ਪੰਜਾਬ ਰਹਿ ਸਕਦੈ 6 ਮਹੀਨਿਆਂ ਤਕ ਅੱਤਵਾਦੀਆਂ ਦੇ ਨਿਸ਼ਾਨੇ ''ਤੇ

11/11/2017 5:34:05 PM

ਗੁਰਦਾਸਪੁਰ, (ਵਿਨੋਦ)- ਪੰਜਾਬ  ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ  'ਤੇ ਬੇਸ਼ੱਕ ਹੀ 8 ਇਨਫਰਾਰੈੱਡ ਤੇ ਲੇਜ਼ਰਬੀਮ ਸਿਸਟਮ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਭੂਗੌਲਿਕ ਕਾਰਨਾਂ ਕਾਰਨ ਅੱਜ ਵੀ ਅੱਤਵਾਦੀ ਅਤੇ ਸਮੱਗਲਰ ਨਾ ਸਿਰਫ ਪੰਜਾਬ ਵਿਚ ਦਾਖਲ ਹੁੰਦੇ ਹਨ, ਸਗੋਂ ਨਸ਼ਾ ਅਤੇ ਹਥਿਆਰ ਵੀ ਭੇਜਦੇ ਹਨ। ਹਾਲ ਹੀ ਵਿਚ ਵਿਸ਼ੇਸ਼ ਤੌਰ 'ਤੇ ਗਠਿਤ ਕੀਤੀ ਗਈ ਖੁਫੀਆ ਏਜੰਸੀ ਵਲੋਂ ਇਕ ਖੁਫੀਆ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪੀ ਗਈ ਹੈ, ਜਿਸ ਵਿਚ ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਅਤੇ ਡਰੱਗ ਸਮੱਗਲਰ ਹੁਣ ਪੰਜਾਬ ਵਿਚ ਹਥਿਆਰ ਅਤੇ ਨਸ਼ੇ ਦੀ ਖੇਪ ਭੇਜਣ ਲਈ ਡਰੋਨ ਅਤੇ ਪੈਰਾ-ਗਲਾਈਡਰਜ਼ ਦੀ ਵਰਤੋਂ ਕਰ ਸਕਦੇ ਹਨ। ਰਿਪੋਰਟ ਵਿਚ ਦੁਬਾਰਾ ਅੱਤਵਾਦੀ ਸਰਗਰਮੀਆਂ ਨੂੰ ਮੁੜ ਜ਼ਿੰਦਾ ਕਰਨ ਦੀਆਂ ਕੋਸ਼ਿਸ਼ਾਂ 'ਤੇ ਵੀ ਚਿੰਤਾ ਪ੍ਰਗਟਾਈ ਗਈ ਹੈ। ਇਸ ਏਜੰਸੀ ਵਿਚ ਭਾਰਤੀ ਫੌਜ, ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਦੇ ਅਧਿਕਾਰੀ ਵੀ ਸ਼ਾਮਲ ਹਨ।
ਦੂਸਰੇ ਪਾਸੇ ਇਸ ਰਿਪੋਰਟ ਤੋਂ ਹਟ ਕੇ ਦੇਖਿਆ ਜਾਵੇ ਤਾਂ ਸਰਹੱਦ 'ਤੇ ਕਈ ਗੈਪਸ ਦਾ ਅੱਤਵਾਦੀ ਅਤੇ ਸਮੱਗਲਰ ਘੁਸਪੈਠ ਅਤੇ ਸਮੱਗਲਿੰਗ ਲਈ ਫਾਇਦਾ ਉਠਾਉਂਦੇ ਰਹੇ ਹਨ ਅਤੇ ਉਠਾ ਵੀ ਰਹੇ ਹਨ। ਹਾਲਾਂਕਿ ਸੁਰੱਖਿਆ ਏਜੰਸੀਆਂ ਦਾ ਦਾਅਵਾ ਹੈ ਕਿ ਸਰਹੱਦ 'ਤੇ ਅਜਿਹੇ ਕੋਈ ਗੈਪਸ ਨਹੀਂ ਹਨ ਅਤੇ ਜਿਨ੍ਹਾਂ ਥਾਵਾਂ ਤੋਂ ਕੰਡਿਆਲੀ ਤਾਰ ਟੁੱਟੀ ਸੀ, ਉਥੇ ਮੁਰੰਮਤ ਕਰ ਦਿੱਤੀ ਗਈ ਹੈ ਅਤੇ ਸੁਰੱਖਿਆ ਦੇ ਲਿਹਾਜ ਤੋਂ ਕਈ ਕਦਮ ਚੁੱਕੇ ਗਏ ਹਨ।
ਸੂਤਰਾਂ ਅਨੁਸਾਰ ਪੰਜਾਬ ਵਿਚ ਪੈਂਦੀ ਕੌਮਾਂਤਰੀ ਸਰਹੱਦ 'ਤੇ ਜ਼ਿਲਾ ਗੁਰਦਾਸਪੁਰ ਅਤੇ ਪਠਾਨਕੋਟ ਵਿਚ ਤਾਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ. ਆਈ. ਨੂੰ ਡਰੋਨ ਜਾਂ ਗਲਾਈਡਰ ਆਦਿ ਦੀ ਵਰਤੋਂ ਕਰਨ ਦੀ ਲੋੜ ਹੀ ਨਹੀਂ ਹੈ। ਰਾਵੀ ਅਤੇ ਉਜ ਦਰਿਆ ਦੇ ਰਸਤੇ ਇਹ ਕੰਮ ਪਾਕਿਸਤਾਨ ਆਸਾਨੀ ਨਾਲ ਕਰ ਸਕਦਾ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਨਾਲ ਲੱਗਦੀ ਜੰਮੂ-ਕਸ਼ਮੀਰ ਦੀ ਸਰਹੱਦ 'ਤੇ ਇਨ੍ਹੀਂ ਦਿਨੀਂ ਬਰਫ ਪੈਣ ਕਾਰਨ ਕਸ਼ਮੀਰ ਵਿਚ ਅੱਤਵਾਦੀਆਂ ਦਾ ਦਾਖਲਾ ਬੰਦ ਹੋ ਜਾਂਦਾ ਹੈ। ਇਸ ਕਾਰਨ ਜੰਮੂ-ਕਸ਼ਮੀਰ ਦੇ ਅੱਤਵਾਦੀਆਂ ਨੇ ਪੰਜਾਬ ਦੇ ਅੱਤਵਾਦੀਆਂ ਨਾਲ ਗੰਢਤੁਪ ਕਰ ਲਈ ਹੈ। ਇਸ ਲਈ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਆਉਣ ਵਾਲੇ 6 ਮਹੀਨਿਆਂ ਵਿਚ ਪੰਜਾਬ ਵਿਚ ਅੱਤਵਾਦੀ ਸਰਗਰਮੀਆਂ ਮੁੜ ਜ਼ਿੰਦਾ ਹੋ ਸਕਦੀਆਂ ਹਨ। ਇਸ ਗੱਲ ਦਾ ਪ੍ਰਗਟਾਵਾ ਹਿੰਦੂ ਨੇਤਾਵਾਂ ਦੀਆਂ ਹੋ ਰਹੀਆਂ ਹੱਤਿਆਵਾਂ ਤੋਂ ਵੀ ਲਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਜਨਵਰੀ 2016 ਵਿਚ ਪਠਾਨਕੋਟ ਏਅਰਬੇਸ 'ਤੇ ਹਮਲਾ ਹੋ ਚੁੱਕਾ ਹੈ। ਓਧਰ ਇਨ੍ਹਾਂ ਹੱਤਿਆਵਾਂ ਨੂੰ ਲੈ ਕੇ ਬੀਤੇ ਦਿਨੀਂ ਕੁਝ ਗੈਂਗਸਟਰਾਂ ਨਾਲ ਇਨ੍ਹਾਂ ਹੱਤਿਆਵਾਂ ਲਈ ਫੰਡਿੰਗ ਕਰਨ ਵਾਲੇ ਯੂ. ਕੇ. ਦੇ ਨਾਗਰਿਕ ਜਗਤਾਰ ਸਿੰਘ ਜੌਹਲ ਅਤੇ ਇੰਗਲੈਂਡ ਤੋਂ ਡਿਪੋਰਟ ਕੀਤੇ ਗਏ ਤਲਜੀਤ ਸਿੰਘ ਉਰਫ ਜਿੰਮੀ ਸਿੰਘ ਦੀ ਗ੍ਰਿਫਤਾਰੀ ਵੀ ਹੋਈ ਹੈ। ਓਧਰ ਇਨ੍ਹਾਂ ਹੱਤਿਆਵਾਂ 'ਚ ਹਥਿਆਰ ਮੁਹੱਈਆ ਕਰਵਾਉਣ ਨੂੰ ਲੈ ਕੇ ਅੱਤਵਾਦੀ ਮਿੰਟੂ ਕੋਲੋਂ ਵੀ ਪੁੱਛਗਿੱਛ ਹੋ ਰਹੀ ਹੈ।


Related News