ਇੰਡਸਟਰੀਅਲ ਏਰੀਆ ’ਚੋਂ 840 ਕਿੱਲੋ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫ਼ਾਫ਼ੇ ਬਰਾਮਦ
Friday, Jan 23, 2026 - 02:01 PM (IST)
ਚੰਡੀਗੜ੍ਹ (ਮਨਪ੍ਰੀਤ) : ਨਗਰ ਨਿਗਮ ਚੰਡੀਗੜ੍ਹ ਨੇ ਪਾਬੰਦੀਸ਼ੁਦਾ ਪਲਾਸਟਿਕ ਦੀਆਂ ਵਸਤੂਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵੀਰਵਾਰ ਨੂੰ ਇੰਡਸਟਰੀਅਲ ਏਰੀਆ ਫੇਜ਼-2 ’ਚੋਂ 840 ਕਿੱਲੋ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫ਼ਾਫ਼ੇ ਜ਼ਬਤ ਕੀਤੇ ਹਨ। ਇਸ ਕਾਰਵਾਈ ਦੌਰਾਨ ਨਿਗਮ ਦੀ ਟੀਮ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਮੌਕੇ ’ਤੇ ਹੀ ਚਲਾਨ ਕੱਟਿਆ ਅਤੇ ਭਾਰੀ ਮਾਤਰਾ ’ਚ ਸਮੱਗਰੀ ਕਬਜ਼ੇ ’ਚ ਲੈ ਲਈ। ਇਹ ਇਨਫੋਰਸਮੈਂਟ ਕਾਰਵਾਈ ਸੈਨੇਟਰੀ ਇੰਸਪੈਕਟਰਾਂ ਦੀ ਵਿਸ਼ੇਸ਼ ਟੀਮ ਵੱਲੋਂ ਕੀਤੀ ਗਈ, ਜਿਸ ’ਚ ਅਸ਼ੀਸ਼ ਮਲਿਕ, ਗੁਰਿੰਦਰ ਸਿੰਘ, ਲੋਕੇਸ਼ ਮੀਨਾ ਤੇ ਵਿਕਰਮ ਸਿੰਘ ਸ਼ਾਮਲ ਸਨ। ਛਾਪੇਮਾਰੀ ਦੌਰਾਨ ਟੀਮ ਨੇ ਇਲਾਕੇ ’ਚ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵੰਡ ਕਰਨ ਵਾਲੇ ਇਕ ਸਪਲਾਇਰ ਨੂੰ ਕਾਬੂ ਕੀਤਾ ਤੇ ਨਿਰਧਾਰਤ ਨਿਯਮਾਂ ਅਨੁਸਾਰ ਸਾਰਾ ਮਾਲ ਜ਼ਬਤ ਕਰ ਲਿਆ।
ਇਸ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਚੰਡੀਗੜ੍ਹ ਨੂੰ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਨਗਰ ਨਿਗਮ ਪੂਰੀ ਤਰ੍ਹਾਂ ਦ੍ਰਿੜ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਲਾਸਟਿਕ ਪ੍ਰਦੂਸ਼ਣ ਨੂੰ ਜੜ੍ਹੋਂ ਖ਼ਤਮ ਕਰਨ ਲਈ ਪਾਬੰਦੀਸ਼ੁਦਾ ਵਸਤੂਆਂ ਦੇ ਸਪਲਾਇਰਾਂ ਤੇ ਵਰਤੋਂਕਾਰਾਂ ਦੋਵਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ। ਕਮਿਸ਼ਨਰ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਆਦਤਨ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਜੁਰਮਾਨੇ ਤੇ ਜ਼ਬਤੀ ਤੋਂ ਇਲਾਵਾ ਐੱਫ. ਆਈ. ਆਰ. ਦਰਜ ਕਰਨ ਵਰਗੀ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ਤਾਂ ਜੋ ਪਲਾਸਟਿਕ ਪਾਬੰਦੀ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾ ਸਕੇ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਚੰਡੀਗੜ੍ਹ ਵੱਲੋਂ ਬੀਤੇ ਸਾਲ 2025 ਦੌਰਾਨ ਕੁੱਲ 2225 ਕਿੱਲੋ ਪਾਬੰਦੀਸ਼ੁਦਾ ਪਲਾਸਟਿਕ ਦੀਆਂ ਵਸਤੂਆਂ ਜ਼ਬਤ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਸ਼ਹਿਰ ਦੇ ਨਾਗਰਿਕਾਂ ਤੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਦੀ ਰੱਖਿਆ ਤੇ ਜਨਤਕ ਸਿਹਤ ਦੇ ਹਿੱਤ ’ਚ ਪਾਬੰਦੀਸ਼ੁਦਾ ਪਲਾਸਟਿਕ ਦੀ ਵਰਤੋਂ, ਵਿਕਰੀ ਤੇ ਸਟੋਰੇਜ ਤੋਂ ਗੁਰੇਜ਼ ਕਰਨ ਤੇ ਇਸ ਦੀ ਥਾਂ ਵਾਤਾਵਰਨ ਪੱਖੀ ਬਦਲ ਅਪਣਾ ਕੇ ਨਿਗਮ ਨੂੰ ਸਹਿਯੋਗ ਦੇਣ।
