ਬਠਿੰਡਾ ਦੀ ਅਦਾਲਤ ਦਾ ਵੱਡਾ ਫ਼ੈਸਲਾ! ਕੰਗਣਾ ਰਣੌਤ ਨੂੰ ਨਿੱਜੀ ਪੇਸ਼ੀ ਤੋਂ ਦਿੱਤੀ ਛੋਟ
Thursday, Jan 15, 2026 - 06:21 PM (IST)
ਬਠਿੰਡਾ (ਵੈੱਬ ਡੈਸਕ, ਵਿਜੈ, ਵਰਮਾ)- ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਬਠਿੰਡਾ ਦੀ ਅਦਾਲਤ 'ਚ ਪੇਸ਼ ਹੋਏ। ਕਿਸਾਨ ਅੰਦੋਲਨ ਨਾਲ ਜੁੜੇ ਮਾਣਹਾਨੀ ਮਾਮਲੇ 'ਚ ਦੋਹਾਂ ਪੱਖਾਂ ਦੇ ਵਕੀਲਾਂ ਵਿਚਾਲੇ ਵਿਸਥਾਰ ਨਾਲ ਬਹਿਸ ਹੋਈ। ਸੁਣਵਾਈ ਉਪਰੰਤ ਅਦਾਲਤ ਨੇ ਮਾਣਹਾਨੀ ਮਾਮਲੇ 'ਚ ਕੰਗਨਾ ਰਣੌਤ ਨੂੰ ਨਿੱਜੀ ਪੇਸ਼ੀ ਤੋਂ ਛੂਟ ਦੇ ਦਿੱਤੀ ਹੈ। ਇਥੇ ਦੱਸ ਦੇਈਏ ਕਿ ਇਹ ਮਾਮਲਾ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਦੌਰਾਨ ਬਜ਼ੁਰਗ ਮਹਿਲਾ ਮਹਿੰਦਰ ਕੌਰ ਬਾਰੇ ਕੀਤੀ ਗਈ ਕਥਿਤ ਇਤਰਾਜ਼ਯੋਗ ਟਿੱਪਣੀ ਨਾਲ ਜੁੜਿਆ ਹੋਇਆ ਹੈ।
ਵੀਡੀਓ ਕਾਨਫ਼ਰੰਸ ਰਾਹੀਂ ਹੋਈ ਪੇਸ਼ੀ ਦੌਰਾਨ ਕੰਗਨਾ ਰਣੌਤ ਵੱਲੋਂ ਪਹਿਲਾਂ ਦਾਇਰ ਕੀਤੀ ਗਈ ਨਿੱਜੀ ਪੇਸ਼ੀ ਤੋਂ ਛੋਟ ਦੀ ਅਰਜ਼ੀ 'ਤੇ ਅਦਾਲਤ ਵਿੱਚ ਲੰਬੀ ਬਹਿਸ ਹੋਈ। ਕੰਗਨਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਕੰਗਣਾ ਇਕ ਸੰਸਦ ਮੈਂਬਰ ਹਨ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰੁਝੇਵਿਆਂ ਕਾਰਨ ਹਰ ਤਾਰੀਖ਼ 'ਤੇ ਨਿੱਜੀ ਤੌਰ 'ਤੇ ਪੇਸ਼ ਹੋਣਾ ਉਨ੍ਹਾਂ ਲਈ ਸੰਭਵ ਨਹੀਂ ਹੈ। ਇਹ ਵੀ ਕਿਹਾ ਗਿਆ ਕਿ ਉਹ ਵੀਡੀਓ ਕਾਨਫ਼ਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੁੰਦੀ ਰਹੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਦਿਨ-ਦਿਹਾੜੇ ਗੋਲ਼ੀਆਂ ਨਾਲ ਭੁੰਨ 'ਤਾ ਦੁਕਾਨ 'ਤੇ ਬੈਠਾ ਵਿਅਕਤੀ
ਇਸ ਦੌਰਾਨ ਸ਼ਿਕਾਇਤਕਰਤਾ ਮਹਿੰਦਰ ਕੌਰ ਦੇ ਵਕੀਲ ਰਘੁਬੀਰ ਸਿੰਘ ਬਹਿਣੀਵਾਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਕੰਗਨਾ ਰਣੌਤ ਜਾਣਬੁੱਝ ਕੇ ਨਿੱਜੀ ਪੇਸ਼ੀ ਤੋਂ ਬਚ ਰਹੀ ਹੈ ਅਤੇ ਇਸ ਨਾਲ ਮਾਮਲੇ ਦੀ ਸੁਣਵਾਈ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਪਿਛਲੇ ਚਾਰ ਸਾਲਾਂ ਤੋਂ ਲਟਕ ਰਿਹਾ ਹੈ ਅਤੇ ਪੀੜਤ ਪੱਖ ਲਗਾਤਾਰ ਇਨਸਾਫ਼ ਲਈ ਸੰਘਰਸ਼ ਕਰ ਰਿਹਾ ਹੈ। ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੰਗਨਾ ਰਣੌਤ ਦੀ ਨਿੱਜੀ ਪੇਸ਼ੀ ਤੋਂ ਛੋਟ ਦੀ ਅਰਜ਼ੀ ਨੂੰ ਸਵੀਕਾਰ ਕਰ ਲਿਆ। ਅਦਾਲਤ ਨੇ ਸਪੱਸ਼ਟ ਕੀਤਾ ਕਿ ਕੰਗਨਾ ਅਗਲੀਆਂ ਸੁਣਵਾਈਆਂ ਵਿੱਚ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ ਹੋ ਸਕੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਹੋਏ ਵੱਡੇ ਬਦਲਾਅ, ਨਵੇਂ ਹੁਕਮ ਜਾਰੀ
ਅਦਾਲਤ ਨੂੰ ਦੱਸਿਆ ਗਿਆ ਕਿ ਮਾਮਲੇ ਵਿੱਚ ਪਹਿਲਾਂ ਹੀ ਕੁਝ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ ਅਤੇ ਸਬੂਤ ਵੀ ਪੇਸ਼ ਹੋ ਚੁੱਕੇ ਹਨ। ਸ਼ਿਕਾਇਤ ਕਰਤਾ ਪੱਖ ਦਾ ਦੋਸ਼ ਹੈ ਕਿ ਕਿਸਾਨ ਅੰਦੋਲਨ ਦੌਰਾਨ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਇਕ ਪੋਸਟ ਰਾਹੀਂ ਕੰਗਣਾ ਰਨੌਤ ਨੇ ਮਹਿੰਦਰ ਕੌਰ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਸੀ, ਜਿਸ ਨਾਲ ਉਨ੍ਹਾਂ ਦੀ ਸਮਾਜਿਕ ਇੱਜ਼ਤ ਪ੍ਰਭਾਵਿਤ ਹੋਈ। ਹੁਣ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਦੀ ਤਾਰੀਖ਼ 27 ਜਨਵਰੀ ਤੈਅ ਕੀਤੀ ਹੈ। ਅਗਲੀ ਤਾਰੀਖ਼ ‘ਤੇ ਗਵਾਹਾਂ ਅਤੇ ਅੱਗੇ ਦੀ ਕਾਨੂੰਨੀ ਪ੍ਰਕਿਰਿਆ ਸਬੰਧੀ ਸੁਣਵਾਈ ਕੀਤੀ ਜਾਵੇਗੀ। ਇਸ ਦੌਰਾਨ ਮਹਿੰਦਰ ਕੌਰ ਨੇ ਇਕ ਵਾਰ ਫਿਰ ਕਿਹਾ ਕਿ ਉਹ ਇਨਸਾਫ਼ ਮਿਲਣ ਤੱਕ ਆਪਣੀ ਕਾਨੂੰਨੀ ਲੜਾਈ ਜਾਰੀ ਰੱਖਣਗੀਆਂ।
ਇਹ ਵੀ ਪੜ੍ਹੋ: ਪਾਵਨ ਸਰੂਪਾਂ ਬਾਰੇ CM ਮਾਨ ਦੇ ਖੁਲਾਸੇ ਦੀ ਡੇਰਾ ਪ੍ਰਬੰਧਕਾਂ ਨੇ ਕੱਢੀ ਫੂਕ, ਕੀ ਝੂਠ ਬੋਲ ਰਹੇ ਨੇ ਮਾਨ ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
