ਟਰਾਂਸਫਾਰਮਰ ਨੂੰ ਅੱਗ ਲੱਗਣ ''ਤੇ ਬਾਜ਼ਾਰ ''ਚ ਬਣਿਆ ਦਹਿਸ਼ਤ ਦਾ ਮਾਹੌਲ

06/28/2017 2:20:04 PM


ਮਲੋਟ(ਜੁਨੇਜਾ)-ਡਾਕਖਾਨੇ ਦੇ ਪਿਛਲੇ ਪਾਸੇ ਭਰੇ ਬਾਜ਼ਾਰ 'ਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ, ਜਦ ਉਥੇ ਇਕ ਖੰਭੇ 'ਤੇ ਲੱਗੇ ਟਰਾਂਸਫਾਰਮਰ 'ਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਅੱਗ ਦੀ ਖਬਰ ਸੁਣਦਿਆਂ ਹੀ ਆਸ-ਪਾਸ ਦੇ ਦੁਕਾਨਦਾਰ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਇਸ ਦੀ ਸੂਚਨਾ ਪਹਿਲਾਂ ਬਿਜਲੀ ਘਰ 'ਚ ਦਿੱਤੀ ਗਈ। ਉਡੀਕ ਕਰਨ ਤੋਂ ਬਾਅਦ ਜਦ ਕੋਈ ਬਿਜਲੀ ਕਰਮਚਾਰੀ ਉਥੇ ਨਾ ਆਇਆ ਤਾਂ ਇਸ ਦੀ ਸੂਚਨਾ ਅੱਗ ਬੁਝਾਊ ਅਮਲੇ ਨੂੰ ਦਿੱਤੀ ਗਈ ਅਤੇ ਦੁਕਾਨਦਾਰ ਖੁਦ ਵੀ ਇਸ ਅੱਗ ਦੀਆਂ ਲਪਟਾਂ ਰੋਕਣ ਲਈ ਮਿੱਟੀ ਸੁੱਟਣ ਲੱਗੇ। ਇਧਰ ਕੁਝ ਹੀ ਸਮੇਂ 'ਚ ਸੀਨੀਅਰ ਫ਼ਾਇਰ ਅਫ਼ਸਰ ਬਲਦੇਵ ਸਿੰਘ ਦੀ ਅਗਵਾਈ 'ਚ ਅੱਗ ਬੁਝਾਊ ਅਮਲੇ ਦੀ ਗੱਡੀ ਵੀ ਪਹੁੰਚ ਗਈ। ਵਾਰ-ਵਾਰ ਫ਼ੋਨ ਕਰਨ ਅਤੇ ਕਾਫ਼ੀ ਸਮਾਂ ਬੀਤਣ ਤੋਂ ਬਾਅਦ ਵੀ ਜਦ ਬਿਜਲੀ ਕਰਮਚਾਰੀ ਨਾ ਆਏ ਤਾਂ ਅੱਗ ਬੁਝਾਊ ਅਮਲੇ ਦੇ ਕਰਮਚਾਰੀਆਂ ਨੇ ਛੋਟੇ ਅੱਗ ਬੁਝਾਊ ਯੰਤਰਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋਏ ਤਾਂ ਕਰਮਚਾਰੀਆਂ ਨੇ ਟਰਾਂਸਫ਼ਾਰਮਰ ਦੇ ਕੋਲੋਂ ਬਿਜਲੀ ਸਪਲਾਈ ਬਿਜਲੀ ਬੰਦ ਕਰ ਕੇ ਪਾਣੀ ਦੀਆਂ ਬੋਛਾਰਾਂ ਨਾਲ ਅੱਗ 'ਤੇ ਕਾਬੂ ਪਾਇਆ। ਇਸ ਮੌਕੇ ਫ਼ਾਇਰਮੈਨ ਲਛਮਣ ਸਿੰਘ, ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ, ਮਮਜੋਧ ਸਿੰਘ, ਡਰਾਈਵਰ ਸੁਚਰਨ ਸਿੰਘ ਆਦਿ ਹਾਜ਼ਰ ਸਨ। ਪਤਾ ਲੱਗਾ ਹੈ ਕਿ ਪਾਵਰਕਾਮ ਵੱਲੋਂ ਫੋਨ 'ਤੇ ਕਾਰਵਾਈ ਨਾ ਕਰਨ ਪਿੱਛੋਂ ਕੁਝ ਕਰਮਚਾਰੀਆਂ ਨੇ ਨਿੱਜੀ ਪਹੁੰਚ ਕਰ ਕੇ ਬਿਜਲੀ ਬੰਦ ਕਰਾਈ ਪਰ ਸ਼ਹਿਰ ਵਾਸੀਆਂ 'ਚ ਰੋਸ ਹੈ ਕਿ ਐਮਰਜੈਂਸੀ ਦੇ ਹਾਲਾਤ 'ਚ ਬਿਜਲੀ ਬੋਰਡ ਅਧਿਕਾਰੀ ਨੇ ਮੌਕੇ 'ਤੇ ਪੁੱਜਣਾ ਤਾਂ ਦੂਰ ਸਗੋਂ ਬਿਜਲੀ ਬੰਦ ਕਰਨ ਦੀ ਵੀ ਜਹਿਮਤ ਨਹੀਂ ਉਠਾਈ।  


Related News