ਪੁਲਸ ਰਿਮਾਂਡ ’ਤੇ ਲਿਆਂਦਾ ਦੋਸ਼ੀ ਤਫਤੀਸ਼ੀ ਪੁਲਸ ਅਧਿਕਾਰੀ ਨੂੰ ਧੱਕਾ ਮਾਰ ਥਾਣੇ ਦੀ ਕੰਧ ਟੱਪ ਕੇ ਫਰਾਰ
Friday, Jul 11, 2025 - 08:53 PM (IST)

ਫ਼ਰੀਦਕੋਟ (ਰਾਜਨ)- ਸਥਾਨਕ ਥਾਣਾ ਸਿਟੀ-2 ਵਿਖੇ ਦੋ ਦੋਸ਼ੀਆਂ, ਜੋ ਪੁਲਸ ਰਿਮਾਂਡ ’ਤੇ ਚੱਲ ਰਹੇ ਸਨ, ਵਿਚੋਂ ਇਕ ਪੁੱਛ-ਗਿੱਛ ਕਰਦੇ ਸਮੇਂ ਤਫਤੀਸ਼ੀ ਪੁਲਸ ਅਧਿਕਾਰੀ ਨੂੰ ਧੱਕਾ ਮਾਰ, ਹੇਠਾਂ ਸੁੱਟ ਕੇ ਥਾਣੇ ਦੀ ਕੰਧ ਟੱਪ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਜਿਸ ’ਤੇ ਪੁਲਸ ਵੱਲੋਂ ਫਰਾਰ ਹੋਏ ਦੋਸ਼ੀ ਖਿਲਾਫ ਇੱਕ ਹੋਰ ਮੁਕੱਦਮਾ ਦਰਜ ਕਰ ਲਿਆ ਹੈ।
ਪ੍ਰਾਪਤ ਵੇਰਵੇ ਅਨੁਸਾਰ ਲਾਗਲੇ ਪਿੰਡ ਪੁਰਾਣੀ ਪਿਪਲੀ ਨਿਵਾਸੀ ਮਾਈਕਲ ਪੁੱਤਰ ਬੂਟਾ ਸਿੰਘ ਅਤੇ ਰਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਨੂੰ ਬੀਤੀ 7 ਜੁਲਾਈ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਸੂਰਤ ਵਿੱਚ ਮੁਕੱਦਮਾ ਨੰਬਰ 298 ਦਰਜ ਕੀਤਾ ਸੀ। ਥਾਣੇ ਵਿੱਚ ਪੁੱਛ-ਗਿੱਛ ਕਰਦੇ ਸਮੇਂ ਜਦ ਦੋਸ਼ੀ ਮਾਈਕਲ ਨੇ ਪਿਸ਼ਾਬ ਜਾਣ ਲਈ ਆਖਿਆ ਤਾਂ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਉਸਨੂੰ ਵਾਸ਼ਰੂਮ ਵੱਲ ਲਿਜਾਣ ਲੱਗਾ ਤਾਂ ਦੋਸ਼ੀ ਮਾਈਕਲ ਨੇ ਸਹਾਇਕ ਥਾਣੇਦਾਰ ਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਤੇ ਆਪ ਥਾਣੇ ਦੀ ਕੰਧ ਟੱਪ ਕੇ ਫਰਾਰ ਹੋ ਗਿਆ। ਇਸ ਘਟਨਾਂ ’ਤੇ ਥਾਣਾ ਸਿਟੀ-2 ਦੇ ਹੌਲਦਾਰ ਪ੍ਰਕਾਸ਼ ਸਿੰਘ ਮੁੱਖ ਮੁਨਸ਼ੀ ਵੱਲੋਂ ਦੋਸ਼ੀ ਮਾਈਕਲ ਵਿਰੁੱਧ ਇੱਕ ਹੋਰ ਵੱਖਰਾ ਮੁਕੱਦਮਾ ਦਰਜ ਕਰ ਲਿਆ ਹੈ।
ਥਾਣਾ ਸਿਟੀ-2 ਮੁਖੀ ਸੁਖਦਰਸ਼ਨ ਸ਼ਰਮਾ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਉਕਤ ਦੋਨਾਂ ਦੋਸ਼ੀਆਂ ਨੂੰ ਚੋਰੀਆਂ ਅਤੇ ਲੁੱਟਾਂ ਖੋਹਾਂ ਕਰਨ ਦੇ ਆਦੀ ਹੋਣ ਦੇ ਦੋਸ਼ ਤਹਿਤ ਪਿੰਡ ਅਰਾਈਆਂਵਾਲਾ ਦੇ ਸੇਮ ਨਾਲੇ ’ਤੇ ਬੈਠਿਆਂ ਗ੍ਰਿਫਤਾਰ ਕੀਤਾ ਸੀ ਅਤੇ ਇਨ੍ਹਾਂ ਪਾਸੋਂ ਚੋਰੀ ਕੀਤੀਆਂ ਟੁੱਟੀਆਂ ਟੂਟੀਆਂ ਅਤੇ ਤਾਂਬਾ ਵੀ ਬਰਾਮਦ ਕੀਤਾ ਸੀ। ਉਨ੍ਹਾਂ ਦੱਸਿਆ ਕਿ ਦੋਨੋਂ ਦੋਸ਼ੀ 2 ਦਿਨ ਦੇ ਪੁਲਸ ਰਿਮਾਂਡ ’ਤੇ ਸਨ। ਉਨ੍ਹਾਂ ਦੱਸਿਆ ਕਿ ਫਰਾਰ ਹੋਏ ਦੋਸ਼ੀ ਦੀ ਗ੍ਰਿਫਤਾਰੀ ਲਈ ਪੁਲਸ ਟੀਮਾਂ ਵੱਲੋਂ ਛਾਪੇਮਾਰੀ ਜਾਰੀ ਹੈ ਅਤੇ ਇਸਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e