ਬੰਦ ਹੋਈ ਹੱਜ ਲਈ ਮਿਲਣ ਵਾਲੀ ਸਬਸਿਡੀ, ਇਸ ਤਰ੍ਹਾਂ ਖਰਚ ਹੋਵੇਗੀ ਇਹ ਰਕਮ
Wednesday, Jan 17, 2018 - 10:13 AM (IST)

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਹੱਜ ਯਾਤਰਾ ਲਈ ਦਿੱਤੀ ਜਾਣ ਵਾਲੀ ਸਬਸਿਡੀ ਖਤਮ ਕਰ ਦਿੱਤੀ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਇਸ ਫੈਸਲੇ ਕਾਰਨ 1 ਲੱਖ 75 ਹਜ਼ਾਰ ਲੋਕ ਬਿਨਾਂ ਸਬਸਿਡੀ ਦੇ ਹੱਜ ਯਾਤਰਾ 'ਤੇ ਜਾਣਗੇ।
ਸਰਕਾਰ ਹਰ ਸਾਲ 700 ਕਰੋੜ ਰੁਪਏ ਹੱਜ ਯਾਤਰਾ ਦੀ ਸਬਸਿਡੀ 'ਤੇ ਖਰਚ ਕਰਦੀ ਸੀ। ਦੱਸਿਆ ਜਾਂਦਾ ਹੈ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਇਨ੍ਹਾਂ ਯਾਤਰੀਆਂ ਦੀ ਸਬਸਿਡੀ ਖਤਮ ਕੀਤੀ ਗਈ ਹੈ ਅਤੇ ਇਹ ਫੈਸਲਾ ਇਸੇ ਸਾਲ ਤੋਂ ਲਾਗੂ ਹੋਵੇਗਾ।
ਦੂਸਰੇ ਪਾਸੇ ਭਾਰਤ ਦੇ ਹੱਜ ਯਾਤਰੀਆਂ ਨੂੰ ਸਮੁੰਦਰੀ ਰਸਤੇ ਭੇਜਣ ਦੀ ਯੋਜਨਾ ਨੂੰ ਸਾਊਦੀ ਅਰਬ ਨੇ ਮਨਜ਼ੂਰੀ ਦੇ ਦਿੱਤੀ ਹੈ। ਮੁਖਤਾਰ ਅੱਬਾਸ ਨਕਵੀ ਨੇ ਸਾਊਦੀ ਅਰਬ ਦੇ ਹੱਜ ਤੇ ਉਮਰਾਹ ਮੰਤਰੀ ਮੁਹੰਮਦ ਸਾਲੇਹ ਬਿਨ ਤਾਹੇਰ ਬੇਨਟੇਨ ਨਾਲ ਕਰਾਰ ਕੀਤਾ ਹੈ।
ਸਾਊਦੀ ਅਰਬ ਦੀ ਰਜ਼ਾਮੰਦੀ ਨਾਲ 23 ਸਾਲ ਬਾਅਦ ਮੁੜ ਤੋਂ ਸਮੁੰਦਰੀ ਮਾਰਗ ਖੁੱਲ੍ਹਣ ਦਾ ਰਾਹ ਪੱਧਰਾ ਹੋ ਗਿਆ ਹੈ। ਨਕਵੀ ਨੇ ਦੱਸਿਆ ਕਿ ਇਹ ਰਜ਼ਾਮੰਦੀ ਮਿਲਣ ਮਗਰੋਂ ਹੁਣ ਦੋਵੇਂ ਦੇਸ਼ ਸਮੁੰਦਰੀ ਯਾਤਰਾ ਦੇ ਤਕਨੀਕੀ ਪਹਿਲੂਆਂ 'ਤੇ ਵਿਚਾਰ ਕਰਨਗੇ, ਜਿਸ ਨਾਲ ਆਉਣ ਵਾਲੇ ਸਾਲਾਂ 'ਚ ਇਸ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ।
ਵਰਨਣਯੋਗ ਹੈ ਕਿ ਸਾਲ 2012 'ਚ ਸੁਪਰੀਮ ਕੋਰਟ ਨੇ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਅਗਲੇ 10 ਸਾਲਾਂ 'ਚ ਹੱਜ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਖਤਮ ਕਰ ਦਿੱਤੀ ਜਾਵੇ।
ਜਸਟਿਸ ਆਫਤਾਬ ਆਲਮ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਸਰਕਾਰ ਵਲੋਂ ਹਰ ਸਾਲ ਮੱਕਾ ਭੇਜੇ ਜਾਣ ਵਾਲੇ ਸਦਭਾਵਨਾ ਵਫਦ ਦੇ ਮੈਂਬਰਾਂ ਦੀ ਗਿਣਤੀ ਵੀ ਘਟਾ ਦਿੱਤੀ ਸੀ।
ਓਧਰ ਕਾਂਗਰਸ ਦੇ ਬੁਲਾਰੇ ਮੀਮ ਅਫਜ਼ਲ ਨੇ ਕਿਹਾ ਕਿ ਇਹ ਕਹਿਣਾ ਪੂਰੀ ਤਰ੍ਹਾਂ ਗਲਤ ਹੈ ਕਿ ਹੱਜ ਸਬਸਿਡੀ ਫੰਡ ਰਾਹੀਂ ਏਜੰਟਾਂ ਅਤੇ ਕੁਝ ਕੰਪਨੀਆਂ ਨੂੰ ਫਾਇਦਾ ਹੁੰਦਾ ਹੈ। ਮਾਮਲੇ ਨੂੰ ਮੁਸਲਮਾਨਾਂ ਦੇ ਆਤਮ-ਸਨਮਾਨ ਨਾਲ ਜੋੜਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਇੰਨੀ ਜਲਦੀ ਇਹ ਫੈਸਲਾ ਲੈ ਕੇ ਮੁਸਲਮਾਨਾਂ ਨੂੰ ਸਖਤ ਸੰਦੇਸ਼ ਦੇਣਾ ਚਾਹੁੰਦੀ ਹੈ।
ਇੰਨੀ ਦਿੱਤੀ ਗਈ ਸਬਸਿਡੀ
ਸਾਲ ਰਕਮ (ਕਰੋੜਾਂ 'ਚ)
2012 836.55
2013 680.03
2014 577.07
2015 529.61
2016 405.00
ਮੁਸਲਿਮ ਔਰਤਾਂ ਤੇ ਲੜਕੀਆਂ ਦੀ ਸਿੱਖਿਆ 'ਤੇ ਖਰਚ ਹੋਵੇਗੀ ਰਕਮ
ਮੁਖਤਾਰ ਅੱਬਾਸ ਨਕਵੀ ਨੇ ਦੱਸਿਆ ਕਿ ਸਬਸਿਡੀ ਦੀ ਰਕਮ ਨੂੰ ਮੁਸਲਿਮ ਭਾਈਚਾਰੇ ਦੀਆਂ ਲੜਕੀਆਂ ਅਤੇ ਔਰਤਾਂ ਨੂੰ ਸਿੱਖਿਆ ਮੁਹੱਈਆ ਕਰਵਾਏ ਜਾਣ 'ਤੇ ਖਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਬਸਿਡੀ ਦਾ ਫਾਇਦਾ ਗਰੀਬ ਮੁਸਲਮਾਨਾਂ ਨਹੀਂ ਮਿਲ ਰਿਹਾ ਸੀ। ਇਸ ਦਾ ਫਾਇਦਾ ਸਿਰਫ ਏਜੰਟਸ ਉਠਾ ਰਹੇ ਸਨ। ਇਸ ਲਈ ਹੱਜ ਸਬਸਿਡੀ ਬੰਦ ਕਰ ਦਿੱਤੀ ਗਈ ਹੈ। ਗਰੀਬ ਮੁਸਲਮਾਨਾਂ ਨੂੰ ਹੱਜ 'ਤੇ ਜਾਣ ਲਈ ਇਕ ਵੱਖਰਾ ਪ੍ਰਬੰਧ ਕੀਤਾ ਜਾਵੇਗਾ।