ਨਰਿੰਦਰ ਮੋਦੀ ਦਾ ਕਚਹਿਰੀ ਚੌਕ ''ਚ ਪੁਤਲਾ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ

12/06/2017 6:28:50 AM

ਕਪੂਰਥਲਾ, (ਗੁਰਵਿੰਦਰ ਕੌਰ)- ਭਾਰਤੀ ਕਿਸਾਨ ਯੂਨੀਅਨ ਪੰਜਾਬ (ਰਜਿ.) ਕਾਦੀਆਂ ਦੀ ਕਪੂਰਥਲਾ ਇਕਾਈ ਵਲੋਂ ਆਪਣੀਆਂ ਮੰਗਾਂ ਸਬੰਧੀ ਸ੍ਰੀ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਤੋਂ ਲੈ ਕੇ ਪੁਰਾਣੀ ਕਚਹਿਰੀ ਤਕ ਪੰਜਾਬ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਜਨਰਲ ਸਕੱਤਰ ਗੁਰਮੀਤ ਸਿੰਘ, ਸਰਪ੍ਰਸਤ ਪੂਰਨ ਸਿੰਘ ਸ਼ਾਹਕੋਟ ਤੇ ਜ਼ਿਲਾ ਪ੍ਰਧਾਨ ਜਸਵੀਰ ਸਿੰਘ ਲਿੱਟਾਂ ਦੀ ਅਗਵਾਈ 'ਚ ਇਕ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਕਿਸਾਨਾਂ ਨੇ ਆਪਣੀਆਂ ਮੰਗਾਂ ਸਬੰਧੀ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਪੁਰਾਣੀ ਕਚਹਿਰੀ ਦੇ ਬਾਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ। ਇਸ ਤੋਂ ਬਾਅਦ ਯੂਨੀਅਨ ਦੇ ਆਗੂਆਂ ਨੇ ਇਕ ਮੰਗ-ਪੱਤਰ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਕੁਮਾਰ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਈਅਬ ਦੀ ਗੈਰ-ਮੌਜੂਦਗੀ 'ਚ ਏ. ਡੀ. ਸੀ. (ਜ) ਰਾਹੁਲ ਚਾਬਾ ਨੂੰ ਦਿੱਤਾ। ਇਸ ਮੌਕੇ ਦਲਬੀਰ ਸਿੰਘ ਨਾਨਕਪੁਰ, ਕਰਮ ਸਿੰਘ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ, ਬਲਵਿੰਦਰ ਸਿੰਘ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਬਖਸ਼ੀਸ਼ ਸਿੰਘ, ਗੁਰਜੀਤ ਸਿੰਘ, ਇੰਦਰਜੀਤ ਸਿੰਘ, ਬਲਵਿੰਦਰ ਸਿੰਘ, ਮਹਿੰਦਰ ਸਿੰਘ, ਬਹਾਦਰ ਸਿੰਘ, ਸਤਨਾਮ ਸਿੰਘ, ਵਿਜੇ ਕੁਮਾਰ, ਜਗਜੀਤ ਸਿੰਘ, ਨਿਰੰਜਣ ਸਿੰਘ, ਅਵਤਾਰ ਸਿੰਘ, ਕਸ਼ਮੀਰ ਸਿੰਘ, ਜੋਗਾ ਸਿੰਘ, ਜੀਤ ਸਿੰਘ, ਦਲਜੀਤ ਸਿੰਘ, ਚਰਨਜੀਤ ਸਿੰਘ, ਫਕੀਰ ਸਿੰਘ, ਬਲਵਿੰਦਰ ਸਿੰਘ, ਪੂਰਨ ਸਿੰਘ, ਹਰਭੇਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ।  
ਇਹ ਹਨ ਮੁੱਖ ਮੰਗਾਂ 
-ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਸਲਾਂ ਦਾ ਰੇਟ ਮਹਿੰਗਾਈ ਸੂਚਕ ਅੰਕ ਨਾਲ ਜੋੜ ਕੇ ਦਿੱਤਾ ਜਾਵੇ।
-ਕਣਕ ਦਾ ਰੇਟ 4 ਹਜ਼ਾਰ, ਮੱਕੀ ਦਾ 2 ਹਜ਼ਾਰ, ਗੰਨੇ ਦਾ 400 ਤੇ ਆਲੂ ਦਾ 1 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ।
-ਕੇਂਦਰ ਸਰਕਾਰ ਸਬਜ਼ੀਆਂ ਐਕਸਪੋਰਟ ਕਰਕੇ ਕਿਸਾਨਾਂ ਨੂੰ ਮੰਦੀ ਤੋਂ ਬਚਾਵੇ।
-ਕਿਸਾਨਾਂ ਦੇ ਖੇਤੀ ਸੰਦਾਂ 'ਤੇ ਕੇਂਦਰ ਸਰਕਾਰ ਵਲੋਂ ਲਾਇਆ ਗਿਆ ਜੀ. ਐੱਸ. ਟੀ. ਬੰਦ ਕੀਤਾ ਜਾਵੇ।
-ਮੋਦੀ ਸਰਕਾਰ ਟਰੈਕਟਰਾਂ 'ਤੇ ਜੋ 30 ਹਜ਼ਾਰ ਰੁਪਏ ਟੈਕਸ ਲਗਾਉਣ ਜਾ ਰਹੀ ਹੈ ਉਹ ਫੈਸਲਾ ਵਾਪਸ ਲਿਆ ਜਾਵੇ।
-ਅਵਾਰਾ ਪਸ਼ੂਆਂ, ਸੂਰਾਂ, ਕੁੱਤਿਆਂ ਦੀ ਸੰਭਾਲ ਲਈ ਪੰਜਾਬ ਸਰਕਾਰ ਇੰਤਜਾਮ ਕਰੇ।
-ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਅਨੁਸਾਰ ਹਰੇਕ ਕਿਸਾਨ ਦਾ ਸਾਰਾ ਕਰਜ਼ਾ ਮੁਆਫ ਕਰੇ ਤੇ ਕਿਸਾਨਾਂ ਨੂੰ ਖੁਦਕੁਸ਼ੀਆਂ ਤੋਂ ਬਚਾਵੇ।
-ਕਿਸਾਨਾਂ ਨੂੰ ਮੋਟਰਾਂ ਦੇ ਨਵੇਂ ਕੁਨੈਕਸ਼ਨ ਦਿੱਤੇ ਜਾਣ ਤੇ ਮੋਟਰਾਂ ਵੱਡੀਆਂ ਕਰਨ ਲਈ ਲੋਡ ਵਧਾਉਣ ਲਈ 1200 ਰੁਪਏ ਪ੍ਰਤੀ ਹਾਰਸ ਪਾਵਰ ਤੇ 3 ਮਹੀਨੇ ਦਾ ਸਮਾਂ ਦਿੱਤਾ ਜਾਵੇ। 
-ਜ਼ਿਲਾ ਕਪੂਰਥਲਾ 'ਚ ਨਸ਼ੇ 'ਤੇ ਪੂਰਨ ਪਾਬੰਦੀ ਲਗਾਈ ਜਾਵੇ ਤੇ ਲੁੱਟਾਂ-ਖੋਹਾਂ ਨੂੰ ਰੋਕਣ ਲਈ ਪੁਲਸ ਦੀ ਗਸ਼ਤ ਤੇਜ਼ ਕਰਕੇ ਸੁਰੱਖਿਆ ਵਧਾਈ ਜਾਵੇ।
-ਟ੍ਰੈਫਿਕ ਪੁਲਸ ਨਾਕੇ 'ਤੇ ਰਿਸ਼ਵਤ ਨੂੰ ਰੋਕਣ ਲਈ ਪੁਰਾਣੇ ਮੁਲਾਜ਼ਮਾਂ ਜਾਂ ਅਫਸਰਾਂ ਦੀ ਬਦਲੀ ਕੀਤੀ ਜਾਵੇ।
-ਜਿਨ੍ਹਾਂ ਕਿਸਾਨਾਂ ਦੇ ਟਰਾਂਸਫਾਰਮਰ ਚੋਰੀ ਹੋ ਜਾਂਦੇ ਹਨ, ਉਨ੍ਹਾਂ ਨੂੰ ਐੱਫ. ਆਈ. ਆਰ. ਬਿਨਾਂ ਦੇਰੀ ਤੋਂ ਦਿੱਤੀ ਜਾਵੇ।
-ਜ਼ਿਲੇ 'ਚ ਲੜਕੀਆਂ ਦੇ ਕਾਲਜਾਂ ਤੇ ਸਕੂਲਾਂ 'ਚ ਛੁੱਟੀ ਦੇ ਸਮੇਂ ਪੁਲਸ ਗਸ਼ਤ ਤੇਜ਼ ਕੀਤੀ ਜਾਵੇ ਤੇ ਗੁੰਡਾ ਅਨਸਰਾਂ ਨੂੰ ਨੱਥ ਪਾਈ ਜਾਵੇ।
-ਕਿਸਾਨਾਂ ਦੀਆਂ ਮੱਝਾਂ, ਦੁਧਾਰੂ ਪਸ਼ੂਆਂ ਦੀ ਚੋਰੀ ਰੋਕਣ ਲਈ ਪੁਲਸ ਗਸ਼ਤ ਵਧਾਉੁਣ ਦੇ ਨਾਲ ਪੁਖਤਾ ਕਦਮ ਵੀ ਚੁੱਕੇ। 


Related News