ਪੈਟਰੋਲ-ਡੀਜ਼ਲ ’ਤੇ ਲਾਏ ਟੈਕਸ ਖਿਲਾਫ ਅਕਾਲੀ ਗਰਜੇ ਸਾਈਕਲਾਂ ’ਤੇ ਰੋਸ ਮਾਰਚ
Wednesday, Jun 27, 2018 - 03:00 AM (IST)
ਪਟਿਆਲਾ, (ਜੋਸਨ, ਪਰਮੀਤ, ਬਲਜਿੰਦਰ, ਰਾਣਾ)- ਪੰਜਾਬ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ’ਤੇ ਲਾਏ ਬੇਹਿਸਾਬੇ ਟੈਕਸਾਂ ਦੇ ਵਿਰੋਧ ਵਿਚ ਅੱਜ ਸ਼ਹਿਰ ’ਚ ਅਕਾਲੀ ਦਲ ਬਾਦਲ ਦੇ ਆਗੂ ਖੂਬ ਗਰਜੇ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਅਤੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਸੀ. ਐੈੱਮ. ਸਿਟੀ ਵਿਚ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਡੀ. ਸੀ. ਦਫਤਰ ਤੱਕ ਸਾਈਕਲਾਂ ’ਤੇ ਰੋਸ ਮਾਰਚ ਕਰ ਕੇ ਪੰਜਾਬ ਸਰਕਾਰ ਵਿਰੁੱਧ ਧਰਨਾ ਦਿੱਤਾ। ਇਸ ਮੌਕੇ ਅਕਾਲੀ ਦਲ ਦੇ ਵਫ਼ਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਡੀ. ਸੀ. ਨੂੰ ਮੰਗ-ਪੱਤਰ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਲਾਏ ਬੇਹਿਸਾਬੇ ਟੈਕਸ ਨੂੰ ਘਟਾਉਣ ਅਤੇ ਪੈਟਰੋਲ ਅਤੇ ਡੀਜ਼ਲ ਨੂੰ ਜੀ. ਐੈੱਸ. ਟੀ. ਦੇ ਘੇਰੇ ਵਿਚ ਲਿਆਉਣ ਦੀ ਮੰਗ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਹਰਪਾਲ ਜੁਨੇਜਾ, ਸਾਬਕਾ ਚੇਅਰਮੈਨ ਵਿਸ਼ਨੂੰ ਸ਼ਰਮਾ, ਕਬੀਰ ਦਾਸ, ਸਕੱਤਰ ਜਨਰਲ ਨਰਦੇਵ ਸਿੰਘ ਆਕਡ਼ੀ, ਸੁਰਜੀਤ ਸਿੰਘ ਅਬਲੋਵਾਲ, ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ, ਰਣਧੀਰ ਸਿੰਘ ਰੱਖਡ਼ਾ ਤੇ ਹਰਵਿੰਦਰ ਸਿੰਘ ਹਰਪਾਲਪੁਰ ਆਦਿ ਅਕਾਲੀ ਆਗੂਆਂ ਨੇ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਨੇ ਆਮ ਆਦਮੀ ਦੀ ਕਮਰ ਤੋਡ਼ ਕੇ ਰੱਖ ਦਿੱਤੀ ਹੈ। ਡੀਜ਼ਲ ਦੇ ਮਹਿੰਗੇ ਰੇਟਾਂ ਕਰ ਕੇ ਜਿੱਥੇ ਪਹਿਲਾਂ ਤੋਂ ਹੀ ਆਰਥਕ ਮੰਦਹਾਲੀ ਦੀ ਸ਼ਿਕਾਰ ਕਿਸਾਨੀ ’ਤੇ ਬਹੁਤ ਮਾਡ਼ਾ ਅਸਰ ਪਿਆ ਹੈ, ਉਥੇ ਟ੍ਰਾਂਸਪੋਰਟ ਸੈਕਟਰ ਅਤੇ ਅਾਵਾਜਾਈ ਲਈ ਵਰਤੇ ਜਾਂਦੇ ਸਾਰੇ ਸਾਧਨਾਂ ਉੱਪਰ ਮਾਡ਼ਾ ਅਸਰ ਪੈਣ ਕਰ ਕੇ ਆਵਾਜਾਈ, ਢੋਆ-ਢੋਆਈ ਅਤੇ ਮਹਿੰਗਾਈ ਵਿਚ ਸਿੱਧੇ ਤੌਰ ’ਤੇ ਵਾਧਾ ਹੋਇਆ ਹੈ।
ਅਕਾਲੀ ਨੇਤਾਵਾਂ ਨੇ ਕਿਹਾ ਕਿ ਦੂਜੇ ਪਾਸੇ ਪੈਟਰੋਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਦੋ-ਪਹੀਆ ਵਾਹਨਾਂ ਦੀ ਵਰਤੋਂ ਕਰਨ ਵਾਲੇ ਆਮ ਆਦਮੀ ਤੋਂ ਲੈ ਕੇ ਮੱਧ-ਵਰਗੀ ਅਤੇ ਉੱਚ ਸ਼੍ਰੇਣੀ ਤੱਕ ਸਮਾਜ ਦੇ ਸਾਰੇ ਵਰਗਾਂ ਨੂੰ ਪ੍ਰਭਾਵਿਤ ਕੀਤਾ ਹੈ। ਇਥੇ ਹੀ ਬੱਸ ਨਹੀਂ, ਇਸ ਨਾਲ ਸਕੂਲਾਂ-ਕਾਲਜਾਂ ਵਿਚ ਪਡ਼੍ਹਨ ਜਾਣ ਵਾਲਾ ਵਿਦਿਆਰਥੀ ਵਰਗ ਬਹੁਤ ਹੀ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਛੋਟੇ ਸਾਧਨ ਆਟੋ ਵਗੈਰਾ ਵਿਚ ਸਫਰ ਕਰਨ ਵਾਲਾ ਸਮਾਜ ਦਾ ਆਮ ਵਰਗ ਵੀ ਬੁਰੀ ਤਰ੍ਹਾਂ ਇਸ ਦੀ ਲਪੇਟ ਵਿਚ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਕਮੀ ਲਿਆਉਣ ਲਈ ਟੈਕਸ ’ਚ ਕਮੀ ਕਰੇ। ਪੰਜਾਬ ਸਰਕਾਰ ਕੀਮਤਾਂ ਘਟਾਉਣ ਲਈ ਕੋਈ ਉਸਾਰੂ ਯਤਨ ਕਰਨ ਦੀ ਬਜਾਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਰਾਹੀਂ ਕੂਡ਼-ਪ੍ਰਚਾਰ ਕਰ ਕੇ ਠੀਕਰਾ ਕੇਂਦਰ ਸਰਕਾਰ ’ਤੇ ਭੰਨ ਰਹੀ ਹੈ। ਕੇਂਦਰ ਸਰਕਾਰ ਹੀ ਮਾਰਕੀਟ ਮੁਤਾਬਕ ਪੈਟਰੋਲੀਅਮ ਪਦਾਰਥਾਂ ਦਾ ਮੁੱਲ ਰੋਜ਼ਾਨਾ ਤੈਅ ਕਰਦੀ ਹੈ।
ਕਾਂਗਰਸ ਪਾਰਟੀ ਦਾ ਵਰਤਾਰਾ ਬਹੁਤ ਹੀ ਗੁੰਮਰਾਹਕੁੰਨ : ਕਬੀਰ ਦਾਸ, ਵਿਸ਼ਨੂੰ ਸ਼ਰਮਾ
ਇਸ ਮੌਕੇ ਹਲਕਾ ਨਾਭਾ ਦੇ ਇੰਚਾਰਜ ਕਬੀਰ ਦਾਸ ਤੇ ਸਾਬਕਾ ਚੇਅਰਮੈਨ ਵਿਸ਼ਨੂੰ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਹਾਲ ਹੀ ਵਿਚ ਪੈਟਰੋਲੀਅਮ ਪਦਾਰਥਾਂ ਅਤੇ ਹੋਰ ਗੱਲਾਂ ਨੂੰ ਮੁੱਦਾ ਬਣਾ ਕੇ ਕੀਤੀ ਜਾ ਰਹੀ ਘਟੀਆ ਸਿਆਸੀ ਰਾਜਨੀਤੀ ਤੋਂ ਸਾਫ ਪਤਾ ਚਲਦਾ ਹੈ ਕਿ ਕਾਂਗਰਸ ਪਾਰਟੀ ਦਾ ਵਰਤਾਰਾ ਬਹੁਤ ਹੀ ਗੁੰਮਰਾਹਕੁੰਨ ਤੇ ਗੈਰ-ਜ਼ਿੰਮੇਵਾਰਾਨਾ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਵਿਚ ਜੀ. ਐੈੱਸ. ਟੀ. ਪ੍ਰਣਾਲੀ ਦੀ ਸ਼ੁਰੂਆਤ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਨੂੰ ਵੀ ਜੀ. ਐੈੱਸ. ਟੀ. ਦੇ ਘੇਰੇ ਵਿਚ ਲਿਆਉਣ ਵਾਸਤੇ ਪਹਿਲਕਦਮੀ ਕਰਨੀ ਚਾਹੀਦੀ ਸੀ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖੇਤੀ ਪ੍ਰਧਾਨ ਸੂਬੇ ਪੰਜਾਬ ਨੂੰ ਪੈਟਰੋਲੀਅਮ ਪਦਾਰਥਾਂ ਦੇ ਖੇਤੀ ’ਤੇ ਪੈ ਰਹੇ ਮਾਡ਼ੇ ਅਸਰ ਦੇ ਮੱਦੇਨਜ਼ਰ ਪੰਜਾਬ ਦੀ ਕੈਬਨਿਟ ਧਡ਼ੱਲੇ ਨਾਲ ਮਤਾ ਕੈਬਨਿਟ ’ਚ ਪਾਸ ਕਰ ਕੇ ਕੇਂਦਰ ਸਰਕਾਰ ਅਤੇ ਜੀ. ਐੈੱਸ. ਟੀ. ਕੌਂਸਲ ਨੂੰ ਭੇਜਦੀ ਕਿ ਡੀਜ਼ਲ ਅਤੇ ਪੈਟਰੋਲ ਨੂੰ ਤੁਰੰਤ ਜੀ. ਐੈੱਸ. ਟੀ. ਦੇ ਘੇਰੇ ਵਿਚ ਲਿਆਂਦਾ ਜਾਵੇ।
ਸੂਬੇ ’ਚ ਪੈਟਰੋਲੀਅਮ ਪਦਾਰਥਾਂ ’ਤੇ ਸਭ ਤੋਂ ਵੱਧ ਟੈਕਸ ਅਕਾਲੀ ਨੇਤਾਵਾਂ ਨੇ ਇਸ ਮੌਕੇ ਆਖਿਆ ਕਿ ਪੰਜਾਬ ਵਿਚ ਪੈਟਰੋਲੀਅਮ ਪਦਾਰਥਾਂ ’ਤੇ ਸਭ ਤੋਂ ਵੱਧ ਟੈਕਸ ਹੈ। ਪੈਟਰੋਲ ’ਤੇ ਸੇਲ ਟੈਕਸ/ਵੈਟ ਪੰਜਾਬ 35.14 ਫੀਸਦੀ , ਚੰਡੀਗਡ਼੍ਹ 19.76 ਫੀਸਦੀ , ਹਰਿਆਣਾ 26.25 ਫੀਸਦੀ , ਝਾਰਖੰਡ 25.86 ਫੀਸਦੀ, ਗੁਜਰਾਤ 25.45 ਫੀਸਦੀ, ਪੱਛਮੀ ਬੰਗਾਲ 25.25 ਫੀਸਦੀ , ਬਿਹਾਰ 24.70 ਫੀਸਦੀ , ਉਡ਼ੀਸਾ 24.61 ਫੀਸਦੀ, ਹਿਮਾਚਲ ਪ੍ਰਦੇਸ਼ 24.42 ਫੀਸਦੀ , ਅਰੁਣਾਚਲ ਪ੍ਰਦੇਸ਼ 20.00 ਫੀਸਦੀ, ਗੋਆ 16.66 ਫੀਸਦੀ ਹੈ। ਉਪਰੋਕਤ ਤੋਂ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਵੈਟ ਪੈਟਰੋਲ ’ਤੇ ਲਾਇਆ ਜਾ ਰਿਹਾ ਹੈ, ਉਹ ਪੰਜਾਬ ਦੀ ਰਾਜਧਾਨੀ ਚੰਡੀਗਡ਼੍ਹ ਤੋਂ ਹੀ 16 ਫੀਸਦੀ ਦੇ ਕਰੀਬ ਵੱਧ ਹੈ। ਗੁਆਂਢੀ ਸੂਬੇ ਹਿਮਾਚਲ ਨਾਲੋਂ 11 ਫੀਸਦੀ ਅਤੇ ਹਰਿਆਣਾ ਨਾਲੋਂ 9 ਫੀਸਦੀ ਦੇ ਕਰੀਬ ਵੱਧ ਹੈ। ਇਹ ਹੈਰਾਨੀ ਵਾਲੀ ਗੱਲ ਕਿ ਗੋਆ ਨਾਲੋਂ ਪੰਜਾਬ ਦਾ ਵੈਟ ਦੁੱਗਣੇ ਤੋਂ ਵੀ ਵੱਧ ਹੈ। ਉਕਤ ਨੇਤਾਵਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਪੰਜਾਬ ਦੀ ਕੈਬਨਿਟ ਵਿਚ ਮਤਾ ਪਾਸ ਕਰੇ ਤੇ ਕੇਂਦਰ ਸਰਕਾਰ ਅਤੇ ਜੀ. ਐੈੱਸ. ਟੀ. ਕੌਂਸਲ ਨੂੰ ਭੇਜੇ ਤੇ ਝੂਠੇ ਅਤੇ ਕੂਡ਼-ਪ੍ਰਚਾਰ ਨੂੰ ਬੰਦ ਕਰ ਕੇ ਪੈਟਰੋਲ ਉੱਪਰ ਲਾਏ ਜਾ ਰਹੇ 35.14 ਪ੍ਰਤੀਸ਼ਤ ਅਤੇ ਡੀਜ਼ਲ ਉੱਪਰ 17.34 ਪ੍ਰਤੀਸ਼ਤ ਦੇ ਟੈਕਸ ਨੂੰ ਤੁਰੰਤ ਘਟਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕਰੇ।
ਇਸ ਮੌਕੇ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ, ਕਬੀਰ ਦਾਸ ਨਾਭਾ, ਭਗਵਾਨ ਦਾਸ ਜੁਨੇਜਾ, ਵਿਸ਼ਨੂੰ ਸ਼ਰਮਾ, ਸਾਬਕਾ ਪ੍ਰਧਾਨ ਰਣਧੀਰ ਸਿੰਘ ਰੱਖਡ਼ਾ, ਸੁਰਜੀਤ ਸਿੰਘ ਅਬਲੋਵਾਲ, ਨਰਦੇਵ ਸਿੰਘ ਆਕਡ਼ੀ, ਮਹਿੰਦਰ ਸਿੰਘ ਲਾਲਵਾ, ਗੁਰਦੀਪ ਸਿੰਘ ਸ਼ੇਖਪੁਰਾ, ਅਮਰਿੰਦਰ ਸਿਘ ਬਜਾਜ, ਅਜੀਤਪਾਲ ਸਿੰਘ ਕੋਹਲੀ ਦੋਵੇਂ ਸਾਬਕਾ ਮੇਅਰ, ਅਜੇ ਥਾਪਰ, ਸੁਖਬੀਰ ਸਿੰਘ ਸਨੌਰ, ਜਸਜੀਤ ਸਿੰਘ ਕੋਹਲੀ ਪੀ. ਏ. ਚੰਦੂਮਾਜਰਾ, ਹਰਵਿੰਦਰ ਸਿੰਘ ਹਰਪਾਲਪੁਰ, ਜਸਪਾਲ ਸਿੰਘ ਬਿੱਟੂ ਚੱਠਾ, ਹਰਵਿੰਦਰ ਸਿੰਘ ਬੱਬੂ, ਰਾਜਿੰਦਰ ਸਿੰਘ ਵਿਰਕ, ਗੁਰਚਰਨ ਸਿਘ ਖਾਲਸਾ, ਬੀਬੀ ਬਲਵਿੰਦਰ ਕੌਰ ਚੀਮਾ, ਜਸਪਾਲ ਸਿੰਘ ਕਲਿਆਣ, ਮਾਲਵਿੰਦਰ ਸਿੰਘ ਝਿੱਲ, ਕਪੂਰ ਚੰਦ ਸਮਾਣਾ, ਹੈਰੀ ਮੁਖਮੇਲਪੁਰ, ਰਣਜੀਤ ਸਿਘ ਰਾਣਾ, ਸੁਰਜੀਤ ਸਿੰਘ ਗਡ਼੍ਹੀ, ਨਿਰਮਲ ਸਿੰਘ ਹਰਿਆਊ, ਜਸਮੇਰ ਸਿੰਘ, ਸਲਵਿੰਦਰ ਸਿੰਘ ਟੌਹਡ਼ਾ, ਬਲਤੇਜ ਸਿੰਘ ਖੋਖ ਮੈਂਬਰ ਐੱਸ. ਜੀ. ਪੀ. ਸੀ., ਸੁਰਜੀਤ ਸਿੰਘ ਟੌਹਡ਼ਾ ਪਟਿਆਲਾ ਦਿਹਾਤੀ, ਹਰਭਜਨ ਸਿੰਘ ਭੌਰ, ਬਹਾਦਰ ਸਿੰਘ ਖੈਰਪੁਰ, ਦਵਿੰਦਰ ਸਿੰਘ, ਮੂਸਾ ਖਾਲ, ਬਬਲੂ ਖਹਿਰਾ, ਆਕਾਸ਼ ਸ਼ਰਮਾ, ਗੋਬਿੰਦ ਵੈਦ, ਗੁਰਮੁਖ ਸਿੰਘ ਢਿੱਲੋਂ, ਜਸਵੀਰ ਕੌਰ, ਲਖਵੀਰ ਸਿੰਘ ਲੌਟ, ਬਿਕਰਮਜੀਤ ਸਿੰਘ ਚੌਹਾਨ, ਨਿਰੰਜਨ ਸਿੰਘ ਫੌਜੀ, ਦਵਿੰਦਰ ਸਿੰਘ ਭਾਂਖਰ, ਗੁਰਦੀਪ ਸਿੰਘ ਖਾਂਗ, ਗੁਰਸੇਵਕ ਸਿੰਘ ਧੂਹਡ਼, ਮਲਕੀਤ ਸਿੰਘ ਰੋਡਾ, ਹਰਜਿੰਦਰ ਸਿਘ ਬੱਲ, ਇੰਦਰਜੀਤ ਸਿੰਘ ਰੱਖਡ਼ਾ, ਜਗਰੂਪ ਸਿੰਘ ਫਤਿਹਪੁਰ, ਸੁਖਵਿੰਦਰ ਸਿੰਘ ਬਰਾਸ, ਜਸਵਿੰਦਰ ਸਿੰਘ ਚੀਮਾ, ਧਰਮ ਸਿੰਘ, ਇੰਦਰ ਸਿੰਘ ਛਿੰਦੀ, ਮੇਜਰ ਸਿੰਘ ਭਡ਼ੀ, ਪ੍ਰਕਾਸ਼ ਅਲੀਪੁਰ, ਜ਼ੋਰਾਵਰ ਸਿੰਘ ਤੇ ਰਮੇਸ਼ ਗੁਪਤਾ ਆਦਿ ਹਾਜ਼ਰ ਸਨ।
