ਮੁਹੱਲਾ ਵਾਸੀਆਂ ਨੇ ਤੰਗ ਆ ਕੇ ਖੁਦ ਹੀ ਬਣਾਉਣੀ ਸ਼ੁਰੂ ਕੀਤੀ ਗਲੀ

06/28/2017 4:29:10 AM

ਦਸੂਹਾ, (ਸੰਜੇ ਰੰਜਨ)- ਸ਼ਹਿਰ ਦੇ ਵਾਰਡ ਨੰਬਰ 13 'ਚ ਦਇਆ ਨੰਦ ਸਕੂਲ ਦੇ ਕੋਲ ਗਲੀ ਦੀ ਹਾਲਤ ਪਿਛਲੇ ਕਾਫੀ ਸਮੇਂ ਤੋਂ ਖਸਤਾ ਸੀ, ਜਿਸ ਕਾਰਨ ਇਨ੍ਹਾਂ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਕਿਉਂਕਿ ਉਨ੍ਹਾਂ ਨੂੰ ਆਪਣੇ ਵਾਹਨ ਸਕੂਟਰ-ਮੋਟਰਸਾਈਕਲ ਵੀ ਆਪਣੇ ਘਰਾਂ ਤੱਕ ਲਿਜਾਣਾ ਮੁਸ਼ਕਿਲ ਸੀ। ਇਸ ਸਬੰਧ 'ਚ ਮੁਹੱਲਾ ਵਾਸੀ ਪਵਨ ਵਰਮਾ, ਸਤਨਾਮ ਠਾਕੁਰ, ਰਵੀ ਕੁਮਾਰ, ਵੇਦ ਪ੍ਰਕਾਸ਼, ਚੰਚਲਾ ਰਾਣੀ, ਨਹਿਰੂ, ਸੀਮਾ ਵਰਮਾ, ਜੈ ਰਾਣੀ ਆਦਿ ਨੇ ਦੱਸਿਆ ਕਿ ਇਸ ਸਬੰਧੀ ਉਹ ਕਈ ਵਾਰ ਆਪਣੇ ਵਾਰਡ ਦੇ ਕੌਂਸਲਰ ਨੂੰ ਜਾਣੂ ਕਰਵਾ ਚੁੱਕੇ ਹਨ ਅਤੇ ਕਈ ਵਾਰ ਨਗਰ ਕੌਂਸਲ ਵੀ ਜਾ ਚੁੱਕੇ ਹਨ ਪਰ ਉਨ੍ਹਾਂ ਦੀ ਸਮੱਸਿਆ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਇਸ ਲਈ ਤੰਗ ਆ ਕੇ ਮੁਹੱਲਾ ਵਾਸੀਆਂ ਨੇ ਆਪਣੀ ਜੇਬ 'ਚੋਂ ਹੀ ਪੈਸਾ ਖਰਚ ਕਰਨ ਦਾ ਫੈਸਲਾ ਕੀਤਾ ਅਤੇ ਘਰ-ਘਰ ਜਾ ਕੇ ਪੈਸਾ ਇਕੱਠਾ ਕੀਤਾ ਹੈ। ਹੁਣ ਇਸ ਪੈਸੇ ਨਾਲ ਗਲੀ 'ਚ ਦਾਖਲ ਹੋਣ ਦਾ ਜੋ ਰਸਤਾ ਖ਼ਰਾਬ ਸੀ, ਉਥੇ ਸਲੈਬ ਪਾਈ ਜਾ ਰਹੀ ਹੈ। ਹੁਣ ਉਨ੍ਹਾਂ ਨੂੰ ਕੋਈ ਉਮੀਦ ਹੀ ਨਹੀਂ ਰਹੀ, ਨਾ ਤਾਂ ਨਗਰ ਕੌਂਸਲ ਤੇ ਨਾ ਹੀ ਕੌਂਸਲਰ ਤੋਂ, ਕਿਉਂਕਿ ਮੁਹੱਲੇ ਦੀ ਸਮੱਸਿਆ ਜਾਣਦੇ ਹੋਏ ਵੀ ਉਹ ਅਣਜਾਣ ਬਣੇ ਹੋਏ ਹਨ।
ਕੀ ਕਹਿੰਦੇ ਨੇ ਕੌਂਸਲਰ : ਇਸ ਸਬੰਧੀ ਜਦੋਂ ਵਾਰਡ ਦੇ ਕੌਂਸਲਰ ਜਸਵੰਤ ਪੱਪੂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਉਨ੍ਹਾਂ ਦੇ ਧਿਆਨ 'ਚ ਹੈ ਤੇ ਉਨ੍ਹਾਂ ਕਈ ਵਾਰ ਨਗਰ ਕਂੌਸਲ ਦੀ ਮੀਟਿੰਗ 'ਚ ਵੀ ਇਸ ਨੂੰ ਰੱਖਿਆ ਹੈ। ਪਰ ਨਗਰ ਕੌਂਸਲ ਕੋਲ ਫੰਡਾਂ ਦੀ ਘਾਟ ਚੱਲ ਰਹੀ ਹੈ, ਜਦੋਂ ਵੀ ਫੰਡ ਆਉਣਗੇ ਤਾਂ ਪਹਿਲ ਦੇ ਆਧਾਰ 'ਤੇ ਇਸ ਸਮੱਸਿਆ ਨੂੰ ਦੂਰ ਕਰਨਗੇ।
ਕੀ ਕਹਿੰਦੇ ਨੇ ਪ੍ਰਧਾਨ : ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਐਕਟਿੰਗ ਪ੍ਰਧਾਨ ਕਰਮਬੀਰ ਘੁੰਮਣ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਰਕਾਰ ਨੇ ਸਾਰੇ ਫੰਡ ਵਾਪਸ ਲੈ ਲਏ ਹਨ। ਇਸ ਲਈ ਵਿਕਾਸ ਕੰਮ ਕਰਵਾਉਣ 'ਚ ਮੁਸ਼ਕਿਲ ਆ ਰਹੀ ਹੈ।


Related News