ਖੇਤ ''ਚ ਪਈ ਤੂੜੀ ਨੂੰ ਲੱਗੀ ਅੱਗ, 2 ਕਿਸਾਨਾਂ ਦਾ ਹਜ਼ਾਰਾਂ ਦਾ ਨੁਕਸਾਨ

05/06/2024 1:41:22 PM

ਭਵਾਨੀਗੜ੍ਹ (ਕਾਂਸਲ) : ਨੇੜਲੇ ਪਿੰਡ ਘਾਰਚੋਂ ਵਿਖੇ ਇਕ ਖੇਤ ’ਚ ਅਚਾਨਕ ਅੱਗ ਲੱਗ ਜਾਣ ਕਾਰਨ 2 ਕਿਸਾਨਾਂ ਦੀਆਂ 30 ਤੋਂ 32 ਟਰਾਲੀਆਂ ਤੂੜੀ ਅੱਗ ਦੀ ਭੇਂਟ ਚੜ੍ਹ ਗਈਆਂ। ਇਸ ਹਾਦਸੇ ਕਾਰਨ ਦੋਹਾਂ ਕਿਸਾਨਾਂ ਦਾ 60 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਘਰਾਚੋਂ ਦੇ 2 ਕਿਸਾਨਾਂ ਖੁਸ਼ਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਸੁਖਦੇਵ ਸਿੰਘ ਪੁੱਤਰ ਭਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਖੇਤ ’ਚ ਸਾਂਝੇ ਤੌਰ ’ਤੇ 38 ਟਰਾਲੀਆਂ ਦੇ ਕਰੀਬ ਤੂੜੀ ਦਾ ਢੇਰ ਕੁੱਪ ਬਣਾਉਣ ਲਈ ਰੱਖਿਆ ਹੋਇਆ ਸੀ।

ਬੀਤੇ ਐਤਵਾਰ ਨੂੰ ਸਵੇਰ ਦੇ ਕਰੀਬ 10 ਵਜੇ ਉਨ੍ਹਾਂ ਦੇ ਖੇਤ ’ਚ ਅਚਾਨਕ ਅੱਗ ਲੱਗ ਗਈ ਅਤੇ ਅੱਗ ਦੀ ਇਸ ਘਟਨਾ ’ਚ ਉਨ੍ਹਾਂ ਦੀਆਂ 30 ਤੋਂ 32 ਟਰਾਲੀਆਂ ਤੂੜੀ ਅੱਗ ਦੀ ਭੇਂਟ ਚੜ੍ਹ ਗਈਆਂ, ਜਿਸ ਕਾਰਨ ਉਨ੍ਹਾਂ ਦਾ 60 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਕਿਸਾਨਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੇ ਖੇਤਾਂ ‘ਚੋਂ ਧੂੰਆਂ ਉੱਡਦਾ ਦੇਖਿਆ ਤਾਂ ਉਨ੍ਹਾਂ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਅਤੇ ਪਿੰਡ ’ਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ।

ਇਸ ਕਾਰਨ ਹੋਰ ਕਿਸਾਨ ਅੱਗ ਬਝਾਉਣ ਲਈ ਆਪੋ-ਆਪਣੇ ਟਰੈਕਟਰਾਂ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ  ਮੌਕੇ ’ਤੇ ਪਹੁੰਚੀ। ਉਨ੍ਹਾਂ ਵੱਲੋਂ ਕਾਫੀ ਦੇਰ ਦੀ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਖੇਤ ’ਚੋਂ ਲੰਘਦੀ ਖੇਤੀ ਸੈਕਟਰ ਵਾਲੀ ਬਿਜਲੀ ਸਪਲਾਈ ਵਾਲੀ ਲਾਈਨ ਦੀਆਂ ਤਾਰਾਂ ਬਹੁਤ ਢਿੱਲੀਆਂ ਅਤੇ ਨੀਵੀਆਂ ਹਨ ਅਤੇ ਸਵੇਰ ਦੇ ਸਮੇਂ ਉਕਤ ਲਾਈਨ ਤੋਂ ਬਿਜਲੀ ਦੀ ਸਪਲਾਈ ਜਾਰੀ ਸੀ। ਹਵਾ ਚੱਲਣ ਕਾਰਨ ਤਾਰਾਂ ਦੇ ਕਥਿਤ ਤੌਰ ’ਤੇ ਆਪਸ ’ਚ ਟਕਰਾਉਣ ਕਾਰਨ ਨਿਕਲੀਆਂ ਚੰਗਿਆੜੀਆਂ ਕਾਰਨ ਉਨ੍ਹਾਂ ਦੀ ਤੂੜੀ ਨੂੰ ਅੱਗ ਲੱਗ ਗਈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅੱਗ ਦੀ ਇਸ ਘਟਨਾ ’ਚ ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।
 


Babita

Content Editor

Related News