ਰਾਤ ਨੂੰ ਸੜਕ ''ਤੇ ਘੁੰਮ ਕੇ ਚੁਣੌਤੀ ਦਿੱਤੀ ਨਾਰੀ ਸ਼ਕਤੀ ਨੇ
Sunday, Aug 13, 2017 - 07:29 AM (IST)
ਅੰਮ੍ਰਿਤਸਰ, (ਮਮਤਾ)- ਦੇਸ਼ ਦੀ ਆਜ਼ਾਦੀ ਨੂੰ 70 ਸਾਲ ਹੋਣ ਵਾਲੇ ਹਨ ਪਰ ਇਸ ਦੇ ਬਾਵਜੂਦ ਔਰਤਾਂ ਨੂੰ ਆਜ਼ਾਦ ਦੇਸ਼ 'ਚ ਰਾਤ ਦੇ ਸਮੇਂ ਘੁੰਮਣ ਦੀ ਆਜ਼ਾਦੀ ਨਹੀਂ ਹੈ, ਜੇਕਰ ਕੋਈ ਕੁੜੀ ਜਾਂ ਔਰਤ ਰਾਤ ਨੂੰ ਬਾਹਰ ਨਿਕਲਦੀ ਹੈ ਅਤੇ ਉਸ ਨਾਲ ਕੋਈ ਹਾਦਸਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਤੂੰ ਇੰਨੀ ਰਾਤ ਨੂੰ ਬਾਹਰ ਕੀ ਕਰ ਰਹੀ ਸੀ? ਕੀ ਇਹ ਹੱਕ ਸਿਰਫ ਮੁੰਡਿਆਂ ਨੂੰ ਹੈ ਕਿ ਉਹ ਅੱਧੀ ਰਾਤ ਨੂੰ ਖੁੱਲ੍ਹੇਆਮ ਸੜਕਾਂ 'ਤੇ ਘੁੰਮਣ ਅਤੇ ਲੜਕੀਆਂ ਨਾਲ ਛੇੜਛਾੜ ਜਾਂ ਹੁੱਲੜਬਾਜ਼ੀ ਕਰਨ। ਇਸ ਸਭ ਨੂੰ ਚੁਣੌਤੀ ਦੇਣ ਲਈ ਅੱਜ ਸਥਾਨਕ ਕਿਚਲੂ ਚੌਕ 'ਚ ਔਰਤਾਂ ਤੇ ਲੜਕੀਆਂ ਇਕੱਠੀਆਂ ਹੋਈਆਂ।
ਭਾਵੇਂ ਉਨ੍ਹਾਂ ਵੱਲੋਂ ਇਹ ਇਕਜੁਟਤਾ ਚੰਡੀਗੜ੍ਹ ਵਿਚ ਹੋਏ ਵਰਣਿਕਾ ਕੁੰਦੂ ਕਾਂਡ ਤੋਂ ਬਾਅਦ ਪੁਲਸ ਵਾਲਿਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਵਿਰੋਧ ਵਿਚ ਵਿਖਾਈ ਗਈ ਪਰ ਇਸ ਦਾ ਮਕਸਦ ਕੋਈ ਰਾਜਨੀਤਿਕ ਜਾਂ ਰੋਸ ਪ੍ਰਦਰਸ਼ਨ ਨਹੀਂ ਸੀ, ਸਿਰਫ ਨਾਰੀ ਸ਼ਕਤੀ ਵੱਲੋਂ ਸ਼ਾਂਤੀਪੂਰਵਕ ਹੱਸਦੇ-ਗਾਉਂਦੇ ਇਕੱਠੇ ਹੋ ਕੇ ਸਮਾਜ ਦੀ ਸੌੜੀ ਸੋਚ ਨੂੰ ਚੁਣੌਤੀ ਦੇਣਾ ਸੀ। ਕਿਚਲੂ ਚੌਕ 'ਚ ਇਕੱਠੀਆਂ ਹੋਈਆਂ ਔਰਤਾਂ ਦੀ ਅਗਵਾਈ ਕਰ ਰਹੀ ਅਲਕਾ ਸ਼ਰਮਾ ਨੇ ਦੱਸਿਆ ਕਿ ਚੰਡੀਗੜ੍ਹ ਦੀ ਘਟਨਾ ਤੋਂ ਬਾਅਦ ਉਨ੍ਹਾਂ ਨੇ ਮਿਲ ਕੇ ਇਹ ਫੈਸਲਾ ਲਿਆ ਕਿ ਉਹ ਕਿਸੇ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਨਹੀਂ ਕਰਨਗੀਆਂ ਤੇ ਨਾ ਹੀ ਕਿਸੇ ਤਰ੍ਹਾਂ ਦੀਆਂ ਕੋਈ ਤਖਤੀਆਂ ਲੈ ਕੇ ਸੜਕ ਜਾਮ ਕਰਨਗੀਆਂ।
ਉਨ੍ਹਾਂ ਦਾ ਮਕਸਦ ਸਿਰਫ ਘੁੰਮਣਾ ਅਤੇ ਸੜਕਾਂ 'ਤੇ ਆ ਕੇ ਆਪਣੀ ਹਾਜ਼ਰੀ ਦਰਜ ਕਰਵਾਉਣਾ ਹੈ ਕਿਉਂਕਿ ਸੜਕਾਂ ਸਿਰਫ ਮਰਦਾਂ ਲਈ ਹੀ ਰਾਖਵੀਆਂ ਨਹੀਂ ਹਨ। ਕੰਮਕਾਜੀ ਔਰਤਾਂ ਨੀਤੀ ਅਨੁਸਾਰ ਹਸਪਤਾਲ ਵਿਚ ਕਈ ਵਾਰ ਰਾਤ ਦੀ ਡਿਊਟੀ ਕਰਦੀਆਂ ਹਨ ਤੇ ਉਨ੍ਹਾਂ ਨੂੰ ਦੇਰ ਰਾਤ ਘਰ ਜਾਣਾ ਪੈਂਦਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਵਰਗੀਆਂ ਹਜ਼ਾਰਾਂ ਲੜਕੀਆਂ ਅਤੇ ਔਰਤਾਂ ਹਨ ਜੋ ਦੇਰ ਰਾਤ ਤੱਕ ਕੰਮ ਕਰਦੀਆਂ ਹਨ, ਜੇਕਰ ਉਨ੍ਹਾਂ ਦਾ ਰਾਤ ਵਿਚ ਆਉਣਾ-ਜਾਣਾ ਬੰਦ ਹੋ ਜਾਵੇ ਤਾਂ ਉਹ ਕਿੱਥੇ ਜਾਣ? ਉਨ੍ਹਾਂ ਕਿਹਾ ਕਿ ਸਾਡੇ ਸਮਾਜ ਨੂੰ ਆਪਣੀ ਸੌੜੀ ਸੋਚ ਬਦਲਣੀ ਪਵੇਗੀ। ਰਾਤ 9 ਤੋਂ ਲੈ ਕੇ ਲਗਭਗ 12 ਵਜੇ ਤੱਕ ਔਰਤਾਂ ਅਤੇ ਲੜਕੀਆਂ ਨੇ ਇਕੱਠੇ ਹੋ ਕੇ ਸੜਕ 'ਤੇ ਵਾਕ ਕੀਤੀ। ਉਨ੍ਹਾਂ ਦੀ ਇਕਜੁਟਤਾ ਰਾਹਗੀਰ ਰੁਕ-ਰੁਕ ਕੇ ਵੇਖ ਰਹੇ ਸਨ ਅਤੇ ਬਿਨਾਂ ਕੋਈ ਸਵਾਲ ਕੀਤੇ ਉਥੋਂ ਗੁਜ਼ਰ ਰਹੇ ਸਨ।
ਹਾਦਸੇ ਦਾ ਸ਼ਿਕਾਰ ਹੋਏ ਬਾਈਕ ਸਵਾਰ ਨੂੰ ਬਚਾਇਆ : ਸੜਕ 'ਤੇ ਜਦੋਂ ਔਰਤਾਂ ਵਾਕ ਕਰ ਰਹੀਆਂ ਸਨ ਤਾਂ ਇਸ ਦੌਰਾਨ ਇਕ ਕਾਰ ਚਾਲਕ ਇਕ ਬਾਈਕ ਸਵਾਰ ਨੂੰ ਟੱਕਰ ਮਾਰ ਕੇ ਗੱਡੀ ਭਜਾ ਕੇ ਲੈ ਗਿਆ। ਇਸ ਮੌਕੇ ਉਥੇ ਨਾ ਤਾਂ ਪੁਲਸ ਮੌਜੂਦ ਸੀ ਤੇ ਨਾ ਹੀ ਕੋਈ ਰਾਹਗੀਰ ਅੱਗੇ ਆਇਆ, ਜਿਸ 'ਤੇ ਇਕੱਠੀਆਂ ਹੋਈਆਂ ਔਰਤਾਂ ਨੇ ਉਕਤ ਵਿਅਕਤੀ ਨੂੰ ਚੁੱਕਿਆ ਅਤੇ ਪਾਣੀ ਪਿਲਾ ਕੇ ਇਲਾਜ ਲਈ ਹਸਪਤਾਲ ਭੇਜਿਆ। ਉਨ੍ਹਾਂ ਨੇ ਇਕੱਠੇ ਹੋ ਕੇ ਕਾਰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਤਦ ਤੱਕ ਉਹ ਗੱਡੀ ਭਜਾ ਕੇ ਲੈ ਗਿਆ ਪਰ ਔਰਤਾਂ ਨੇ ਗੱਡੀ ਦਾ ਨੰਬਰ ਨੋਟ ਕਰ ਕੇ ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ।
