ਪਿੰਡ ਮੂਸੇ ਵਾਲਾ ਵਿਚ ਪੈ ਗਿਆ ਭੜਥੂ, ਚੱਲੇ ਤੇਜ਼ਧਾਰ ਹਥਿਆਰ
Friday, Jan 23, 2026 - 03:23 PM (IST)
ਮੋਗਾ (ਕਸ਼ਿਸ਼) : ਵੋਟਾਂ ਦੀ ਪੁਰਾਣੀ ਰੰਜਿਸ਼ ਨੂੰ ਲੈ ਕੇ ਮੋਗਾ ਦੇ ਪਿੰਡ ਮੂਸੇ ਵਾਲਾ ਵਿਚ ਘਰ 'ਚ ਦਾਖਲ ਹੋ ਕੇ 10 ਤੋਂ 12 ਅਣਪਛਾਤੇ ਹਥਿਆਰਾਂ ਨਾਲ ਲੈਸ ਵਿਅਕਤੀਆਂ ਨੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਅਤੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਗੰਭੀਰ ਹਾਲਤ ਵਿਚ ਜ਼ਖਮੀ ਸੁਰਜੀਤ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਵਿਅਕਤੀ ਸੁਰਜੀਤ ਸਿੰਘ ਦੇ ਬੇਟੇ ਗੁਰਨੂਰ ਸਿੰਘ ਨੇ ਦੱਸਿਆ ਮੇਰੇ ਪਿਤਾ ਘਰ ਵਿਚ ਸੀ ਅਤੇ ਗੱਡੀ 'ਤੇ ਸਵਾਰ ਹੋ ਕੇ ਕੁਝ ਵਿਅਕਤੀ ਆਏ ਜਿਨਾਂ ਵਿਚ ਦੋ ਵਿਅਕਤੀ ਸਾਡੇ ਪਿੰਡ ਦੇ ਵੀ ਸਨ ਜਿਨ੍ਹਾਂ ਨੇ ਮੇਰੀ ਡੈਡੀ ਨੂੰ ਆਵਾਜ਼ ਮਾਰ ਕੇ ਬਾਹਰ ਬੁਲਾਇਆ ਅਤੇ ਬਾਅਦ ਵਿਚ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਰਪੰਚੀ ਚੋਣਾਂ ਨੂੰ ਲੈ ਕੇ ਚੱਲਦੀ ਰੰਜਿਸ਼ ਕਾਰਣ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਬੰਦੇ ਬੁਲਾ ਕੇ ਮੇਰੇ ਪਿਤਾ ਦੀ ਕੁੱਟਮਾਰ ਕੀਤੀ ਹੈ।
ਜ਼ਖਮੀ ਵਿਅਕਤੀ ਦੇ ਰਿਸ਼ਤੇਦਾਰ ਸੁੱਖ ਤੋਤੇਵਾਲ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਨੇ ਕਿਹਾ ਕਿ ਵੋਟਾਂ ਦੀ ਪੁਰਾਣੀ ਰੰਜਿਸ਼ ਨੂੰ ਲੈ ਕੇ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਕੁਝ ਅਣਪਛਾਤੇ ਬੰਦਿਆਂ ਵਿਅਕਤੀਆਂ ਦੇ ਨਾਲ ਦੋ ਗੱਡੀਆਂ ਤੇ ਸਵਾਰ ਹੋ ਕੇ ਘਰ ਵਿਚ ਆਏ ਜਿੱਥੇ ਉਨ੍ਹਾਂ ਨੇ ਮੇਰੇ ਮਾਮੇ ਦੇ ਲੜਕੇ ਨੂੰ ਬੁਰੀ ਤਰ੍ਹਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਅਤੇ ਜਿਸ ਨੂੰ ਜ਼ਖਮੀ ਹਾਲਤ ਵਿਚ ਅਸੀਂ ਪਹਿਲਾਂ ਸਿਵਲ ਹਸਪਤਾਲ ਕੋਟ ਈਸੇ ਖਾਂ ਵਿਚ ਭਰਤੀ ਕਰਵਾਇਆ ਜਿੱਥੇ ਡਾਕਟਰਾਂ ਨੇ ਨਾਜ਼ੁਕ ਹਾਲਤ ਨੂੰ ਦੇਖਦਿਆਂ ਮੋਗਾ ਦੇ ਸਿਵਲ ਹਸਪਤਾਲ ਵਿਚ ਰੈਫਰ ਕਰ ਦਿੱਤਾ। ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰਿਕ ਮੈਂਬਰ ਦੇ ਸਿਰ ਵਿਚ ਤੇਜ਼ਧਾਰ ਕਿਰਪਾਨਾਂ ਦੇ ਨਾਲ ਵਾਰ ਕੀਤੇ ਗਏ ਹਨ। ਪੀੜਤ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਨੇ ਜ਼ਿਲਾ ਪੁਲਸ ਮੁਖੀ ਨੂੰ ਅਪੀਲ ਕੀਤੀ ਪੀੜਤ ਨੂੰ ਇਨਸਾਫ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਡੇ ਕੋਲ ਹੈ ਅਤੇ ਉਸ ਵਿਚ ਸ਼ਰੇਆਮ ਦਿਖ ਰਿਹਾ ਹੈ ਕਿਸ ਤਰ੍ਹਾਂ ਕਿਰਪਾਨਾਂ ਦੇ ਨਾਲ ਵਾਰ ਕਰ ਰਹੇ ਹਨ ਅਤੇ ਰਿਵਾਲਵਰ ਦਿਖਾਉਂਦੇ ਵੀਡੀਓ ਵਿਚ ਸ਼ਰੇਆਮ ਦਿਖ ਰਹੇ ਹਨ।
