ਪੰਜਾਬ ਦੇ ਪੁੱਤ ਨੇ ਰਚਿਆ ਇਤਿਹਾਸ, 29 ਦੇਸ਼ਾਂ ਦੇ ਖਿਡਾਰੀਆਂ ਨੂੰ ਹਰਾ ਕੇ ਬਣਿਆ ਚੈਂਪੀਅਨ

Tuesday, Jul 08, 2025 - 04:46 PM (IST)

ਪੰਜਾਬ ਦੇ ਪੁੱਤ ਨੇ ਰਚਿਆ ਇਤਿਹਾਸ, 29 ਦੇਸ਼ਾਂ ਦੇ ਖਿਡਾਰੀਆਂ ਨੂੰ ਹਰਾ ਕੇ ਬਣਿਆ ਚੈਂਪੀਅਨ

ਲਹਿਰਾਗਾਗਾ (ਗਰਗ/ ਜਿੰਦਲ): ਕਹਿੰਦੇ ਹਨ ਕਿ ਕੁਝ ਕਰ ਗੁਜ਼ਰਨ ਅਤੇ ਆਤਮ ਵਿਸ਼ਵਾਸ ਨਾਲ ਭਰਿਆ ਵਿਅਕਤੀ ਜ਼ਿੰਦਗੀ ਦੀ ਕੋਈ ਵੀ ਮੰਜ਼ਿਲ ਹਾਸਲ ਕਰਕੇ ਹੋਰਨਾਂ ਲਈ ਪ੍ਰੇਰਨਾ ਸਰੋਤ ਬਣ ਸਕਦਾ ਹੈ, ਅਜਿਹੀ ਹੀ ਇੱਕ ਸ਼ਖਸ਼ੀਅਤ ਦਾ ਨਾਮ ਹੈ ਕੁਸ਼ਲ ਕੁਮਾਰ ਤਾਇਲ। 10 ਮਈ 1997 ਨੂੰ ਮਾਤਾ ਸੁਨੀਤਾ ਰਾਣੀ ਦੀ ਕੁੱਖੋਂ ਪਿਤਾ ਰਾਮ ਕੁਮਾਰ ਦੇ ਘਰ ਪਿੰਡ ਹਰਿਆਊ ਵਿਖੇ ਜਨਮਿਆ ਕੁਸ਼ਲ ਕੁਮਾਰ ਤਾਇਲ ,ਜਿਸ ਨੇ ਆਪਣੀ ਸਖਤ ਮਿਹਨਤ ਦੇ ਚਲਦੇ ਚੀਨ ਵਿੱਚ 03 ਜੁਲਾਈ 2025 ਤੋਂ 07 ਜੁਲਾਈ 2025 ਤੱਕ ਤੱਕ ਹੋਏ ਦੂਜੇ ਏਸ਼ੀਅਨ ਵੁਸ਼ੂ ਕੱਪ ਵਿੱਚ 29 ਦੇਸ਼ਾਂ ਦੇ ਖਿਡਾਰੀਆਂ ਨੂੰ ਹਰਾ ਕੇ ਏਸ਼ੀਅਨ ਕੱਪ ਹਾਸਲ ਕਰਕੇ ਵਿਸ਼ਵ ਪੱਧਰ ਤੇ ਸ਼ਹਿਰ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਸ਼ਲ ਤਾਇਲ ਅੱਠਵੀਂ ਕਲਾਸ ਤੋਂ ਹੀ ਐਨ ਆਈ ਐਸ ਪਟਿਆਲਾ ਵਿਖੇ ਕੋਚਿੰਗ ਲੈਣ ਤੋਂ ਬਾਅਦ 2019 ਵਿੱਚ ਨੈਸ਼ਨਲ ਗੋਲਡ ਮੈਡਲਿਸਟ ਬਣ ਕੇ ਭਾਰਤੀ ਏਅਰ ਫੋਰਸ ਵਿੱਚ ਜੂਨੀਅਰ ਵਾਰੰਟ ਅਫ਼ਸਰ ਸੇਵਾਵਾਂ ਨਿਭਾ ਰਿਹੈ। ਕਾਂਗਰਸ ਦੇ ਸਾਬਕਾ ਸੋਸ਼ਲ ਮੀਡੀਆ ਇੰਚਾਰਜ ਦੁਰਲੱਭ ਸਿੰਘ ਸਿੱਧੂ , ਪੰਜਾਬ ਕਾਂਗਰਸ ਦੇ ਮੈਂਬਰ ਸਨਮੀਕ ਸਿੰਘ ਹੈਨਰੀ, ਪੰਜਾਬ ਸਪੋਰਟਸ ਕਲੱਬ ਦੇ ਸਾਬਕਾ ਪ੍ਰਧਾਨ ਗੁਰਲਾਲ ਸਿੰਘ, ਸਮਾਜ ਸੇਵੀ ਜਸ ਪੇਂਟਰ ਨੇ ਏਸ਼ੀਅਨ ਕੱਪ  ਜਿੱਤਣ ਤੇ ਕੁਸ਼ਲ ਤਾਇਲ ਅਤੇ ਉਸਦੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਕੁਸ਼ਲ ਤਾਇਲ ਨੌਜਵਾਨਾਂ ਦਾ ਰੋਲ ਮਾਡਲ ਬਣ ਗਿਆ, ਨੌਜਵਾਨ ਕੁਸ਼ਲ ਤਾਇਲ ਤੋਂ ਪ੍ਰੇਰਨਾ ਲੈ ਕੇ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਅਤੇ ਪੰਜਾਬ ਅਤੇ ਲਹਿਰਾਗਾਗਾ ਦਾ ਨਾਮ ਰੋਸ਼ਨ ਕਰਨ। ਅਖਿਲ ਭਾਰਤੀਯ ਅਗਰਵਾਲ ਸੰਮੇਲਨ ਪੰਜਾਬ ਦੇ ਵਾਈਸ ਪ੍ਰਧਾਨ ਰਕੇਸ਼ ਸਿੰਗਲਾ ਤੇ ਸੈਕਟਰੀ ਤਰਸੇਮ ਚੰਦ ਖੱਦਰ ਭੰਡਾਰ ਵਾਲਿਆਂ ਨੇ ਕਿਹਾ ਕਿ ਕੁਸ਼ਲ ਤਾਇਲ ਨੇ ਚੀਨ ਵਿੱਚ ਏਸ਼ੀਅਨ ਕੱਪ ਮੈਡਲ ਕੇ ਸਮੁੱਚੇ ਅਗਰਵਾਲ ਸਮਾਜ ਦਾ ਮਾਨ ਸਨਮਾਨ ਵਧਾਇਆ ਹੈ। ਇਸ ਪ੍ਰਾਪਤੀ ਤੇ ਅਗਰਵਾਲ ਸੰਮੇਲਨ ਵੱਲੋਂ ਕੁਸ਼ਲ ਤਾਇਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ।

ਸਕਾਲਰਸ਼ਿਪ ਫਾਰਮ ਭਰਿਆ, ਪਰ ਮਿਲੀ ਨਹੀਂ :-ਕੁਸ਼ਲ ਤਾਇਲ
ਚੀਨ ਵਿੱਚ ਏਸ਼ੀਅਨ ਕੱਪ ਜਿੱਤਣ ਉਪਰੰਤ ਜਗਬਾਣੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੁਸ਼ਲ ਤਾਇਲ ਨੇ ਕਿਹਾ ਕਿ ਉਹ ਪਿਛਲੇ ਸਮੇਂ ਚੀਨ ਵਿੱਚ ਵਰਲਡ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਮੈਡਲ ਜਿੱਤ ਚੁੱਕੇ ਹਨ ਅਤੇ ਪਿਛਲੇ ਸਾਲ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਵੀ ਗੋਲਡ ਮੈਡਲ ਜਿੱਤ ਚੁੱਕੇ ਹਨ, ਪਿਛਲੇ ਦਿਨੀ ਚੀਨ ਵਿੱਚ ਹੋਈ ਏਸ਼ੀਅਨ ਵੂਸ਼ੂ ਚੈਂਪੀਅਨਸ਼ਿਪ ਵਿੱਚ ਵੀ ਉਹ 29 ਦੇਸ਼ਾਂ ਦੇ ਖਿਡਾਰੀਆਂ ਨੂੰ ਹਰਾ ਕੇ ਏਸ਼ੀਅਨ ਕੱਪ ਜਿੱਤੇ ਹਨ, ਪਰ ਬਾਵਜੂਦ ਇਸਦੇ ਸਰਕਾਰ ਨੇ ਉਹਨਾਂ ਦੀ ਕੋਈ ਕਦਰ ਨਹੀਂ ਪਾਈ, ਉਨਾਂ ਕਿਹਾ ਕਿ ਸਰਕਾਰ ਨੇ ਨਿਯਮਾਂ ਅਨੁਸਾਰ ਖਿਡਾਰੀਆਂ ਲਈ ਸਕਾਲਰਸ਼ਿਪ ਲਈ ਅਪਲਾਈ ਕਰਵਾਇਆ ਗਿਆ ਸੀ, ਉਨ੍ਹਾਂ ਸਕਾਲਰਸ਼ਿਪ ਲਈ ਫਾਰਮ ਭਰੇ, ਪਰ ਵੱਡੀਆਂ ਪ੍ਰਾਪਤੀਆਂ ਦੇ ਬਾਵਜੂਦ ਸਕਾਲਰਸ਼ਿਪ ਨਹੀਂ ਮਿਲਿਆ, ਜਿਸਦੇ ਕਾਰਨ ਉਹਨਾਂ ਨੂੰ ਕਿਤੇ ਨਾ ਕਿਤੇ ਪੰਜਾਬ ਸਰਕਾਰ ਨਾਲ ਨਰਾਜ਼ਗੀ ਤਾਂ ਹੈ ਹੀ। ਉਨ੍ਹਾਂ ਮੰਗ ਕੀਤੀ ਕਿ ਮੇਰੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਤੁਰੰਤ ਮੈਨੂੰ ਸਕਾਲਰਸ਼ਿਪ ਦੇਵੇ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News