਨੇ ਇਕ ਮੋਟਰਸਾਈਕਲ ਪਿੰਡ ਬੁੱਗਾ ਪਾਲੀਆ ਅਤੇ ਇਕ ਮਾਲੇਰਕੋਟਲਾ ਤੋਂ ਚੋਰੀ ਕੀਤਾ ਹੋਇਆ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਤੀਸਰੇ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਚੋਰੀ ਦੀਆਂ ਹੋਰ ਵੀ ਵਾਰਦਾਤਾਂ ਸਾਹਮਣੇ ਆ ਸਕਦੀਆਂ ਹਨ।