ਪਿੰਡ ਮਾਹਲ ਦਾ ਸ਼ਮਸ਼ਾਨਘਾਟ ਬਣਿਆ ਨਸ਼ੇੜੀਆਂ ਦਾ ਅੱਡਾ
Friday, Sep 08, 2017 - 06:35 AM (IST)
ਛੇਹਰਟਾ, (ਜਤਿੰਦਰ )- ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਨਸ਼ਿਆਂ ਦਾ ਪੂਰੀ ਤਰ੍ਹਾਂ ਖਾਤਮਾ ਕਰ ਕੇ ਇਕ ਨਵੇਂ ਪੰਜਾਬ ਦਾ ਆਗਾਜ਼ ਕੀਤਾ ਜਾਵੇਗਾ ਪਰ ਸਰਕਾਰ ਬਣੀ ਨੂੰ ਕਈ ਮਹੀਨੇ ਬੀਤ ਚੁੱਕੇ ਹਨ ਪਰ ਨਸ਼ਿਆਂ ਦੀ ਵਿਕਰੀ ਵਿਚ ਕੋਈ ਗਿਰਾਵਟ ਨਜ਼ਰ ਨਹੀਂ ਆ ਰਹੀ, ਜਿਸ ਦੀ ਮਿਸਾਲ ਪਿੰਡ ਮਾਹਲ ਦੇ ਸ਼ਮਸ਼ਾਨਘਾਟ ਤੋਂ ਪ੍ਰਤੱਖ ਦਿਖਾਈ ਦੇ ਰਹੀ ਹੈ। ਉੱਘੇ ਸਮਾਜ ਸੇਵਕ ਸੋਨੂੰ ਮਾਹਲ ਤੇ ਚਰਨਜੀਤ ਸ਼ਰਮਾ ਨੇ ਪੱਤਰਕਾਰਾਂ ਨੂੰ ਮੌਕਾ ਦਿਖਾਉਂਦਿਆਂ ਦੱਸਿਆ ਕਿ ਪਿੰਡ ਮਾਹਲ ਦੇ ਸ਼ਮਸ਼ਾਨਘਾਟ ਵਿਖੇ ਨਸ਼ੇੜੀ ਨੌਜਵਾਨ ਨਸ਼ੇ ਦੇ ਟੀਕੇ ਲਾ ਕੇ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਸ਼ਾਮ ਪੈਂਦਿਆਂ ਹੀ ਉਕਤ ਸ਼ਮਸ਼ਾਨਘਾਟ ਵਿਚ ਨਸ਼ੇੜੀ ਨੌਜਵਾਨਾਂ ਦੀ ਮਹਿਫਲ ਲੱਗਣੀ ਸ਼ੁਰੂ ਜਾਂਦੀ ਹੈ ਅਤੇ ਉਹ ਨਸ਼ਾ ਕਰਨ ਦੇ ਨਾਲ-ਨਾਲ ਇਥੇ ਜੂਆ ਆਦਿ ਵੀ ਖੇਡਦੇ ਹਨ, ਜਿਸ ਕਾਰਨ ਆਉਣ-ਜਾਣ ਵਾਲੇ ਲੋਕਾਂ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਸੋਨੂੰ ਮਾਹਲ ਨੇ ਅੱਗੇ ਦੱਸਿਆ ਕਿ ਕਈ ਨੌਜਵਾਨ ਨਸ਼ੇ ਦੇ ਟੀਕੇ ਲਾ ਕੇ ਸਰਿੰਜਾਂ ਸ਼ਮਸ਼ਾਨਘਾਟ ਵਿਚ ਹੀ ਸੁੱਟ ਦਿੰਦੇ ਹਨ। ਉਨ੍ਹਾਂ ਜ਼ਿਲੇ ਦੇ ਪੁਲਸ ਕਮਿਸ਼ਨਰ ਅਤੇ ਥਾਣਾ ਛੇਹਰਟਾ ਦੇ ਐੱਸ. ਐੱਚ. ਓ. ਕੋਲੋਂ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਕਿ ਨਸ਼ੇੜੀ ਨੌਜਵਾਨਾਂ ਨੂੰ ਨੱਥ ਪਾਉਣ ਲਈ ਠੋਸ ਕਦਮ ਚੁੱਕੇ ਜਾਣ। ਇਸ ਮੌਕੇ ਪ੍ਰਦੀਪ ਮਾਹਲ, ਸਾਹਿਬ ਸਿੰਘ, ਗੁਰਪ੍ਰੀਤ ਸਿੰਘ, ਨਿਰਮਲਜੀਤ ਸਿੰਘ, ਸ਼ਿੰਦਰਪਾਲ ਸਿੰਘ, ਨੰਬਰਦਾਰ ਸਾਧਾ ਸਿੰਘ, ਜਗਦੇਵ ਸਿੰਘ, ਪ੍ਰਭ ਮਾਹਲ, ਲਾਡੀ ਜੱਟ ਆਦਿ ਹਾਜ਼ਰ ਸਨ।
