ਚੋਰਾਂ ਨੇ ਟਾਇਰਾਂ ਦੇ ਸ਼ੋਅਰੂਮ ਨੂੰ ਜੀਪ ਮਾਰ ਕੇ ਭੰਨਿਆ
Saturday, Mar 31, 2018 - 06:32 AM (IST)

ਤਰਨਤਾਰਨ, (ਰਾਜੂ)- ਸਥਾਨਕ ਸਰਹਾਲੀ ਰੋਡ 'ਤੇ ਸਥਿਤ ਟਾਇਰਾਂ ਦੇ ਸ਼ੋਅਰੂਮ ਅਤੇ ਸਥਾਨਕ ਝਬਾਲ ਰੋਡ 'ਤੇ ਮੋਟਰਸਾਈਕਲ ਏਜੰਸੀ ਦੇ ਸ਼ਟਰਾਂ ਨੂੰ ਜੀਪ ਮਾਰ ਕੇ ਤੋੜਣ ਤੇ ਟਾਇਰਾਂ ਦੇ ਸ਼ੋਅਰੂਮ 'ਚੋਂ ਅਣਪਛਾਤੇ ਚੋਰਾਂ ਵੱਲੋਂ ਲੱਖਾਂ ਦੇ ਟਾਇਰ ਚੋਰੀ ਕਰਨ ਦਾ ਸਮਾਚਾਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਝਬਾਲ ਰੋਡ 'ਤੇ ਹੀਰੋ ਮੋਟਰਸਾਈਕਲ ਸ਼ੋਅਰੂਮ ਦੇ ਮਾਲਕ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਆਪਣਾ ਸ਼ੋਅਰੂਮ ਬੰਦ ਕਰ ਕੇ ਗਏ ਸਨ। ਦੇਰ ਰਾਤ 2 ਵਜੇ ਤੋਂ ਬਾਅਦ ਚੌਕੀਦਾਰਾਂ ਦਾ ਫੋਨ ਆਇਆ ਕਿ ਚੋਰਾਂ ਨੇ ਜੀਪ ਮਾਰ ਕੇ ਸ਼ੋਅਰੂਮ ਦੇ ਸ਼ਟਰ ਅਤੇ ਸ਼ੀਸ਼ੇ ਤੋੜ ਦਿੱਤੇ ਹਨ ਪਰ ਸਾਡੇ ਵੱਲੋਂ ਰੌਲਾ ਪਾਉਣ 'ਤੇ ਚੋਰ ਫਰਾਰ ਹੋ ਗਏ।
ਇਸ ਦੌਰਾਨ ਇਹ ਚੋਰ ਬਾਅਦ 'ਚ ਸਥਾਨਕ ਸਰਹਾਲੀ ਰੋਡ 'ਤੇ ਐੱਮ. ਆਰ. ਐੱਫ. ਟਾਇਰ ਸ਼ੋਅਰੂਮ 'ਤੇ ਗਏ। ਉਥੇ ਜੀਪ ਮਾਰ ਕੇ ਸ਼ੋਅਰੂਮ ਦਾ ਸ਼ਟਰ ਤੋੜ ਕੇ ਅੰਦਰੋਂ ਨਵੇਂ ਟਾਇਰ ਚੋਰੀ ਕਰ ਕੇ ਜੀਪ 'ਚ ਲੱਦ ਕੇ ਫਰਾਰ ਹੋ ਗਏ। ਚੋਰੀ ਕਰਨ ਸਮੇਂ ਚੋਰ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਏ। ਗੌਰਤਲਬ ਹੈ ਕਿ ਪੁਲਸ ਵੱਲੋਂ ਰਾਤ ਵੇਲੇ ਜਗ੍ਹਾ-ਜਗ੍ਹਾ 'ਤੇ ਨਾਕਾਬੰਦੀ ਕੀਤੀ ਹੋਈ ਹੈ। ਫਿਰ ਵੀ ਚੋਰ ਬੇਪ੍ਰਵਾਹ ਹੋ ਕੇ ਸ਼ੋਅਰੂਮ ਲੁੱਟਣ 'ਚ ਕਾਮਯਾਬ ਹੋ ਗਏ।