ਮੋਦੀ ਸਰਕਾਰ ਦੇ ਉਪਰਾਲੇ ਸਦਕਾ ਇੱਕੋ ਵੇਲੇ 768 ਜ਼ਿਲ੍ਹਿਆਂ ''ਚ ਕੀਤਾ ਜਾਵੇਗਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ
Tuesday, Dec 23, 2025 - 06:48 PM (IST)
ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਸਰਕਾਰ ਨੇ ਸਿੱਖ ਧਰਮ, ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਦੀਆਂ ਅਦੁੱਤੀਆਂ ਕੁਰਬਾਨੀਆਂ ਨੂੰ ਨਾ ਸਿਰਫ਼ ਦੇਸ਼ ਵਿਚ, ਸਗੋਂ ਪੂਰੀ ਦੁਨੀਆ ਵਿਚ ਸਤਿਕਾਰ ਅਤੇ ਮਾਣ ਦਿਵਾਉਣ ਲਈ ਇਤਿਹਾਸਕ ਪਹਿਲਕਦਮੀਆਂ ਕੀਤੀਆਂ ਹਨ। ਇਸੇ ਦਿਸ਼ਾ ਵਿਚ 26 ਦਸੰਬਰ ਨੂੰ “ਵੀਰ ਬਾਲ ਦਿਵਸ” ਦਾ ਐਲਾਨ ਇਕ ਇਤਿਹਾਸਕ ਕਦਮ ਹੈ, ਜਿਸ ਰਾਹੀਂ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਰਾਸ਼ਟਰੀ ਚੇਤਨਾ ਨਾਲ ਜੋੜਿਆ ਗਿਆ ਹੈ। ਇਹ ਗੱਲਾਂ ਅੱਜ ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਸੂਬਾ ਮੀਤ ਪ੍ਰਧਾਨ ਬਿਕਰਮ ਚੀਮਾ, ਸੂਬਾ ਜਨਰਲ ਸਕੱਤਰ ਦਿਆਲ ਦਾਸ ਸੋਢੀ ਅਤੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੀਤ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਵਿਚ ਆਯੋਜਿਤ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕਹੀਆਂ। ਇਸ ਮੌਕੇ ਵਿਨੀਤ ਜੋਸ਼ੀ, ਸੂਬਾ ਮੀਡੀਆ ਮੁਖੀ, ਭਾਜਪਾ ਪੰਜਾਬ ਵੀ ਹਾਜ਼ਰ ਸਨ।
ਹਰ ਭਾਸ਼ਾ ਤੇ ਵਰਗ ਤਕ ਪਹੁੰਚੇਗਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸੰਦੇਸ਼
ਬਿਕਰਮ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਜਪਾ ਵੱਲੋਂ ਦੇਸ਼ ਦੇ 768 ਜ਼ਿਲ੍ਹਿਆਂ ਵਿਚ ਇਕੋ ਸਮੇਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਆਪਕ ਪੱਧਰ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਨ੍ਹਾਂ ਪ੍ਰੋਗਰਾਮਾਂ ਦੇ ਮਾਧਿਅਮ ਰਾਹੀਂ ਗੁਰੂ ਸਾਹਿਬਾਨ ਦੇ ਬਲੀਦਾਨ ਅਤੇ ਉਪਦੇਸ਼ ਹਰ ਖੇਤਰ ਅਤੇ ਹਰ ਵਰਗ ਤੱਕ ਪਹੁੰਚਾਏ ਜਾਣਗੇ। ਇਹ ਸੰਦੇਸ਼ ਬੰਗਾਲੀ, ਤੇਲਗੂ, ਕੰਨੜ, ਤਾਮਿਲ, ਮਰਾਠੀ, ਗੁਜਰਾਤੀ, ਅਸਾਮੀ ਸਮੇਤ ਹਰ ਰਾਜ ਦੀ ਮਾਤ-ਭਾਸ਼ਾ ਵਿਚ ਲੋਕਾਂ ਤੱਕ ਪਹੁੰਚਾਇਆ ਜਾਵੇਗਾ।
ਸਿੱਖ ਮੁੱਦਿਆਂ 'ਤੇ ਸੰਵੇਦਨਸ਼ੀਲਤਾ ਅਤੇ ਦ੍ਰਿੜਤਾ — ਭਾਜਪਾ ਦੀ ਪਛਾਣ
ਮਨਜੀਤ ਸਿੰਘ ਰਾਏ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਹੀ ਉਹ ਇਕਲੌਤੀ ਪਾਰਟੀ ਹੈ ਜੋ ਸਿੱਖ ਧਰਮ ਨਾਲ ਜੁੜੇ ਮੁੱਦਿਆਂ 'ਤੇ ਸੰਵੇਦਨਸ਼ੀਲਤਾ ਅਤੇ ਦ੍ਰਿੜਤਾ ਨਾਲ ਕੰਮ ਕਰਦੀ ਆਈ ਹੈ। ਕਰਤਾਰਪੁਰ ਕੋਰੀਡੋਰ, ਸਿੱਖ ਇਤਿਹਾਸ ਨੂੰ ਸਿੱਖਿਆ ਪ੍ਰਣਾਲੀ ਨਾਲ ਜੋੜਨਾ ਅਤੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬਾਂ ਅਤੇ ਸ਼ਹੀਦੀ ਦਿਹਾੜਿਆਂ ਨੂੰ ਦੇਸ਼-ਵਿਦੇਸ਼ ਵਿਚ ਸਰਕਾਰੀ ਅਤੇ ਗੈਰ-ਸਰਕਾਰੀ ਤੌਰ 'ਤੇ ਵੱਡੇ ਪੱਧਰ 'ਤੇ ਮਨਾਉਣਾ ਇਸ ਦੀਆਂ ਜਿਉਂਦੀਆਂ ਮਿਸਾਲਾਂ ਹਨ। ਉਨ੍ਹਾਂ ਕਿਹਾ ਕਿ ਜਿਸ ਲਾਲ ਕਿਲੇ ਤੋਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਧੜ ਤੋਂ ਅਲੱਗ ਕਰਨ ਦਾ ਹੁਕਮ ਸੁਣਾਇਆ ਗਿਆ ਸੀ, ਉਸੇ ਲਾਲ ਕਿਲੇ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਸ਼ਹੀਦੀ ਦਿਹਾੜੇ ਮਨਾਏ ਗਏ। ਇਸ ਤੋਂ ਇਲਾਵਾ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਅਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇ ਕੇ ਦਿੱਲੀ ਅਤੇ ਹਰਿਆਣਾ ਵਿਚ ਸਰਕਾਰੀ ਨੌਕਰੀਆਂ ਦੇਣਾ ਭਾਜਪਾ ਸਰਕਾਰਾਂ ਦੀ ਸੰਵੇਦਨਸ਼ੀਲ ਸੋਚ ਦਾ ਪ੍ਰਮਾਣ ਹੈ।
ਗੁਰਦੁਆਰਿਆਂ ਤੋਂ ਸਕੂਲਾਂ ਤੱਕ ਵਿਆਪਕ ਪ੍ਰੋਗਰਾਮ
ਭਾਜਪਾ ਪੰਜਾਬ ਦੇ ਪ੍ਰੋਗਰਾਮਾਂ ਦੀ ਰੂਪ-ਰੇਖਾ ਦੀ ਜਾਣਕਾਰੀ ਦਿੰਦਿਆਂ ਦਿਆਲ ਦਾਸ ਸੋਢੀ ਨੇ ਦੱਸਿਆ ਕਿ 26 ਦਸੰਬਰ ਨੂੰ “ਵੀਰ ਬਾਲ ਦਿਵਸ” ਦੇ ਮੌਕੇ 'ਤੇ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਵਿਸ਼ੇਸ਼ ਆਯੋਜਨ ਕੀਤੇ ਜਾਣਗੇ। ਇਸ ਦੇ ਤਹਿਤ ਗੁਰਦੁਆਰਿਆਂ ਵਿਚ ਸ਼ਬਦ ਕੀਰਤਨ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ 'ਤੇ ਕਥਾਵਾਂ, ਸਕੂਲਾਂ ਅਤੇ ਕਾਲਜਾਂ ਵਿਚ ਸੈਮੀਨਾਰ, ਭਾਸ਼ਣ ਅਤੇ ਜਾਗਰੂਕਤਾ ਪ੍ਰੋਗਰਾਮ, ਸ਼ਹੀਦੀ ਇਤਿਹਾਸ ਨਾਲ ਸਬੰਧਤ ਪ੍ਰਦਰਸ਼ਨੀਆਂ, ਪੋਸਟਰ ਅਤੇ ਬੈਨਰ ਲਗਾਏ ਜਾਣਗੇ। ਨੌਜਵਾਨਾਂ ਅਤੇ ਸਮਾਜ ਦੇ ਹਰ ਵਰਗ ਦੀ ਸ਼ਮੂਲੀਅਤ ਨਾਲ ਇਕ ਵਿਆਪਕ ਪ੍ਰਚਾਰ ਮੁਹਿੰਮ ਵੀ ਚਲਾਈ ਜਾਵੇਗੀ।
