ਸ਼ਰਾਬ ਦੇ ਨਸ਼ੇ ’ਚ ਦੋਸਤ ਦੀ ਇੱਟ ਮਾਰ ਕੇ ਹੱਤਿਆ

Sunday, Jul 13, 2025 - 04:34 AM (IST)

ਸ਼ਰਾਬ ਦੇ ਨਸ਼ੇ ’ਚ ਦੋਸਤ ਦੀ ਇੱਟ ਮਾਰ ਕੇ ਹੱਤਿਆ

ਜਲੰਧਰ (ਵਰੁਣ) – ਸੰਜੇ ਗਾਂਧੀ ਨਗਰ ਦੇ ਨੇੜੇ ਅਹਾਤੇ ਵਿਚ ਸ਼ਰਾਬ ਪੀਂਦਿਆਂ ਹੋਏ ਵਿਵਾਦ ਵਿਚ ਦੋਸਤ ਦੀ ਇੱਟ ਮਾਰ ਕੇ ਹੱਤਿਆ ਕਰਨ ਵਾਲੇ ਮੁਲਜ਼ਮ ਨੂੰ ਪੁਲਸ ਨੇ ਰਿਮਾਂਡ ’ਤੇ ਲਿਆ ਹੈ। ਪੁਲਸ ਨੇ ਜਦੋਂ ਹੱਤਿਆ ਕਰਨ ਦਾ ਕਾਰਨ ਪੁੱਛਿਆ ਤਾਂ ਮੁਲਜ਼ਮ ਨੇ ਕਿਹਾ ਕਿ ਉਸ ਨੂੰ ਕੁਝ ਯਾਦ ਹੀ ਨਹੀਂ। ਫਿਲਹਾਲ ਮੁਲਜ਼ਮ ਨੂੰ ਰਿਮਾਂਡ ’ਤੇ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁਲਸ ਦੀ ਮੰਨੀਏ ਤਾਂ ਮੁਲਜ਼ਮ ਦੀਪਕ ਉਰਫ ਦੀਪੂ ਨੇ ਸ਼ਰਾਬ ਹੀ ਇੰਨੀ ਪੀਤੀ ਹੋਈ ਸੀ ਕਿ ਉਸ ਨੂੰ ਇਹ ਯਾਦ ਹੀ ਨਹੀਂ ਹੈ ਕਿ ਝਗੜੇ ਦਾ ਕਾਰਨ ਕੀ ਸੀ। ਦੱਸਿਆ ਜਾ ਰਿਹਾ ਹੈ ਕਿ ਦੀਪਕ ਖੁਦ ਵੀ ਬੀਮਾਰ ਹੈ, ਜਿਸ ਕਾਰਨ ਉਸ ’ਤੇ ਸਖ਼ਤੀ ਨਹੀਂ ਵਰਤੀ ਜਾ ਰਹੀ। ਫਿਲਹਾਲ ਉਸ ਤੋਂ ਪੁੱਛਗਿੱਛ ਜਾਰੀ ਹੈ। ਪੁਲਸ ਨੇ ਹੱਤਿਆ ਵਿਚ ਵਰਤੀ ਇੱਟ ਬਰਾਮਦ ਕਰ ਲਈ ਹੈ।

ਦੱਸ ਦੇਈਏ ਕਿ ਵੀਰਵਾਰ ਦੇਰ ਰਾਤ ਦੀਪਕ ਅਤੇ ਢਲਾਈ ਦਾ ਕੰਮ ਕਰਨ ਵਾਲਾ ਬਲਿਸਟਰ ਪ੍ਰਸਾਦ (40) ਮੂਲ ਨਿਵਾਸੀ ਯੂ. ਪੀ., ਹਾਲ ਨਿਵਾਸੀ ਸੰਜੇ ਗਾਂਧੀ ਨਗਰ ਇਕ ਅਹਾਤੇ ਵਿਚ ਬੈਠ ਕੇ ਸ਼ਰਾਬ ਪੀ ਰਹੇ ਸਨ। ਦੋਵਾਂ ਵਿਚ ਕੁਝ ਪੈਸਿਆਂ ਨੂੰ ਲੈ ਕੇ ਵਿਵਾਦ ਹੋਇਆ, ਜਿਸ ਦੇ ਬਾਅਦ ਦੀਪਕ ਉਰਫ ਦੀਪੂ ਨਿਵਾਸੀ ਬਿਹਾਰ, ਹਾਲ ਨਿਵਾਸੀ ਸੰਜੇ ਗਾਂਧੀ ਨਗਰ ਨੇ ਇੱਟ ਮਾਰ ਕੇ ਬਲਿਸਟਰ ਦੀ ਹੱਤਿਆ ਕਰ ਦਿੱਤੀ ਅਤੇ ਖੁਦ ਨਸ਼ੇ ਵਿਚ ਹੋਣ ਕਾਰਨ ਆਪਣੇ ਕਮਰੇ ਵਿਚ ਸੌਣ ਚਲਾ ਗਿਆ। ਪੁਲਸ ਨੂੰ ਜਦੋਂ ਪਤ ਲੱਗਾ ਤਾਂ ਫੋਕਲ ਪੁਆਇੰਟ ਚੌਕੀ ਦੀ ਪੁਲਸ ਨੇ ਜਾਂਚ ਦੇ ਕੁਝ ਘੰਟਿਆਂ ਬਾਅਦ ਹੀ ਮੁਲਜ਼ਮ ਦੀਪਕ ਨੂੰ ਉਸ ਦੇ ਕਮਰੇ ਵਿਚੋਂ ਗ੍ਰਿਫ਼ਤਾਰ ਕਰ ਲਿਆ ਸੀ।
 


author

Inder Prajapati

Content Editor

Related News