ਲੁਧਿਆਣਾ 'ਚ ਜ਼ੋਰਦਾਰ ਧਮਾਕੇ ਦੇ ਨਾਲ ਅੱਗ ਦਾ ਗੋਲ਼ਾ ਬਣਿਆ ਟਰੱਕ!
Sunday, Jan 25, 2026 - 01:41 PM (IST)
ਲੁਧਿਆਣਾ (ਰਾਜ): ਮਹਾਨਗਰ ਦੇ ਸੁੰਦਰ ਨਗਰ ਸਥਿਤ ਘਾਟੀ ਮੁਹੱਲੇ ਵਿਚ ਐਤਵਾਰ ਸਵੇਰੇ ਉਸ ਵੇਲੇ ਦਹਿਸ਼ਤ ਫ਼ੈਲ ਗਈ, ਜਦੋਂ ਉੱਥੇ ਖੜ੍ਹੇ ਇਕ ਸੀ. ਐੱਨ. ਜੀ. ਟਰੱਕ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸਸੀ ਕਿ ਵੇਖਦੇ ਹੀ ਵੇਖਦੇ ਟਰੱਕ ਵਿਚ ਰੱਖਿਆ ਗੈਸ ਸਿਲੰਡਰ ਕਿਸੇ ਬੰਬ ਦੀ ਤਰ੍ਹਾਂ ਜ਼ੋਰਦਾਰ ਧਮਾਕੇ ਨਾਲ ਫੱਟ ਗਿਆ। ਇਸ ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਗਹਿਰੀ ਨੀਂਦੇ ਸੁੱਤੇ ਲੋਕ ਡਰ ਕੇ ਉੱਠ ਗਏ।
ਮੌਕੇ 'ਤੇ ਮੌਜੂਦ ਇਕ ਸਥਾਨਕ ਵਾਸੀ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਆਪਣੇ ਪਰਿਵਾਰ ਦੇ ਨਾਲ ਸੈਰ ਕਰ ਰਹੇ ਸਨ, ਉਦੋਂ ਹੀ ਉਨ੍ਹਾਂ ਨੇ ਸੜਕ ਕਿਨਾਰੇ ਖੜ੍ਹੇ ਟਰੱਕ ਤੋਂ ਅੱਗ ਦੀਆਂ ਉੱਚੀਆਂ ਲਪਟਾਂ ਉਠਦੀਆਂ ਵੇਖੀਆਂ। ਟਰੱਕ ਵਿਚ ਗੱਦੇ ਬਣਾਉਣ ਵਾਲੀ ਫੋਮ ਲੱਦੀ ਹੋਈ ਸੀ, ਜਿਸ ਨਾਲ ਅੱਗ ਭੜਕਦੀ ਗਈ ਤੇ ਕੁਝ ਹੀ ਪਲਾਂ ਵਿਚ ਭਿਆਨਕ ਰੂਪ ਧਾਰ ਗਈ। ਗਨੀਮਤ ਇਹ ਰਹੀ ਕਿ ਟਰੱਕ ਚਾਲਕ ਨੇ ਸਮੇਂ ਸਿਰ ਗੱਡੀ ਤੋਂ ਬਾਹਰ ਛਾਲ ਮਾਰ ਦਿੱਤੀ, ਜਿਸ ਨਾਲ ਇਕ ਵੱਡਾ ਜਾਨੀ ਨੁਕਸਾਨ ਹੋਣੋਂ ਟੱਲ ਗਿਆ। ਹਾਲਾਂਕਿ ਟਰੱਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹੈ।
ਫ਼ਾਇਰ ਸਟੇਸ਼ਨ ਸੁੰਦਰ ਨਗਰ ਦੇ ਅਧਿਕਾਰੀਆਂ ਮੁਤਾਬਕ ਕੰਟਰੋਲ ਰੂਮ ਵਿਚ ਸਵੇਰੇ ਟਰੱਕ ਵਿਚ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਸੀ। ਫ਼ੋਮ ਦੀ ਵਜ੍ਹਾ ਨਾਲ ਅੱਗ ਦੀ ਤੀਬਰਤਾ ਬਹੁਤ ਜ਼ਿਆਦਾ ਸੀ, ਜਿਸ ਨੂੰ ਵੇਖਦਿਆਂ ਤੁਰੰਤ ਇਕ ਤੋਂ ਬਾਅਦ ਇਕ ਦੋ ਫ਼ਾਇਰ ਟੈਂਡਰ ਮੌਕੇ 'ਤੇ ਰਵਾਨਾ ਕੀਤੇ ਗਏ। ਫ਼ਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
