ਪੰਜਾਬ ''ਚ ਮੀਂਹ ਨੂੰ ਲੈ ਕੇ ਵੱਡੀ ਅਪਡੇਟ! ਪੜ੍ਹੋ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ
Tuesday, Jan 20, 2026 - 06:17 PM (IST)
ਚੰਡੀਗੜ੍ਹ (ਵੈੱਬ ਡੈਸਕ): ਭਾਰਤੀ ਮੌਸਮ ਵਿਭਾਗ ਦੇ ਮੌਸਮ ਕੇਂਦਰ ਚੰਡੀਗੜ੍ਹ ਵੱਲੋਂ ਪੰਜਾਬ ਲਈ 20 ਤੋਂ 24 ਜਨਵਰੀ 2026 ਤੱਕ ਜ਼ਿਲ੍ਹਾਵਾਰ ਮੌਸਮ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦੌਰਾਨ ਸੂਬੇ ਦੇ ਕਈ ਹਿੱਸਿਆਂ ਵਿਚ ਘਣੀ ਧੁੰਦ, ਗਰਜ-ਚਮਕ ਨਾਲ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ 21 ਜਨਵਰੀ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਸਵੇਰ ਦੇ ਸਮੇਂ ਸੰਘਣੀ ਧੁੰਦ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਆਸਪਾਸ ਦੇ ਇਲਾਕਿਆਂ ਵਿਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ, ਜਦਕਿ ਕਈ ਦੱਖਣੀ ਅਤੇ ਪੱਛਮੀ ਜ਼ਿਲ੍ਹਿਆਂ ਵਿਚ ਕੋਈ ਵੱਡੀ ਚੇਤਾਵਨੀ ਨਹੀਂ ਹੈ।
22 ਜਨਵਰੀ ਤੋਂ ਬਾਰਿਸ਼ ਦੇ ਆਸਾਰ
22 ਜਨਵਰੀ ਤੋਂ ਮੌਸਮ ਵਿਚ ਵੱਡਾ ਬਦਲਾਅ ਆਉਣ ਦੇ ਆਸਾਰ ਹਨ। ਇਸ ਦਿਨ ਸੂਬੇ ਦੇ ਕਈ ਹਿੱਸਿਆਂ ਵਿਚ ਗਰਜ-ਚਮਕ ਨਾਲ ਮੀਂਹ ਪੈ ਸਕਦਾ ਹੈ। ਕੁਝ ਜ਼ਿਲ੍ਹਿਆਂ ਵਿੱਚ ਬਿਜਲੀ ਕੜਕਣ ਦੇ ਨਾਲ 30 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਜਤਾਈ ਗਈ ਹੈ। 23 ਜਨਵਰੀ ਨੂੰ ਉੱਤਰੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। ਗੁਰਦਾਸਪੁਰ, ਪਠਾਨਕੋਟ ਅਤੇ ਨੇੜਲੇ ਇਲਾਕਿਆਂ ਵਿਚ ਮੌਸਮ ਹੋਰ ਜ਼ਿਆਦਾ ਪ੍ਰਭਾਵਿਤ ਹੋ ਸਕਦਾ ਹੈ, ਜਿੱਥੇ ਗਰਜ-ਚਮਕ, ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
24 ਜਨਵਰੀ ਨੂੰ ਸੂਬੇ ਭਰ ਵਿੱਚ ਮੌਸਮ ਮੁੜ ਸਧਾਰਨ ਹੋਣ ਦੇ ਆਸਾਰ ਹਨ ਅਤੇ ਜ਼ਿਆਦਾਤਰ ਜ਼ਿਲ੍ਹਿਆਂ ਲਈ ਕੋਈ ਚੇਤਾਵਨੀ ਨਹੀਂ ਦਿਖਾਈ ਗਈ। ਮੌਸਮ ਵਿਭਾਗ ਨੇ ਕਿਸਾਨਾਂ, ਵਾਹਨ ਚਾਲਕਾਂ ਅਤੇ ਆਮ ਲੋਕਾਂ ਨੂੰ ਅਗਲੇ ਕੁਝ ਦਿਨ ਸਾਵਧਾਨੀ ਵਰਤਣ ਅਤੇ ਤਾਜ਼ਾ ਮੌਸਮ ਅਪਡੇਟ ’ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ।
