ਸ਼ਹਿਰ ਦੀਆਂ ਤੰਗ ਗਲੀਆਂ ਤੇ ਬਾਜ਼ਾਰਾਂ ''ਚ ਸ਼ਰੇਆਮ ਵਿਕ ਰਹੇ ਨੇ ਪਟਾਕੇ
Wednesday, Oct 04, 2017 - 01:34 AM (IST)
ਸ੍ਰੀ ਮੁਕਤਸਰ ਸਾਹਿਬ, (ਪਵਨ, ਖੁਰਾਣਾ)- ਦੇਸ਼ ਭਰ ਵਿਚ ਮਨਾਏ ਜਾਂਦੇ ਰੌਸ਼ਨੀਆਂ ਦੇ ਪਵਿੱਤਰ ਤਿਉਹਾਰ ਦੀਵਾਲੀ ਨੂੰ ਗੁਰੂ ਦੀ ਨਗਰੀ ਵਿਚ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਲੋਕਾਂ ਵੱਲੋਂ ਇਸ ਮੌਕੇ ਕਰੋੜਾਂ ਰੁਪਏ ਦੇ ਪਟਾਕੇ ਚਲਾਏ ਜਾਂਦੇ ਹਨ। ਜ਼ਿਕਰਯੋਗ ਹੈ ਕਿ ਸ਼ਹਿਰ ਪੁਰਾਣਾ ਹੋਣ ਅਤੇ ਲੋਕਾਂ ਵੱਲੋਂ ਸੜਕਾਂ 'ਤੇ ਪਟਾਕਿਆਂ ਦਾ ਸਾਮਾਨ ਰੱਖਣ ਕਾਰਨ ਅਕਸਰ ਹੀ ਰਸਤੇ ਤੰਗ ਹੋ ਜਾਂਦੇ ਹਨ। ਪਟਾਕਿਆਂ ਦੇ ਵਪਾਰੀਆਂ ਨੇ ਸੰਘਣੀ ਆਬਾਦੀ ਤੇ ਤੰਗ ਗਲੀਆਂ/ਬਾਜ਼ਾਰਾਂ ਵਿਚ ਪਟਾਕਿਆਂ ਦਾ ਸਟੋਕ ਕੀਤਾ ਹੁੰਦਾ ਹੈ। ਇਸ ਤੋਂ ਇਲਾਵਾ ਦੁਕਾਨਦਾਰਾਂ ਵੱਲੋਂ ਤੰਗ ਬਾਜ਼ਾਰਾਂ ਵਿਚ ਪਟਾਕੇ ਵੇਚਣ ਦੇ ਸਟਾਲ ਲਾਏ ਜਾਂਦੇ ਹਨ, ਜਦਕਿ ਕੁਝ ਅਜਿਹੀਆਂ ਥਾਵਾਂ 'ਤੇ ਅੱਗ ਲੱਗਣ ਦੀ ਸੂਰਤ ਵਿਚ ਫਾਇਰ ਬ੍ਰਿਗੇਡ ਦੀਆਂ ਅੱਗ ਬੁਝਾਊ ਗੱਡੀਆਂ ਨਹੀਂ ਪਹੁੰਚ ਸਕਦੀਆਂ, ਜਿਸ ਕਾਰਨ ਮਾਲੀ ਤੇ ਜਾਨੀ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।
ਮੁਕਾਬਲੇ ਦੇ ਇਸ ਯੁੱਗ ਵਿਚ ਭਾਰਤ ਦੀਆਂ ਪਟਾਕਾ ਕੰਪਨੀਆਂ ਵੱਲੋਂ ਚਾਈਨਾ ਦੀ ਤਰਜ਼ 'ਤੇ ਨਕਲੀ ਪਟਾਕੇ ਬਾਜ਼ਾਰ ਵਿਚ ਵੇਚੇ ਜਾ ਰਹੇ ਹਨ ਪਰ ਇਹ ਪਟਾਕੇ ਚੱਲਣ ਦੀ ਬਜਾਏ ਠੁਸ ਹੋ ਜਾਂਦੇ ਹਨ ਅਤੇ ਖਪਤਕਾਰਾਂ ਨਾਲ ਇਹ ਇਕ ਬਹੁਤ ਵੱਡਾ ਧੋਖਾ ਹੋ ਰਿਹਾ ਹੈ।
ਨੈਸ਼ਨਲ ਕੰਜ਼ਿਊਮਰ ਅਵੇਅਰਨੈੱਸ ਗਰੁੱਪ ਦੇ ਜ਼ਿਲਾ ਪ੍ਰਧਾਨ ਸ਼ਾਮ ਲਾਲ ਗੋਇਲ, ਸਕੱਤਰ ਸੁਦਰਸ਼ਨ ਕੁਮਾਰ ਸਿਡਾਨਾ, ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਬੇਦੀ, ਮੀਤ ਪ੍ਰਧਾਨ ਭੰਵਰ ਲਾਲ ਸ਼ਰਮਾ, ਸੰਗਠਨ ਸਕੱਤਰ ਗੋਬਿੰਦ ਸਿੰਘ ਦਾਬੜਾ, ਪ੍ਰੈੱਸ ਸਕੱਤਰ ਕਾਲਾ ਸਿੰਘ ਬੇਦੀ, ਵਿੱਤ ਸਕੱਤਰ ਸੁਭਾਸ਼ ਚਗਤੀ ਆਦਿ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੰਗ ਗਲੀਆਂ ਤੇ ਬਾਜ਼ਾਰਾਂ ਵਿਚ ਪਟਾਕੇ ਵੇਚਣ 'ਤੇ ਪਾਬੰਦੀ ਲਾਈ ਜਾਵੇ। ਖੁੱਲ੍ਹਾ ਢੁਕਵਾਂ ਸਥਾਨ ਅਲਾਟ ਕਰਨ ਅਤੇ ਪਟਾਕੇ ਵੇਚਣ ਦਾ ਲਾਇਸੈਂਸ ਜਾਰੀ ਕਰਨ ਤੋਂ ਪਹਿਲਾਂ ਜਗ੍ਹਾ ਦਾ ਨਿਰੀਖਣ ਕੀਤਾ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਨੂੰ ਟਾਲਿਆ ਜਾ ਸਕੇ।
ਇਸ ਤੋਂ ਇਲਾਵਾ ਚੀਨ ਦੇ ਬਣੇ ਹਰ ਤਰ੍ਹਾਂ ਦੇ ਪਟਾਕਿਆਂ ਦੀ ਖਰੀਦ ਤੇ ਵੇਚ 'ਤੇ ਪੂਰਨ ਪਾਬੰਦੀ ਲਾਈ ਜਾਵੇ ਕਿਉਂਕਿ ਚੀਨ ਦੇ ਪਟਾਕੇ ਚੀਨ ਦੀ ਡੋਰ ਵਾਂਗ ਘਾਤਕ ਸਿੱਧ ਹੋ ਸਕਦੇ ਹਨ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਵੱਡੇ ਤੇ ਚੀਨੀ ਪਟਾਕਿਆਂ ਤੋਂ ਪ੍ਰਹੇਜ਼ ਕੀਤਾ ਜਾਵੇ ਕਿਉਂਕਿ ਉਹ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲਾਉਂਦੇ ਹਨ।
ਇਸ ਮੌਕੇ ਐਡਵੋਕੇਟ ਪਰਵੀਨ ਆਰੀਆ, ਚੌਧਰੀ ਅਮੀ ਚੰਦ, ਮਾਸਟਰ ਰਿਖੀ ਰਾਮ ਅਗਰਵਾਲ, ਬੂਟਾ ਰਾਮ ਕਮਰਾ, ਪਰਮਜੀਤ ਕਮਲਾ, ਉਮ ਪ੍ਰਕਾਸ਼ ਵਲੇਚਾ, ਬਿਸ਼ਨ ਟੇਲਰਜ਼, ਮਾਸਟਰ ਗੁਰਚਰਨ ਸਿੰਘ, ਪ੍ਰਮੋਦ ਆਰੀਆ, ਯੋਗੇਸ਼ਵਰ ਯੋਗੀ ਆਦਿ ਹਾਜ਼ਰ ਸਨ।
