ਲੁਟੇਰੇ ਵੇਅਰ ਹਾਉੂਸ ''ਚੋਂ ਲੱਖਾਂ ਦੇ ਚੌਲ ਲੈ ਕੇ ਫਰਾਰ
Saturday, Feb 24, 2018 - 06:16 AM (IST)

ਮੋਗਾ, (ਆਜ਼ਾਦ)- ਬੀਤੀ ਦੇਰ ਰਾਤ ਤਿੰਨ ਦਰਜਨ ਦੇ ਕਰੀਬ ਹਥਿਆਰਬੰਦ ਅਣਪਛਾਤੇ ਲੁਟੇਰਿਆਂ ਵੱਲੋਂ ਚੌਕੀਦਾਰਾਂ ਨੂੰ ਬੰਧਕ ਬਣਾ ਕੇ ਬਾਘਾਪੁਰਾਣਾ ਦੇ ਜੈ ਸਿੰਘ ਵਾਲਾ ਰੋਡ 'ਤੇ ਸਥਿਤ ਵੇਅਰ ਹਾਊਸ 'ਚੋਂ ਲੱਖਾਂ ਰੁਪਏ ਦੇ ਚੌਲ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਜਾਣਕਾਰੀ ਅਨੁਸਾਰ ਬਾਘਾਪੁਰਾਣਾ ਦੇ ਜੈ ਸਿੰਘ ਵਾਲਾ ਰੋਡ 'ਤੇ ਵੇਅਰ ਹਾਊਸ ਦਾ ਗੋਦਾਮ ਸਥਿਤ ਹੈ, ਜਿਸ 'ਚ ਹਿੰਦ ਰਾਈਸ ਮਿੱਲ, ਹੇਮਕੁੰਟ ਰਾਈਸ ਮਿੱਲ ਅਤੇ ਗੰਗਾ ਰਾਈਸ ਮਿੱਲ ਦੇ ਮਾਲਕਾਂ ਵੱਲੋਂ ਝੋਨੇ ਦੀ ਮਿਲਿੰਗ ਤੋਂ ਬਾਅਦ ਲੱਖਾਂ ਰੁਪਏ ਮੁੱਲ ਦੇ ਕਰੀਬ 3240 ਚੌਲਾਂ ਦੀਆਂ ਬੋਰੀਆਂ (ਪ੍ਰਤੀ ਸ਼ੈਲਰ 1080 ਬੋਰੀ) ਇਸ ਗੋਦਾਮ 'ਚ ਜਮ੍ਹਾ ਕਰਵਾਉਣ ਲਈ ਭੇਜੀਆਂ ਗਈਆਂ ਸਨ, ਜਿਨ੍ਹਾਂ ਨੂੰ ਵੇਅਰ ਹਾਊਸ ਦੇ ਅਧਿਕਾਰੀਆਂ ਵੱਲੋਂ ਜਾਂਚ ਤੋਂ ਬਾਅਦ ਗੋਦਾਮ 'ਚ ਰੱਖਿਆ ਜਾਣਾ ਸੀ। ਉਕਤ ਚੌਲਾਂ ਦੀਆਂ ਬੋਰੀਆਂ ਅਜੇ ਬਾਹਰ ਖੁੱਲ੍ਹੇ 'ਚ ਹੀ ਪਈਆਂ ਸਨ।
ਬੀਤੀ ਦੇਰ ਰਾਤ ਢਾਈ ਕੁ ਵਜੇ ਟਰੱਕਾਂ 'ਚ ਸਵਾਰ ਹੋ ਕੇ 3 ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰੇ ਵੇਅਰ ਹਾਊਸ ਦੇ ਗੋਦਾਮ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਆਉਂਦਿਆਂ ਹੀ ਝੋਨੇ ਦੀ ਰਖਵਾਲੀ ਲਈ ਮੌਜੂਦ ਚੌਕੀਦਾਰਾਂ ਬਲਵੀਰ ਸਿੰਘ ਨਿਵਾਸੀ ਪਿੰਡ ਗਿੱਲ, ਬਲਦੇਵ ਸਿੰਘ ਨਿਵਾਸੀ ਪਿੰਡ ਰਾਜੇਆਣਾ, ਰਾਜਵੀਰ ਸਿੰਘ ਨਿਵਾਸੀ ਰਾਜੇਆਣਾ, ਸਫੀ ਮੁਹੰਮਦ ਅਤੇ ਬਲਦੇਵ ਸਿੰਘ ਨੂੰ ਬੰਧਕ ਬਣਾ ਕੇ ਇਕ ਪਾਸੇ ਬਿਠਾ ਦਿੱਤਾ। ਉਨ੍ਹਾਂ ਧਮਕੀ ਦਿੱਤੀ ਕਿ ਜੇਕਰ ਰੌਲਾ ਪਾਇਆ ਤਾਂ ਜਾਨ ਤੋਂ ਮਾਰ ਦਿੱਤਾ ਜਾਵੇਗਾ, ਜਿਸ 'ਤੇ ਸਾਰੇ ਚੌਕੀਦਾਰ ਡਰ ਦੇ ਮਾਰੇ ਚੁੱਪ ਕਰ ਕੇ ਬੈਠ ਗਏ। ਅਣਪਛਾਤੇ ਲੁਟੇਰਿਆਂ ਨੇ ਆਪਣੇ ਨਾਲ ਲਿਆਂਦੇ ਤਿੰਨ ਟਰੱਕਾਂ 'ਚ 1500 ਬੋਰੀਆਂ (ਸਾਢੇ 700 ਕੁਇੰਟਲ) ਭਰੀਆਂ ਤੇ ਫਰਾਰ ਹੋ ਗਏ। ਉਕਤ ਚੌਲਾਂ ਦੀ ਕੀਮਤ 25-26 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।
ਕੀ ਹੋਈ ਪੁਲਸ ਕਾਰਵਾਈ
ਇਸ ਘਟਨਾ ਦਾ ਪਤਾ ਲੱਗਣ 'ਤੇ ਜ਼ਿਲਾ ਪੁਲਸ ਮੁਖੀ ਰਾਜਜੀਤ ਸਿੰਘ ਹੁੰਦਲ, ਡੀ. ਐੱਸ. ਪੀ. ਡੀ. ਸਰਬਜੀਤ ਸਿੰਘ ਬਾਹੀਆ, ਡੀ. ਐੱਸ. ਪੀ. ਬਾਘਾਪੁਰਾਣਾ ਸੁਖਦੀਪ ਸਿੰਘ, ਥਾਣਾ ਬਾਘਾਪੁਰਾਣਾ ਦੇ ਇੰਚਾਰਜ ਇੰਸਪੈਕਟਰ ਜੰਗਜੀਤ ਸਿੰਘ, ਸਪੈਸ਼ਲ ਸੈੱਲ ਮੋਗਾ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਉਥੇ ਪੁੱਜੇ ਅਤੇ ਜਾਂਚ ਦੇ ਬਾਅਦ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ।
ਥਾਣਾ ਬਾਘਾਪੁਰਾਣਾ ਦੇ ਇੰਚਾਰਜ ਇੰਸਪੈਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਸ਼ੈਲਰ ਮਾਲਕ ਜਗਦੇਵ ਸਿੰਘ ਪੁੱਤਰ ਰਛਪਾਲ ਸਿੰਘ ਨਿਵਾਸੀ ਪਿੰਡ ਰਾਜੇਆਣਾ ਦੇ ਬਿਆਨਾਂ 'ਤੇ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ, ਜਲਦ ਹੀ ਕੋਈ ਸੁਰਾਗ ਮਿਲਣ ਦੀ ਸੰਭਾਵਨਾ ਹੈ। ਉਹ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਰਹੇ ਹਨ ਤਾਂ ਕਿ ਕੋਈ ਸੁਰਾਗ ਮਿਲ ਸਕੇ।
ਚੌਕੀਦਾਰ ਬੜੀ ਮੁਸ਼ਕਲ ਨਾਲ ਹੋਏ ਰਿਹਾਅ
ਜਾਣਕਾਰੀ ਅਨੁਸਾਰ ਅਣਪਛਾਤੇ ਲੁਟੇਰਿਆਂ ਦੇ ਜਾਣ ਤੋਂ ਬਾਅਦ ਇਕ ਚੌਕੀਦਾਰ ਨੇ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਰੱਸੀਆਂ ਤੋਂ ਮੁਕਤ ਕਰ ਲਿਆ ਅਤੇ ਆਪਣੇ ਦੂਸਰੇ ਸਾਥੀਆਂ ਨੂੰ ਵੀ ਖੋਲ੍ਹਿਆ ਅਤੇ ਇਸ ਘਟਨਾ ਦੀ ਸੂਚਨਾ ਮੋਬਾਇਲ ਫੋਨ 'ਤੇ ਸ਼ੈਲਰ ਮਾਲਕਾਂ ਨੂੰ ਦਿੱਤੀ। ਇਸ ਦੌਰਾਨ ਕਰੀਬ 6.30 ਵਜੇ ਇਸ ਦੀ ਜਾਣਕਾਰੀ ਗੰਗਾ ਰਾਈਸ ਮਿੱਲ ਦੇ ਮੁਨੀਮ ਹਰਪ੍ਰੀਤ ਸਿੰਘ ਨੂੰ ਮਿਲਣ 'ਤੇ ਉਸ ਨੇ ਸ਼ੈਲਰ ਮਾਲਕ ਜਗਦੇਵ ਸਿੰਘ ਨਿਵਾਸੀ ਪਿੰਡ ਰਾਜੇਆਣਾ ਨੂੰ ਸੂਚਿਤ ਕੀਤਾ ਅਤੇ ਹੋਰਾਂ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ, ਜਿਸ 'ਤੇ ਸ਼ੈਲਰ ਮਾਲਕ ਉਥੇ ਪੁੱਜੇ ਅਤੇ ਪੁਲਸ ਨੂੰ ਸੂਚਿਤ ਕੀਤਾ।