ਬਿਜਲੀ ਦੀਆਂ ਤਾਰਾਂ ਚੋਰੀ ਕਰਨ ਆਏ ਚੋਰ ਆਪਣੇ ਮੋਟਰਸਾਇਕਲ ਛੱਡ ਕੇ ਹੋਏ ਫਰਾਰ

11/29/2021 3:40:47 AM

ਫ਼ਿਰੋਜ਼ਪੁਰ(ਹਹਰਚਰਨ ਸਿੰਘ ਸ਼ਾਮਾ,ਬਿੱਟੂ ਝੋਕ ਹਰੀ ਹਰ)- ਇਲਾਕੇ ਅੰਦਰ ਨਸ਼ੇ ਅਤੇ ਚੋਰੀਆਂ ਦਾ ਸਿਲਸਿਲਾ ਦਿਨ-ਬ- ਦਿਨ ਵਧਦਾ ਜਾ ਰਿਹਾ ਹੈ ਅਤੇ ਪੁਲਸ ਚੋਰਾਂ ਨੂੰ ਫੜਣ 'ਚ ਅਸਫਲ ਰਹੀ ਹੈ। ਦਸਣਯੋਗ ਹੈ ਕਿ ਜਿਥੇ ਪਿੰਡ ਨੂਰਪੁਰ ਸੇਠਾਂ ਸੱਭਿਆਚਾਰਕ ਮੇਲੇ ਅਤੇ ਸਮਾਜ ਸੇਵਾ ਦੇ ਕੰਮਾ ਵਿਚ ਇਲਾਕੇ ਅੰਦਰ ਵੱਖਰੀ ਪਹਿਚਾਣ ਬਣਾ ਰਿਹਾ ਹੈ ਉਥੇ ਹੀ ਭੈੜੇ ਅੰਸ਼ਰਾ ਨੂੰ ਨੱਥ ਪਾਉਣ ਵਿਚ ਪਹਿਲੀ ਕਤਾਰ ਵਿਚ ਖੜਾ ਵੀ ਦਿਖਾਈ ਦੇ ਰਿਹਾ ਹੈ। ਇਨ੍ਹਾਂ ਪਿੰਡ ਵਾਸੀਆਂ ਵੱਲੋ ਤਾਰਾਂ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ।  ਇਸੇ ਤਰ੍ਹਾ ਪਿਛਲੇ ਕਈ ਦਿਨਾਂ ਤੋਂ ਬਿਜਲੀ ਬੋਰਡ ਦੇ 66 ਕੇ ਵੀ ਖੰਭਿਆਂ ਤੋਂ ਤਾਰਾਂ ਚੋਰੀ ਹੋਣ ਬਾਰੇ ਪੁਲਸ ਵਿਭਾਗ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਸੂਚਿਤ ਕੀਤਾ ਗਿਆ ਸੀ।  ਇਸ 'ਤੇ ਕਾਰਵਾਈ ਕਰਦਿਆਂ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਥਾਣਾ ਕੁਲਗੜ੍ਹੀ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਪਰ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਜਦੋਂ ਸਬੰਧਤ ਏ. ਐੱਸ. ਆਈ. ਮੁਖਤਿਆਰ ਸਿੰਘ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕੀ ਇਸ ਸੰਬੰਧੀ ਦਰਖਾਸਤ ਆਈ ਹੈ ਪਰ ਵਿਭਾਗ ਨੇ ਅਜੇ ਤੱਕ ਮੌਕਾ ਏ ਵਾਰਦਾਤ ਵਾਲੀ ਜਗ੍ਹਾ ਦਾ ਜਾਇਜ਼ਾ ਨਹੀਂ ਕਰਵਾਇਆ। ਇਨ੍ਹਾਂ ਕਾਰਨਾਂ ਕਰਕੇ ਇਹ ਮਸਲਾ ਪਿਛਲੇ ਦਿਨਾਂ ਤੋਂ ਠੰਢੇ ਬਸਤੇ ਵਿੱਚ ਪਿਆ ਹੋਇਆ ਸੀ ।
 ਕਰੀਬ 10 ਦਿਨਾਂ ਤੋਂ ਲਗਾਤਾਰ ਵਾਪਰ ਰਹੀਆਂ ਬਿਜਲੀ ਦੀਆਂ ਤਾਰਾਂ ਚੋਰੀ ਦੀਆਂ ਘਟਨਾਵਾਂ ਵਿੱਚ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਪਿੰਡ ਨੂਰ ਪੁਰ ਸੇਝਾ ਦੇ ਵਾਸੀਆਂ ਨੇ ਠੀਕਰੀ ਪਹਿਰਾ ਲਗਾ ਕੇ ਤਾਰਾਂ ਚੋਰੀ ਕਰਨ ਵਾਲਿਆਂ ਦੀ ਭਾਲ ਸ਼ੁਰੂ ਕੀਤੀ। ਬੀਤੀ ਰਾਤ ਕਰੀਬ ਸਾਢੇ 12 ਵਜੇ ਬਿਜਲੀ ਦੀ ਸਪਲਾਈ ਅਚਾਨਕ ਬੰਦ ਹੋਈ ਤੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਇਸ ਤਹਿਤ ਪਿੰਡ ਨੂਰਪੁਰ ਸੇਠਾਂ ਦੇ ਨਾਲ ਲੱਗਦੇ ਰਕਬੇ ਵਾਲੀ ਖੰਭਿਆਂ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਹੋਣ ਦੀ ਕਾਰਵਾਈ ਸ਼ੁਰੂ ਹੋ ਗਈ, ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਘਟਨਾ ਵਾਲੀ ਸਥਾਨ 'ਤੇ ਘੇਰਾ ਪਾ ਲਿਆ ਇਸ ਦੌਰਾਨ ਚੋਰਾਂ ਵੱਲੋਂ  ਚੋਰੀ ਕੀਤੀਆਂ ਹੋਈਆਂ ਤਾਰਾਂ ਦੇ ਬੰਡਲ ਬੰਨ੍ਹ ਕੇ ਰੱਖੇ ਹੋਏ ਸਨ ਅਤੇ ਹੋਰ ਤਾਰਾਂ ਕੱਟਣ ਵਿੱਚ ਚੋਰ ਰੁੱਝੇ ਹੋਏ ਸਨ । ਜਦੋਂ ਚੋਰਾਂ ਨੂੰ ਪਿੰਡ ਵਾਸੀਆਂ ਦੇ ਅਚਾਨਕ ਆਉਣ ਦੀ ਭਿਣਕ ਪਈ ਤਾਂ ਚੋਰ ਬੰਡਲ ਬੰਨ੍ਹੀਆਂ ਹੋਈਆਂ ਤਾਰਾਂ ਅਤੇ ਆਪਣੇ ਮੋਟਰ ਸਾਈਕਲ ਛੱਡ ਕੇ ਮੌਕਾ ਏ ਵਾਰਦਾਤ ਤੋਂ ਫਰਾਰ ਹੋਣ ਵਿਚ ਸਫਲ ਹੋ ਗਏ।  ਮੌਕੇ ਤੇ ਪਿੰਡ ਦੇ ਸਰਪੰਚ ਅਤੇ ਪਤਵੰਤਿਆਂ ਵੱਲੋਂ ਪੁਲਸ ਨੂੰ ਫੋਨ ਤੇ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ ਅਤੇ ਨਾਲ ਹੀ 66 ਕੇਵੀ ਲਾਈਨ ਦੇ ਪ੍ਰਬੰਧਕ ਐੱਸ.ਡੀ.ਓ. ਅਤੇ ਜੇ. ਈ. ਨੂੰ ਵੀ ਫੋਨ 'ਤੇ ਘਟਨਾ ਬਾਰੇ ਜਾਣਕਾਰੀ ਦਿੱਤੀ। ਪੁਲਸ ਜਾਂ ਬਿਜਲੀ ਮਹਿਕਮੇ ਦਾ ਕੋਈ ਵੀ ਅਧਿਕਾਰੀ ਰਾਤ ਸਮੇਂ ਇਸ ਘਟਨਾ ਦਾ ਜਾਇਜ਼ਾ ਲੈਣ ਲਈ ਨਾ ਪੁੱਜਿਆ। ਜਿਸ ਕਰਕੇ ਪਿੰਡ ਵਾਸੀਆਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ । 
ਅਗਲੇ ਦਿਨ ਕਰੀਬ ਇੱਕ ਵਜੇ ਬਿਜਲੀ ਬੋਰਡ ਦੀ ਟੀਮ ਥਾਣਾ ਕੁਲਗੜ੍ਹੀ ਦੀ ਟੀਮ ਨਾਲ ਪਿੰਡ ਨੂਰਪੁਰ ਸੇਠਾਂ ਵਿਖੇ ਪਹੁੰਚੇ । ਇਸ ਦੌਰਾਨ ਉਨ੍ਹਾਂ ਨੇ ਚੋਰਾਂ ਵੱਲੋਂ ਸੜਕ ਤੇ ਖਿਲਰੀਆਂ ਹੋਈਆਂ ਤਾਰਾਂ ਅਤੇ ਬੰਡਲ ਆਦਿ ਨੂੰ ਇਕੱਠੇ ਕਰਵਾਏ ਅਤੇ  ਵਾਸੀਆਂ ਨੇ ਮੌਕੇ ਤੇ ਚੋਰਾਂ ਦੇ ਕਾਬੂ ਕੀਤੇ ਤਿੰਨ ਮੋਟਰਸਾਈਕਲ ਅਤੇ ਕੁਝ ਕੱਪੜੇ ਕਬਜ਼ੇ ਵਿੱਚ ਲੈ ਲਏ। ਇਸ ਦੌਰਾਨ ਪਿੰਡ ਦੇ ਸਰਪੰਚ ਗੁਰਮੇਜ ਸਿੰਘ ਨੇ ਦੱਸਿਆ ਕਿ ਇਕ ਮੋਟਰਸਾਈਕਲ ਵਿੱਚ ਕਾਗਜਾਤ ਦੇ ਨਾਲ ਜੱਜ ਪੁੱਤਰ ਕਾਲਾ ਵਾਸੀ ਪਿੰਡ ਫੱਤੂਵਾਲਾ ਦਾ ਆਧਾਰ ਕਾਰਡ ਵੀ ਮਿਲਿਆ ਹੈ। ਇਨਾਂ ਕੁੱਝ ਮਿਲਣ ਤੋਂ ਬਾਅਦ ਪੁਲਸ ਕਈ ਕਾਰਵਾਈ ਕਰਦੀ ਹੈ ਆਉਣ ਵਾਲਾ ਸਮਾਂ ਹੀ ਦੱਸੇਗਾ। ਪਿੰਡ ਵਾਸੀਆਂ ਦੀ ਹਿੰਮਤ ਨਾਲ ਕਈ ਦਿਨਾਂ ਤੋਂ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪੈਣ ਦੀ ਸੰਭਾਵਨਾ ਹੈ ਉਥੇ ਪੁਲਸ ਅਤੇ  ਪਾਵਰ ਕਾਰਪੋਰੇਸ਼ਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਲਾਕਾ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰੀ ਦੀਆਂ ਘਟਨਾਵਾਂ ਤੇ ਕਾਬੂ ਪਾਇਆ ਜਾਵੇ ਅਤੇ ਇਲਾਕੇ ਵਿੱਚ ਫੈਲੇ ਨਸ਼ੇ ਨੂੰ ਖਤਮ ਕਰਨ  ਪੁਲੀਸ ਆਪਣਾ ਯੋਗਦਾਨ ਪਾਵੇ।


Bharat Thapa

Content Editor

Related News