ਹਥਿਆਰਾਂ ਦੀ ਸੌਦਾਗਰੀ ’ਚ ਫਸਿਆ ਸਬਜ਼ੀ ਮੰਡੀ ਦਾ ਸਾਬਕਾ ਪ੍ਰਧਾਨ, ਅੰਮ੍ਰਿਤਸਰ ਦੇ ਸਪਲਾਇਰ ਨੇ ਕੀਤਾ ਪਰਦਾਫਾਸ਼
Wednesday, Jan 28, 2026 - 09:45 AM (IST)
ਲੁਧਿਆਣਾ (ਰਾਜ) : ਮਹਾਨਗਰ ਦੀ ਪੁਲਸ ਨੇ ਨਾਜਾਇਜ਼ ਹਥਿਆਰਾਂ ਦੇ ਕਾਲੇ ਕਾਰੋਬਾਰ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਸਬਜ਼ੀ ਮੰਡੀ ਦੇ ਸਾਬਕਾ ਪ੍ਰਧਾਨ ਗੁਰਕਮਲ ਸਿੰਘ ਉਰਫ ਈਲੂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਗ੍ਰਿਫਤਾਰੀ ਕਿਸੇ ਫਿਲਮੀ ਸੀਨ ਤੋਂ ਘੱਟ ਨਹੀਂ ਸੀ ਜਿਥੇ ਇਕ ਅਪਰਾਧੀ ਦੀ ਨਿਸ਼ਾਨਦੇਹੀ ਨੇ ਸਫੇਦ ਪੋਸ਼ ਚਿਹਰੇ ਦੇ ਪਿੱਛੇ ਲੁਕੇ ਅਪਰਾਧ ਦੇ ਗਠਜੋੜ ਨੂੰ ਬੇਨਕਾਬ ਕਰ ਦਿੱਤਾ। ਥਾਣਾ ਡਵੀਜ਼ਨ ਨੰ.2 ਦੀ ਪੁਲਸ ਨੇ ਇਹ ਕਾਰਵਾਈ ਕੁਝ ਦਿਨ ਪਹਿਲਾਂ ਦਰਜ ਹੋਏ ਇਕ ਮਾਮਲੇ ਦੀਆਂ ਕੜੀਆਂ ਨੂੰ ਜੋੜਦੇ ਹੋਏ ਕੀਤੀ ਹੈ। ਫੜੇ ਗਏ ਮੁਲਜ਼ਮ ਈਲੂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ ਮਾਣਯੋਗ ਅਦਾਲਤ ਦੇ ਹੁਕਮਾਂ ’ਤੇ ਜੁਡੀਸ਼ੀਅਲ ਰਿਮਾਂਡ ’ਤੇ ਜੇਲ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਚਾਈਨਾ ਡੋਰ ਵਿਰੁੱਧ ਪਿੰਡਾਂ ਦਾ ਐਲਾਨ-ਏ-ਜੰਗ! ਪੰਚਾਇਤਾਂ ਵੱਲੋਂ ਮਤੇ ਪਾਸ, ਸਮਾਜਿਕ ਬਾਈਕਾਟ ਦਾ ਫ਼ੈਸਲਾ
ਇਸ ਪੂਰੇ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਬੀਤੇ ਦਿਨੀਂ 20 ਜਨਵਰੀ ਨੂੰ ਏ.ਐੱਸ.ਆਈ. ਸੁਖਦੇਵ ਸਿੰਘ ਦੀ ਪੁਲਸ ਟੀਮ ਨੇ ਜਨਕਪੁਰੀ ਇਲਾਕੇ ਵਿਚ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਜਾਲ ਵਿਛਾਇਆ ਸੀ। ਉਸ ਦੌਰਾਨ ਪੁਲਸ ਨੇ ਅੰਮ੍ਰਿਤਸਰ ਨਿਵਾਸੀ ਸੰਨੀ ਕੁਮਾਰ ਨੂੰ ਬਿਨਾਂ ਨੰਬਰ ਵਾਲੀ ਐਕਟਿਵਾ ਅਤੇ ਇਕ ਨਾਜਾਇਜ਼ ਪਿਸਤੌਲ ਸਮੇਤ ਦੋ ਕਾਰਤੂਸਾਂ ਦੇ ਨਾਲ ਦਬੋਚਿਆ ਸੀ। ਜਦੋਂ ਪੁਲਸ ਨੇ ਸੰਨੀ ਨੂੰ ਰਿਮਾਂਡ ’ਤੇ ਲੈ ਕੇ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਰੌਂਗਟੇ ਖੜ੍ਹੇ ਕਰਨ ਦੇਣ ਵਾਲੇ ਖੁਲਾਸੇ ਹੋਏ। ਸੰਨੀ ਨੇ ਕਬੂਲਿਆ ਕਿ ਉਹ ਨਾ ਕੇਵਲ ਖਤਰਨਾਕ ਗੈਂਗਸਟਰਾਂ ਨੂੰ ਪਨਾਹ ਦਿੰਦਾ ਹੈ, ਸਗੋਂ ਉਨ੍ਹਾਂ ਨੂੰ ਮਾਰੂ ਹਥਿਆਰ ਵੀ ਸਪਲਾਈ ਕਰਦਾ ਹੈ। ਉਸ ਨੇ ਪੁਲਸ ਦੇ ਸਾਹਮਣੇ ਰਹੱਸ ਉਗਲਿਆ ਕਿ ਬਰਾਮਦ ਕੀਤੀ ਗਈ ਨਾਜਾਇਜ਼ ਪਿਸਤੌਲ ਉਹ ਸਬਜ਼ੀ ਮੰਡੀ ਦੇ ਸਾਬਕਾ ਪ੍ਰਧਾਨ ਈਲੂ ਨੂੰ ਹੀ ਸਪਲਾਈ ਕਰਨ ਜਾ ਰਿਹਾ ਸੀ। ਜਿਵੇਂ ਹੀ ਸਪਲਾਇਰ ਨੇ ਈਲੂ ਦਾ ਨਾਂ ਲਿਆ, ਪੁਲਸ ਮਹਿਕਮੇ ਵਿਚ ਹਫੜਾ ਦਫੜੀ ਮਚ ਗਈ ਤੇ ਕੇਸ ਵਿਚ ਨਾਮਜਦ ਕਰ ਲਿਆ ਗਿਆ।
ਇਹ ਵੀ ਪੜ੍ਹੋ : ਵਿਆਹ ਦੇ 6 ਘੰਟੇ ਪਿੱਛੋਂ ਲਾੜਾ ਬਣ ਗਿਆ ਪਿਓ! ਸੁਹਾਗਰਾਤ ਨੂੰ ਬੁਲਾਉਣੀ ਪੈ ਗਈ ਮਹਿਲਾ ਡਾਕਟਰ, ਜਾਣੋ ਪੂਰਾ ਮਾਮਲਾ
ਐੱਸ.ਐੱਚ.ਓ. ਜਸਵੀਰ ਸਿੰਘ ਦਾ ਕਹਿਣਾ ਹੈ ਕਿ ਹਥਿਆਰ ਮੰਗਵਾਉਣ ਲਈ ਈਲੂ ਨੇ ਸੰਨੀ ਨੂੰ ਪੈਸੇ ਦਿੱਤੇ ਸਨ, ਜਦੋਂਕਿ ਸੂਤਰਾਂ ਦੀ ਮੰਨੀਏ ਤਾਂ ਈਲੂ ਵੀ ਨਾਜਾਇਜ਼ ਹਥਿਆਰਾਂ ਦੀ ਖਰੀਦੋ-ਫਰੋਖ਼ਤ ਦੇ ਨਾਜਾਇਜ਼ ਧੰਦੇ ਵਿਚ ਲੰਬੇ ਸਮੇਂ ਤੋਂ ਸ਼ਾਮਲ ਸੀ ਅਤੇ ਉਸ ’ਤੇ ਪਹਿਲਾਂ ਵੀ ਕਈ ਅਪਰਾਧਕ ਕੇਸ ਦਰਜ ਹਨ। ਪੁਲਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਤਫਤੀਸ਼ ਕਰ ਰਹੀ ਹੈ ਕਿ ਈਲੂ ਨੇ ਇਹ ਹਥਿਆਰ ਕਿਸ ਮਕਸਦ ਨਾਲ ਮੰਗਵਾਇਆ ਸੀ ਅਤੇ ਉਸ ਦੇ ਤਾਰ ਕਿਨ੍ਹਾਂ ਕਿਨ੍ਹਾਂ ਵੱਡੇ ਗੈਂਗਸਟਰਾਂ ਨਾਲ ਜੁੜੇ ਹੋਏ ਹਨ।
