ਚੌਲਾਂ ਦੀ ਫੱਕ ਨੂੰ ਬਾਲਣ ਤੋਂ ਬਾਅਦ ਪੈਦਾ ਹੋਈ ਰਾਖ ਨੂੰ ਇੱਟਾਂ ਬਣਾਉਣ ''ਚ ਵਰਤਣ ਦੀ ਸਲਾਹ

Sunday, Oct 29, 2017 - 07:15 AM (IST)

ਚੌਲਾਂ ਦੀ ਫੱਕ ਨੂੰ ਬਾਲਣ ਤੋਂ ਬਾਅਦ ਪੈਦਾ ਹੋਈ ਰਾਖ ਨੂੰ ਇੱਟਾਂ ਬਣਾਉਣ ''ਚ ਵਰਤਣ ਦੀ ਸਲਾਹ

ਪਟਿਆਲਾ  (ਰਾਣਾ) - ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਾਤਾਵਰਣ ਦੀ ਸ਼ੁੱਧਤਾ ਨੂੰ ਮੁੱਖ ਰੱਖਦੇ ਹੋਏ ਹਰ ਫਾਰਮੂਲਾ ਵਰਤ ਰਿਹਾ ਹੈ ਤਾਂ ਜੋ ਸੂਬੇ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਸਕੇ। ਅਜਿਹਾ ਹੀ ਇਕ ਨਵਾਂ ਫਾਰਮੂਲਾ ਸੂਬੇ ਦੇ ਇੱਟਾਂ ਬਣਾਉਣ ਵਾਲੇ ਭੱਠਾ ਮਾਲਕਾਂ ਨੂੰ ਦਿੰਦੇ ਹੋਏ ਦੱਸਿਆ ਹੈ ਕਿ ਪੰਜਾਬ ਵਿਚ ਬਣਨ ਵਾਲੀਆਂ ਇੱਟਾਂ ਦੀ ਮਿੱਟੀ ਵਿਚ ਚੌਲਾਂ ਦੀ ਫੱਕ ਨੂੰ ਬਾਲਣ ਤੋਂ ਬਾਅਦ ਪੈਦਾ ਹੋਈ ਰਾਖ ਨੂੰ ਵਰਤੋਂ ਵਿਚ ਲਿਆਂਦਾ ਜਾਵੇ ਤਾਂ ਜੋ ਰਾਖ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਖ਼ਤਮ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਹਰ ਸਾਲ ਪੰਜਾਬ ਦੇ ਇੱਟਾਂ ਬਣਾਉਣ ਵਾਲੇ 3000 ਭੱਠਿਆਂ ਵਿਚ ਕਰੋੜਾਂ ਇੱਟਾਂ ਬਣਦੀਆਂ ਹਨ, ਜਿਨ੍ਹਾਂ ਵਿਚ ਇਸ ਰਾਖ਼ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। ਪੰਜਾਬ ਵਿਚ ਕਾਫ਼ੀ ਫੈਕਟਰੀਆਂ ਅਜਿਹੀਆਂ ਹਨ, ਜਿਥੇ ਬਾਇਲਰਾਂ ਵਿਚ ਚੌਲਾਂ ਦੀ ਫੱਕ ਬਾਲਣ ਵਜੋਂ ਵਰਤੀ ਜਾਂਦੀ ਹੈ, ਜਿਸ ਤੋਂ ਰਾਖ਼ ਦੀ ਪੈਦਾਵਾਰ ਕਾਫ਼ੀ ਮਾਤਰਾ ਵਿਚ ਹੁੰਦੀ ਹੈ। ਇਸ ਨੂੰ ਵਰਤੋਂ ਵਿਚ ਲਿਆਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਨਵੇਂ ਫਾਰਮੂਲੇ 'ਤੇ ਕੰਮ ਕਰਨ ਲਈ ਕਿਹਾ ਹੈ।
ਇਸ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੁਝ ਭੱਠਿਆਂ ਵਿਚ ਇਸ ਰਾਖ ਨੂੰ 40 ਪ੍ਰਤੀਸ਼ਤ ਤੱਕ ਮਿੱਟੀ ਵਿਚ ਮਿਲਾ ਕੇ ਇੱਟਾਂ ਬਣਾਉਣ ਲਈ ਤਜਰਬੇ ਦੇ ਤੌਰ 'ਤੇ ਵਰਤਿਆ ਗਿਆ, ਜਿਸ ਦੇ ਬਹੁਤ ਵਧੀਆ ਨਤੀਜੇ ਆਏ ਹਨ। ਬੋਰਡ ਵੱਲੋਂ ਵੇਖਿਆ ਗਿਆ ਕਿ ਇਸ ਰਾਖ ਵਿਚ ਕਾਰਬਨ ਦੀ ਮਾਤਰਾ ਹੋਣ ਕਾਰਨ ਇੱਟਾਂ ਦੀ ਪਕਾਈ ਚੰਗੀ ਤਰ੍ਹਾਂ ਹੋ ਜਾਂਦੀ ਹੈ ਅਤੇ ਇੱਟਾਂ ਦੀ ਕੁਆਲਿਟੀ ਵੀ ਵਧੀਆ ਬਣਦੀ ਹੈ। ਤਜਰਬਿਆਂ ਨੇ ਪ੍ਰਤੱਖ ਦੱਸਿਆ ਕਿ ਇਨ੍ਹਾਂ ਇੱਟਾਂ ਵਿਚ ਜਿੰਨੀ ਮਿਕਦਾਰ ਵਿਚ ਝੋਨੇ ਦੀ ਫੱਕ ਦੀ ਰਾਖ ਵਰਤੀ ਜਾਂਦੀ ਹੈ, ਉਨੀ ਹੀ ਮਿਕਦਾਰ ਵਿਚ ਇਨ੍ਹਾਂ ਇੱਟਾਂ ਨੂੰ ਪਕਾਉਣ ਵਿਚ ਕੋਲੇ ਦੀ ਘੱਟ ਵਰਤੋਂ ਹੁੰਦੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪਨੂੰ ਨੇ ਪੰਜਾਬ ਦੇ ਭੱਠਾਂ ਮਾਲਕਾਂ ਨੂੰ ਸਲਾਹ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਬਣਾਈਆਂ ਜਾ ਰਹੀਆਂ ਇੱਟਾਂ ਵਿਚ ਮਿੱਟੀ ਦੀ ਕਿਸਮ ਅਨੁਸਾਰ 30 ਪ੍ਰਤੀਸ਼ਤ ਤੱਕ ਚੌਲਾਂ ਦੀ ਫੱਕ ਦੀ ਰਾਖ ਨੂੰ ਵਰਤਣ ਦੀ ਕੋਸ਼ਿਸ਼ ਕਰਨ। ਇਸ ਨਾਲ ਨਾ ਕੇਵਲ ਪੰਜਾਬ ਦੀ ਬੇਸ਼ਕੀਮਤੀ ਮਿੱਟੀ ਦੀ ਬੱਚਤ ਹੋਵੇਗੀ, ਸਗੋਂ ਝੋਨੇ ਦੀ ਫੱਕ ਦੀ ਰਾਖ ਦੀ ਵੀ ਸੁਚੱਜੀ ਵਰਤੋਂ ਹੋਵੇਗੀ। ਇੱਟਾਂ ਦੀ ਕੁਆਲਿਟੀ ਵਧੀਆ ਬਣਨ ਤੋਂ ਇਲਾਵਾ ਕੋਲੇ ਦੀ ਘੱਟ ਵਰਤੋਂ ਹੋਣ ਕਾਰਨ ਇੱਟਾਂ ਬਣਾਉਣ 'ਤੇ ਖਰਚਾ ਵੀ ਘੱਟ ਆਵੇਗਾ ਅਤੇ ਪ੍ਰਦੂਸ਼ਣ ਵੀ ਘੱਟ ਹੋਵੇਗਾ।


Related News