ਮੁੰਡੇ ਨੇ ਲਾਈਵ ਵੀਡੀਓ ਬਣਾ ਕੇ ਰੇਲ ਗੱਡੀ ਅੱਗੇ ਮਾਰ ''ਤੀ ਛਾਲ, ਦੇਖ ਖੜ੍ਹੇ ਹੋ ਗਏ ਰੌਂਗਟੇ
Saturday, Jul 05, 2025 - 12:04 PM (IST)

ਬੁਢਲਾਡਾ (ਬਾਂਸਲ) : ਇਥੋਂ ਨਜ਼ਦੀਕ ਪਿੰਡ ਕੁਲੈਹਿਰੀ ਵਿਖੇ ਨਰਿੰਦਰਪੁਰਾ ਰੇਲਵੇ ਸਟੇਸ਼ਨ ਦੇ ਨੇੜੇ ਪਿੰਡ ਖਾਰਾ-ਬਰਨਾਲਾ ਦੇ ਨੌਜਵਾਨ ਵਲੋਂ ਲਾਈਵ ਵੀਡੀਓ ਬਣਾਉਣ ਉਪਰੰਤ ਰੇਲਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ ਗਈ। ਮ੍ਰਿਤਕ ਸਤਪਾਲ ਸਿੰਘ (23) ਦੇ ਪਿਤਾ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਨਸ਼ਾ ਕਰਨ ਦਾ ਆਦੀ ਸੀ ਅਤੇ ਬੀਤੇ ਦਿਨੀਂ ਉਸ ਨੇ ਦੋਸਤ ਨਾਲ ਮਿਲ ਕੇ ਨਸ਼ਾ ਕੀਤਾ ਸੀ, ਜਿਸ ਕਰਕੇ ਪਿੰਡ ਦੇ ਪੰਚਾਇਤ ਮੈਂਬਰ ਬਲਕਰਨ ਸਿੰਘ ਉਰਫ਼ ਰਾਜੂ ਵਲੋਂ ਉਨ੍ਹਾਂ ਨੂੰ ਪੰਚਾਇਤ 'ਚ ਬੁਲਾ ਕੇ ਜਲੀਲ ਕੀਤਾ ਗਿਆ। ਉਨ੍ਹਾਂ ਪੰਚਾਇਤ ਨੂੰ ਭਰੋਸਾ ਵੀ ਦਿੱਤਾ ਸੀ ਕਿ ਅੱਗੇ ਤੋਂ ਉਨ੍ਹਾਂ ਦਾ ਪੁੱਤਰ ਨਸ਼ਾ ਨਹੀਂ ਕਰੇਗਾ ਪਰ ਫਿਰ ਵੀ ਵਾਰ-ਵਾਰ ਬੁਰਾ ਭਲਾ ਬੋਲਿਆ ਗਿਆ।
ਇਸੇ ਦੇ ਚੱਲਦਿਆਂ ਨੌਜਵਾਨ ਸਤਪਾਲ ਨੇ ਆਪਣੇ ਪਿਤਾ ਦੀ ਬੇਇੱਜ਼ਤੀ ਨਾ ਸਹਾਰਦਿਆਂ ਗੱਡੀ ਹੇਠਾਂ ਆ ਕੇ ਜੀਵਨ ਲੀਲਾ ਸਮਾਪਤ ਕਰ ਲਈ। ਰੇਲਵੇ ਪੁਲਸ ਚੌਕੀ ਦੇ ਇੰਚਾਰਜ ਏ.ਐੱਸ.ਆਈ. ਪਾਖਰ ਸਿੰਘ ਨੇ ਦੱਸਿਆ ਕਿ ਪਿੰਡ ਨਰਿੰਦਰਪੁਰਾ ਵਿਖੇ ਦੁਪਹਿਰ 12 ਵਜੇ ਦੇ ਕਰੀਬ ਨੌਜਵਾਨ ਨੇ ਮਾਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਕਬਜ਼ੇ 'ਚ ਲੈਣ ਉਪਰੰਤ ਬਲਕਰਨ ਸਿੰਘ ਉਰਫ਼ ਰਾਜੂ ਸਮੇਤ ਕੁਝ ਹੋਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਮਾਤਾ ਰਾਜ ਕੌਰ ਅਤੇ ਭਰਾ ਅੰਮ੍ਰਿਤਪਾਲ ਸਿੰਘ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਇਨਸਾਫ਼ ਦਿੱਤਾ ਜਾਵੇ।