ਦਿਲ ਝੰਜੋੜਨ ਵਾਲੀ ਘਟਨਾ, ਪਿੰਡ ਦੇ ਸ਼ਮਸਾਨਘਾਟ ''ਚ ਸਸਕਾਰ ਲਈ ਨਹੀਂ ਮਿਲੀ ਥਾਂ
Tuesday, Jan 20, 2026 - 02:11 PM (IST)
ਮੋਹਾਲੀ (ਰਣਬੀਰ) : ਜਦੋਂ ਜ਼ਿੰਦਗੀ ਦੀ ਆਖ਼ਰੀ ਯਾਤਰਾ ਵੀ ਸਨਮਾਨ ਨਾਲ ਪੂਰੀ ਨਾ ਹੋ ਸਕੇ ਤਾਂ ਇਹ ਨਾ ਸਿਰਫ਼ ਇਕ ਪਰਿਵਾਰ ਦਾ ਦੁੱਖ ਹੁੰਦਾ ਹੈ, ਸਗੋਂ ਪੂਰੇ ਸਮਾਜ ਦੀ ਸੰਵੇਦਨਸ਼ੀਲਤਾ ’ਤੇ ਵੱਡਾ ਸਵਾਲ ਖੜ੍ਹਾ ਕਰਦਾ ਹੈ। ਮੋਹਾਲੀ ਜ਼ਿਲ੍ਹੇ ਦੇ ਪਿੰਡ ਬੜਮਾਜਰਾ ’ਚ ਸੋਮਵਾਰ ਨੂੰ ਅਜਿਹੀ ਹੀ ਇਕ ਦਰਦਨਾਕ ਘਟਨਾ ਸਾਹਮਣੇ ਆਈ। ਇੱਥੇ 40 ਸਾਲਾ ਮਲਾਰਾ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਜੱਦੀ ਪਿੰਡ ਦੇ ਸ਼ਮਸ਼ਾਨਘਾਟ ’ਚ ਅੰਤਮ ਸਸਕਾਰ ਲਈ ਥਾਂ ਨਸੀਬ ਨਹੀਂ ਹੋ ਸਕੀ।
ਪਿੰਡ ਦੀ ਪੰਚਾਇਤੀ ਜਗ੍ਹਾ ’ਤੇ ਕਰਨਾ ਪਿਆ ਅੰਤਿਮ ਸਕਾਰ
ਮਲਾਰਾ ਸਿੰਘ ਦੇ ਪਰਿਵਾਰ ਨੇ ਪਹਿਲਾਂ ਬਲੌਂਗੀ ਸ਼ਮਸ਼ਾਨਘਾਟ ਨਾਲ ਸੰਪਰਕ ਕੀਤਾ, ਜਿੱਥੇ ਸੋਮਵਾਰ ਸਵੇਰ ਤੋਂ ਸ਼ਾਮ ਤੱਕ 14 ਮ੍ਰਿਤਕਾਂ ਦੀਆਂ ਚਿਖਾਵਾਂ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਸਨ। ਮਜਬੂਰਨ ਪਰਿਵਾਰ ਨੇ ਪਿੰਡ ਦੇ ਪੁਰਾਣੇ ਸ਼ਮਸ਼ਾਨਘਾਟ ਵੱਲ ਰੁਖ ਕੀਤਾ ਪਰ ਉੱਥੇ ਦੇ ਹਾਲਾਤ ਹੋਰ ਵੀ ਬਦਤਰ ਨਿਕਲੇ। ਲਗਭਗ ਇਕ ਕਿੱਲੇ ਦੀ ਖੁੱਲ੍ਹੀ ਜਗ੍ਹਾ ਨੂੰ ਆਸ-ਪਾਸ ਦੀਆਂ ਕਾਲੋਨੀਆਂ ’ਚ ਰਹਿਣ ਵਾਲੇ ਪਰਵਾਸੀ ਲੋਕਾਂ ਨੇ ਜੰਗਲੀ ਪਾਣੀ ਲਈ ਵਰਤ ਲਿਆ ਸੀ। ਗੰਦਗੀ ਦਾ ਅੰਬਾਰ ਲੱਗ ਚੁੱਕਾ ਸੀ, ਬਦਬੂ ਅਤੇ ਗੰਦਗੀ ਕਾਰਨ ਸ਼ੈੱਡ ਨੇੜੇ ਪਹੁੰਚਣਾ ਵੀ ਮੁਸ਼ਕਲ ਸੀ। ਇਸ ਤੋਂ ਬਾਅਦ ਮ੍ਰਿਤਕ ਦਾ ਅੰਤਿਮ ਸਸਕਾਰ ਪਿੰਡ ਦੀ ਪੰਚਾਇਤੀ ਖੁੱਲ੍ਹੀ ਜਗ੍ਹਾ ’ਤੇ ਕੀਤਾ ਗਿਆ, ਜਿੱਥੇ ਆਬਾਦੀ ਨਾਲ ਲੱਗਦੀ ਹੈ ਅਤੇ ਨੇੜੇ ਝੁੱਗੀ-ਝੌਂਪੜੀਆਂ ’ਚ ਰਹਿਣ ਵਾਲੇ ਪਰਵਾਸੀ ਪਰਿਵਾਰਾਂ ਨੇ ਸ਼ੁਰੂ ’ਚ ਵਿਰੋਧ ਵੀ ਕੀਤਾ ਪਰ ਮੌਕੇ ’ਤੇ ਮੌਜੂਦ ਮੋਹਤਬਰਾਂ ਨੇ ਮਜਬੂਰੀ ਸਮਝਾ ਕੇ ਇਜਾਜ਼ਤ ਦਿਵਾਈ। ਇਹ ਪੂਰਾ ਦ੍ਰਿਸ਼ ਬਹੁਤ ਦੁਖਦਾਈ ਸੀ, ਇਕ ਪਰਿਵਾਰ ਜੋ ਆਪਣੇ ਪਿਆਰੇ ਨੂੰ ਅੰਤਿਮ ਵਿਦਾਈ ਦੇਣ ਲਈ ਤੜਫ਼ ਰਿਹਾ ਸੀ, ਉਹ ਵਾਰ-ਵਾਰ ਥਾਂ ਲੱਭਦਾ ਰਿਹਾ।
ਪਿੰਡ ਵਾਸੀ ਨੂੰ ਆਪਣੇ ਪਿੰਡ ’ਚ ਹੀ ਨਹੀਂ ਮਿਲੀ ਜਗ੍ਹਾ : ਨੰਬਰਦਾਰ
ਇਸ ਮਾਮਲੇ ’ਚ ਪਿੰਡ ਦੇ ਨੰਬਰਦਾਰ ਅਵਤਾਰ ਸਿੰਘ ਨੇ ਡੂੰਘਾ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਇਹ ਬਹੁਤ ਬਦਕਿਸਮਤੀ ਵਾਲੀ ਗੱਲ ਹੈ ਕਿ ਪਿੰਡ ਦੇ ਵਸਨੀਕ ਦਾ ਪੁਰਖਿਆਂ ਵੱਲੋਂ ਵਰਤੇ ਜਾਂਦੇ ਸ਼ਮਸ਼ਾਨਘਾਟ ’ਚ ਵੀ ਅੰਤਿਮ ਸਸਕਾਰ ਨਹੀਂ ਹੋ ਸਕਿਆ। ਇਹ ਸਿਰਫ਼ ਪ੍ਰਸ਼ਾਸਨ ਦੀ ਨਾਕਾਮੀ ਨਹੀਂ, ਸਗੋਂ ਸਾਡੀ ਸੰਵੇਦਨਸ਼ੀਲਤਾ ’ਤੇ ਵੀ ਸਵਾਲ ਹੈ। ਉਨ੍ਹਾਂ ਦੱਸਿਆ ਕਿ ਪੁਰਾਣੇ ਸਮੇਂ ਤੋਂ ਚੱਲ ਰਿਹਾ ਇਹ ਸ਼ਮਸ਼ਾਨਘਾਟ ਹੁਣ ਨਵੀਆਂ ਕਲੋਨੀਆਂ ਕਾਰਨ ਪ੍ਰਭਾਵਿਤ ਹੋ ਗਿਆ ਹੈ। ਲੋਕ ਅਕਸਰ ਬਲੌਂਗੀ ਜਾਂਦੇ ਰਹੇ ਹਨ ਪਰ ਅੱਜ ਜਦੋਂ ਉੱਥੇ ਵੀ ਥਾਂ ਨਾ ਮਿਲੀ ਤਾਂ ਸਭ ਕੁੱਝ ਉਲਝ ਗਿਆ।
ਲੋਕਾਂ ਦੀ ਮੰਗ : ਤੁਰੰਤ ਸਫ਼ਾਈ ਤੇ ਬਾਊਂਡਰੀ ਵਾਲ ਕਰਵਾਈ ਜਾਵੇ
ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਮਸ਼ਾਨਘਾਟ ਦੀ ਲਗਭਗ ਇਕ ਕਿਲ੍ਹੇ ਜਗ੍ਹਾ ਨੂੰ ਬਾਊਂਡਰੀ ਵਾਲ ਕਰਵਾਈ ਜਾਵੇ। ਨਿਯਮਿਤ ਸਾਫ਼-ਸਫ਼ਾਈ ਤੇ ਰੱਖ-ਰਖਾਅ ਦੇ ਪ੍ਰਬੰਧ ਕੀਤੇ ਜਾਣ। ਗ੍ਰਾਂਟ ਜਾਰੀ ਕਰਕੇ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਭਵਿੱਖ ’ਚ ਹੋਰ ਵੱਡੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਡੀ. ਸੀ. ਨੇ ਦਿਵਾਇਆ ਭਰੋਸਾ, ਜ਼ਰੂਰ ਹੋਵੇਗੀ ਕਾਰਵਾਈ
ਜ਼ਿਲ੍ਹਾ ਮੋਹਾਲੀ ਦੇ ਡੀ. ਸੀ. ਕੋਮਲ ਮਿੱਤਲ ਨੇ ਕਿਹਾ ਕਿ ਮੰਗਲਵਾਰ ਨੂੰ ਹੀ ਬੀ. ਡੀ. ਪੀ. ਓ. ਨੂੰ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਜੋ ਵੀ ਲੋੜੀਂਦੀ ਕਾਰਵਾਈ ਹੋਵੇਗੀ, ਉਹ ਹਰ ਹਾਲ ’ਚ ਅਮਲ ’ਚ ਲਿਆਂਦੀ ਜਾਵੇਗੀ।
ਅੰਤਿਮ ਸਸਕਾਰ ਸਿਰਫ਼ ਰਸਮ ਨਹੀਂ, ਸਗੋਂ ਸਨਮਾਨ ਦਾ ਮਾਮਲਾ
ਇਹ ਘਟਨਾ ਸਾਨੂੰ ਯਾਦ ਕਰਵਾਉਂਦੀ ਹੈ ਕਿ ਅੰਤਿਮ ਸਸਕਾਰ ਸਿਰਫ਼ ਰਸਮ ਨਹੀਂ, ਸਗੋਂ ਸਨਮਾਨ ਦਾ ਮਾਮਲਾ ਹੈ। ਇਕ ਵਿਅਕਤੀ ਨੂੰ ਜ਼ਿੰਦਗੀ ਦੇ ਅੰਤ ’ਚ ਵੀ ਉਹ ਸਨਮਾਨ ਮਿਲਣਾ ਚਾਹੀਦਾ ਹੈ, ਜੋ ਉਸ ਦੇ ਜੀਵਨ ਦੌਰਾਨ ਮਿਲਿਆ ਹੋਵੇ। ਕੀ ਅਸੀਂ ਆਪਣੇ ਸਮਾਜ ਨੂੰ ਇਸ ਤਰ੍ਹਾਂ ਦੇ ਦੁਖਾਂ ਤੋਂ ਬਚਾ ਸਕਾਂਗੇ? ਸਵਾਲ ਸਾਡੇ ਸਾਰਿਆਂ ਲਈ ਹੈ।
