ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾਉਣ ਦੀ ਤਾਕ 'ਚ ਹੈ ਸਰਕਾਰ, ਪੰਥਕ ਸੰਸਥਾਵਾਂ ਨੂੰ ਨਹੀਂ ਲੱਗਣ ਦੇਵਾਂਗੇ ਢਾਹ: ਝਿੰਜਰ
Monday, Jan 12, 2026 - 04:59 PM (IST)
ਜੈਤੋ (ਰਘੂਨੰਦਨ ਪਰਾਸ਼ਰ)- ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅੱਜ ਬਠਿੰਡਾ ਪਹੁੰਚੇ। ਇਸ ਮੌਕੇ ਉਨ੍ਹਾਂ ਸਾਬਕਾ ਕੇਂਦਰੀ ਮੰਤਰੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸੁਸ਼ੀਲ ਕੁਮਾਰ ਗੋਲਡੀ ਅਤੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਜਗਸੀਰ ਸਿੰਘ ਜੱਗਾ ਕਲਿਆਣ ਦੀ ਮੌਜੂਦਗੀ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਪੰਜਾਬ ਦੀ ਮੌਜੂਦਾ ਮਾਨ ਸਰਕਾਰ ਵੱਲੋਂ 328 ਸਰੂਪ ਸਾਹਿਬ ਮਾਮਲੇ 'ਤੇ ਕੀਤੀ ਜਾ ਰਹੀ ਕਾਰਵਾਈ 'ਤੇ ਸਵਾਲ ਚੱਕੇ।
ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਮੋਹਿਤ ਗੁਪਤਾ, ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰ ਇਕਬਾਲ ਸਿੰਘ ਬਰਾੜ ਸੈਣੇਵਾਲਾ ਅਤੇ ਹੋਰ ਯੂਥ ਆਗੂ ਵੀ ਹਾਜ਼ਰ ਸਨ। ਇਸ ਮੌਕੇ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਕ੍ਰਿਮੀਨਲ ਮਾਈਂਡ ਵਾਲੀ ਪਾਰਟੀ ਹੈ, ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਸੋਚ ਪੰਥ ਵਿਰੋਧੀ ਹੈ ਅਤੇ ਸ਼ਰਾਬ ਘਪਲੇ ਵਿੱਚ ਫਸੇ ਮਨੀਸ਼ ਸਿਸੋਦੀਆ ਦੀ ਸੋਚ ਸ਼ਾਮ, ਦਾਮ, ਦੰਡ, ਭੇਦਭਾਵ ਦੀ ਰਾਜਨੀਤੀ ਨਾਲ ਸੂਬੇ ਦਾ ਮਾਹੌਲ ਖ਼ਰਾਬ ਕਰ ਰਹੇ ਹਨ।
ਇਹ ਵੀ ਪੜ੍ਹੋ: Big Breaking: ਗੋਲ਼ੀਆਂ ਮਾਰ ਕਤਲ ਕੀਤੇ ਰਾਣਾ ਬਲਾਚੌਰੀਆ ਦੇ ਮਾਮਲੇ 'ਚ ਦੋ ਸ਼ੂਟਰ ਗ੍ਰਿਫ਼ਤਾਰ! ਹੋਣਗੇ ਵੱਡੇ ਖ਼ੁਲਾਸੇ
ਉਨ੍ਹਾਂ ਕਿਹਾ ਕਿ 328 ਪਾਵਨ ਸਰੂਪ ਸਾਹਿਬ ਨਾ ਤਾਂ ਚੋਰੀ ਹੋਏ ਅਤੇ ਨਾ ਹੀ ਬੇਅਦਬੀ ਹੋਈ ਹੈ, ਸ਼੍ਰੋਮਣੀ ਕਮੇਟੀ ਦੇ ਦੋ ਮੁਲਾਜ਼ਮਾਂ ਵੱਲੋਂ ਸਰੂਪ ਸਾਹਿਬ ਦੀ ਭੇਟਾ ਜਮਾ ਨਾ ਕਰਵਾਉਣ ਦਾ ਇਕ ਘਪਲਾ ਹੋਇਆ ਹੈ, ਜਿਸ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਉਸ ਸਮੇਂ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਹਦਾਇਤਾਂ 'ਤੇ ਈਸ਼ਰ ਸਿੰਘ ਦੀ ਜਾਂਚ ਰਿਪੋਰਟ ਵਿੱਚ ਸਾਰਾ ਸੱਚ ਸਾਹਮਣੇ ਲਿਆ ਦਿੱਤਾ ਅਤੇ ਉਕਤ ਦੋ ਮੁਲਾਜ਼ਮਾਂ ਦੇ ਨਾਲ ਹੋਰ 14 ਮੁਲਾਜ਼ਮਾਂ ਵੱਲੋਂ ਦਿੱਤੇ ਸਹਿਯੋਗ ਕਰਕੇ 16 ਮੁਲਾਜ਼ਮਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਪਰ ਮਾਨ ਸਰਕਾਰ ਅਤੇ ਸਰਕਾਰ ਦੇ ਗੁਰਸਿੱਖ ਪਹਿਰਾਵੇ ਵਾਲੇ ਕੁਝ ਆਗੂ ਸਾਜਿਸ਼ ਤਹਿਤ ਇਸ ਨੂੰ ਚੋਰੀ ਜਾਂ ਬੇਅਦਬੀ ਦਾ ਰੂਪ ਦੇ ਰਹੇ ਹਨ, ਜੋ ਖ਼ੁਦ ਬੇਅਦਬੀ ਕਰ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ 'ਚ Alert, ਮੀਂਹ ਸਬੰਧੀ ਦਿੱਤੇ ਇਹ ਸੰਕੇਤ
ਉਨ੍ਹਾਂ ਕਿਹਾ ਕਿ 328 ਪਾਵਨ ਸਰੂਪ ਸਾਹਿਬ ਦੇ ਮਾਮਲੇ ਨੂੰ ਤੂਲ ਦੇ ਕੇ ਸਰਕਾਰ ਸ਼੍ਰੋਮਣੀ ਅਕਾਲੀ ਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ 'ਤੇ ਲੈ ਰਹੀ ਹੈ ਤਾਂ ਜੋ ਝੂਠਾ ਪਰਚਾ ਦਰਜ ਕੀਤਾ ਜਾਵੇ ਅਤੇ ਪੰਥਕ ਸੰਸਥਾਵਾਂ ਨੂੰ ਢਾਹ ਲਾ ਕੇ ਪੰਥ ਪੰਜਾਬ ਅਤੇ ਪੰਜਾਬੀਅਤ ਦਾ ਨੁਕਸਾਨ ਕੀਤਾ ਜਾਵੇ ਪਰ ਸ਼੍ਰੋਮਣੀ ਅਕਾਲੀ ਦਲ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਜਾਂ ਪ੍ਰਧਾਨ ਦਾ ਕੋਈ ਨੁਕਸਾਨ ਹੋਣ ਦੇਵੇਗਾ ਅਤੇ ਨਾ ਹੀ ਪੰਥਕ ਸੰਸਥਾਵਾਂ ਦੀ ਮਰਿਆਦਾ ਨੂੰ ਕਦੇ ਢਾਹ ਲੱਗਣ ਦਿੱਤੀ ਜਾਵੇਗੀ, ਚਾਹੇ ਇਸ ਲਈ ਕਿੰਨੀ ਵੀ ਲੜਾਈ ਲੜਨੀ ਪਵੇ। ਝਿੰਜਰ ਨੇ ਦੋਸ਼ ਲਾਏ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਸ਼ਰਾਬ ਦੇ ਨਸ਼ੇ ਵਿੱਚ ਟੁੱਲ ਰਹਿ ਕੇ ਗੁਰੂ ਦੀ ਬੇਅਦਬੀ ਕਰਦੇ ਆਏ ਹਨ, ਉਹ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਨੂੰ ਵੇਖ ਕੇ ਬੁਖਲਾਹਟ ਵਿੱਚ ਇਸ ਤਰ੍ਹਾਂ ਦੀਆਂ ਸਾਜਿਸ਼ਾਂ ਨਾਲ ਸੂਬੇ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਇਸ ਮੌਕੇ ਉਨ੍ਹਾਂ 328 ਪਾਵਨ ਸਰੂਪ ਸਾਹਿਬ ਮਾਮਲੇ ਦੀ ਜਾਂਚ ਲਈ ਪੁਲਸ ਅਫ਼ਸਰਾਂ ਦੀ ਬਣਾਈ ਜਾਂਚ ਟੀਮ 'ਤੇ ਵੀ ਸਵਾਲ ਚੱਕੇ ਅਤੇ ਉਨ੍ਹਾਂ ਪੁਲਸ ਅਫ਼ਸਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਵਿਰੋਧੀ ਸੋਚ ਦੇ ਅਫ਼ਸਰ ਕਰਾਰ ਦਿੱਤਾ।
ਝਿੰਜਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ, ਮਨੀਸ਼ ਸਸੋਦੀਆ, ਭਗਵੰਤ ਮਾਨ ਸਮੇਤ ਪੂਰੀ ਟੀਮ ਚਾਰ ਸਾਲ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰੀ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਉਹ ਪੰਥਕ ਸੰਸਥਾਵਾਂ ਦਾ ਨੁਕਸਾਨ ਅਤੇ ਲੋਕਾਂ ਨੂੰ ਗੁਮਰਾਹ ਕਰਕੇ ਜਿੱਤਣਾ ਚਾਹੁੰਦੀ ਹੈ ਪਰ ਲੋਕ ਸਭ ਜਾਣ ਚੁੱਕੇ ਹਨ ਅਤੇ ਇਨ੍ਹਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਬਕ ਮਿਲੇਗਾ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੇਵਾ ਨਿਭਾਉਣ ਮੌਕੇ ਸੁਖਬੀਰ ਸਿੰਘ ਬਾਦਲ ਤੇ ਨਰਾਇਣ ਸਿੰਘ ਚੌੜਾ ਵੱਲੋਂ ਕੀਤੇ ਹਮਲੇ ਦੀ ਗੱਲ ਵੀ ਕੀਤੀ ਅਤੇ ਕਿਹਾ ਕਿ ਸਾਜਿਸ਼ ਤਹਿਤ ਸੁਖਬੀਰ ਸਿੰਘ ਬਾਦਲ ਸਮੇਤ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਇਹ ਮਨਸੂਬੇ ਸਰਕਾਰ ਦੇ ਕਾਮਯਾਬ ਨਹੀਂ ਹੋਣਗੇ, ਜਿਸ ਲਈ ਯੂਥ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਹਰ ਪੱਖ ਤੋਂ ਨਿਗਾਹ ਰੱਖ ਰਿਹਾ ਹੈ।
ਇਸ ਮੌਕੇ ਮੋਹਿਤ ਗੁਪਤਾ, ਸੁਸ਼ੀਲ ਕੁਮਾਰ ਗੋਲਡੀ, ਜਗਸੀਰ ਸਿੰਘ ਜੱਗਾ ਕਲਿਆਣਾ ਅਤੇ ਇਕਬਾਲ ਸਿੰਘ ਬਬਲੀ ਢਿੱਲੋ ਨੇ ਵੀ ਸਰਕਾਰ ਦੀ ਕਾਰਵਾਈ 'ਤੇ ਸਵਾਲ ਚੁੱਕੇ ਅਤੇ ਕਿਹਾ ਕਿ 328 ਪਾਵਨ ਸਰੂਪ ਸਾਹਿਬ ਮਾਮਲੇ 'ਤੇ ਸਾਜਿਸ਼ ਤਹਿਤ ਪਾਰਟੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਲਕੋਹਲ ਟੈਸਟ ਕਰਾਉਣ ਦੀ ਵੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸੰਦੀਪ ਸਿੰਘ ਬਾਠ, ਕਵਲਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਓਮ ਪ੍ਰਕਾਸ਼ ਸ਼ਰਮਾ ਸਮੇਤ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ।
ਇਹ ਵੀ ਪੜ੍ਹੋ: Punjab:ਮਾਂ ਨਾਲ ਪਹਿਲਾਂ ਭਾਖੜਾ ਨਹਿਰ ਕੋਲ ਪੁੱਜਾ ਪੁੱਤ, ਫਿਰ ਮਾਂ ਨੂੰ ਗੱਡੀ 'ਚ ਛੱਡ ਪੁਲ ਤੋਂ ਕੀਤਾ ਉਹ ਜੋ ਸੋਚਿਆ ਨਾ ਸੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
