ਜਲੰਧਰ ਦੇ ਮਸ਼ਹੂਰ ਟ੍ਰੈਵਲਸ ਦੇ ਮਾਲਕ ਨਾਲ 5.54 ਕਰੋੜ ਦਾ ਫਰਾਡ, ਖ਼ੁਦ ਨੂੰ MP ਦੱਸ ਕੇ ਕੀਤਾ...

Friday, Dec 26, 2025 - 03:34 PM (IST)

ਜਲੰਧਰ ਦੇ ਮਸ਼ਹੂਰ ਟ੍ਰੈਵਲਸ ਦੇ ਮਾਲਕ ਨਾਲ 5.54 ਕਰੋੜ ਦਾ ਫਰਾਡ, ਖ਼ੁਦ ਨੂੰ MP ਦੱਸ ਕੇ ਕੀਤਾ...

ਜਲੰਧਰ (ਵਰੁਣ)–ਬੱਸ ਸਟੈਂਡ ਦੇ ਸਾਹਮਣੇ ਡੈਲਟਾ ਚੈਂਬਰ ਵਿਚ ਸਥਿਤ ਟ੍ਰੈਵਲਸ ਦੇ ਮਾਲਕ ਦੇ ਨਾਲ 5.54 ਕਰੋੜ ਦਾ ਫਰਾਡ ਹੋ ਗਿਆ। ਥਾਣਾ ਨੰਬਰ 7 ਵਿਚ ਇਸ ਸਬੰਧੀ ਕਥਿਤ ਰਾਜ ਸਭਾ ਮੈਂਬਰ ਮੋਹਿਤ ਗੋਗੀਆ ਅਤੇ ਉਸ ਦੇ ਸਾਥੀ ਭਰਤ ਛਾਬੜਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਮੋਹਿਤ ਗੋਗੀਆ ਨੇ ਖ਼ੁਦ ਨੂੰ ਰਾਜ ਸਭਾ ਮੈਂਬਰ ਦੱਸ ਕੇ ਰਿਚੀ ਟ੍ਰੈਵਲਸ ਦੇ ਮਾਲਕ ਨੂੰ ਬੈਂਕ ਲੋਨ ਦੀ ਸੈਟਲਮੈਂਟ ਕਰਵਾਉਣ ਦਾ ਝਾਂਸਾ ਦੇ ਕੇ 5.54 ਕਰੋੜ ਰੁਪਏ ਠੱਗ ਲਏ ਅਤੇ ਬਾਅਦ ਵਿਚ ਧਮਕੀਆਂ ਦੇਣ ਲੱਗਾ। ਫਿਲਹਾਲ ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਮੋਹਿਤ ਗੋਗੀਆ ਪਹਿਲਾਂ ਤੋਂ ਵੀ ਫਰਾਡ ਦੇ ਕੇਸ ਵਿਚ ਨਾਮਜ਼ਦ ਹੈ, ਜਿਸ ਨੂੰ ਚੰਡੀਗੜ੍ਹ ਦੀ ਪੁਲਸ ਨੇ ਗ੍ਰਿਫ਼ਤਾਰ ਵੀ ਕੀਤਾ ਸੀ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸਤਪਾਲ ਸਿੰਘ ਮੁਲਤਾਨੀ ਨਿਵਾਸੀ ਜਸਵੰਤ ਨਗਰ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਧੋਖੇ ਨਾਲ ਉਸ ਦੀ ਪ੍ਰਾਪਰਟੀ ਰੱਖ ਕੇ ਪੰਜਾਬ ਐਂਡ ਸਿੰਧ ਬੈਂਕ ਤੋਂ ਲੋਨ ਲੈ ਲਿਆ ਸੀ। ਇਸ ਸਬੰਧੀ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਥਾਣਾ ਨਵੀਂ ਬਾਰਾਦਰੀ ਵਿਚ ਉਸ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ ਸੀ।

ਇਹ ਵੀ ਪੜ੍ਹੋ: ਡਿਜੀਟਲ ਅਰੈਸਟ ਮਾਮਲੇ 'ਚ ED ਦੀ ਕਾਰਵਾਈ! ਪੰਜਾਬ ਸਣੇ 5 ਸੂਬਿਆਂ 'ਚ ਛਾਪੇ, ਔਰਤ ਨਿਕਲੀ ਮਾਸਟਰਮਾਈਂਡ

ਦੋਸ਼ ਹੈ ਕਿ 2020 ਵਿਚ ਉਹ ਓ. ਟੀ. ਐੱਸ. (ਵਨ ਟਾਈਮ ਸੈਟਲਮੈਂਟ) ਕਰਵਾਉਣ ਲਈ ਦਿੱਲੀ ਗਿਆ ਸੀ। ਉਥੇ ਉਨ੍ਹਾਂ ਆਪਣੇ ਦੋਸਤ ਭੰਡਾਰੀ ਨਾਲ ਗੱਲ ਕੀਤੀ ਤਾਂ ਉਸ ਨੇ ਉਸ ਨੂੰ ਵੈਸਟ ਪਟੇਲ ਨਗਰ ਨਾਰਥ ਐਵੇਨਿਊ (ਨਵੀਂ ਦਿੱਲੀ) ਸਥਿਤ ਮੋਹਿਤ ਗੋਗੀਆ ਦੇ ਦਫਤਰ ਬੁਲਾ ਲਿਆ। ਉਹ ਦਫਤਰ ਪਹੁੰਚਿਆ ਤਾਂ ਮੋਹਿਤ ਗੋਗੀਆ ਨੇ ਖੁਦ ਨੂੰ ਰਾਜ ਸਭਾ ਮੈਂਬਰ ਦੱਸਿਆ, ਜਦਕਿ ਉਸ ਦੇ ਨਾਲ ਬੈਠੇ ਭਰਤ ਛਾਬੜਾ ਨਿਵਾਸੀ ਫੇਸ-1, ਨਿਊ ਪਾਲਨ ਵਿਹਾਰ, ਗੁਰੂਗ੍ਰਾਮ ਨੇ ਖੁਦ ਨੂੰ ਪੰਜਾਬ ਐਂਡ ਸਿੰਧ ਬੈਂਕ ਦਾ ਵੱਡਾ ਅਧਿਕਾਰੀ ਦੱਸਿਆ।

ਸਾਰੀ ਗੱਲ ਸੁਣ ਕੇ ਦੋਵਾਂ ਨੇ ਉਸ ਨੂੰ ਪ੍ਰਾਪਰਟੀ ਰੱਖ ਕੇ ਧੋਖੇ ਨਾਲ ਲਏ ਲੋਨ ਦੀ 5.50 ਕਰੋੜ ਵਿਚ ਸੈਟਲਮੈਂਟ ਕਰਵਾਉਣ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਉਸ ਨੇ ਵੱਖ-ਵੱਖ ਤਰੀਕਾਂ ਨੂੰ ਮੋਹਿਤ ਗੋਗੀਆ ਅਤੇ ਭਰਤ ਛਾਬੜਾ ਨੂੰ 5.54 ਕਰੋੜ ਰੁਪਏ ਵੱਖ-ਵੱਖ ਬੈਂਕ ਖਾਤਿਆਂ ਵਿਚ ਟਰਾਂਸਫਰ ਕਰ ਦਿੱਤੇ। ਸਤਪਾਲ ਮੁਲਤਾਨੀ ਨੇ ਕਿਹਾ ਕਿ ਉਨ੍ਹਾਂ ਕੁਝ ਸਮੇਂ ਬਾਅਦ ਉਸ ਨੂੰ ਕੁਝ ਦਸਤਾਵੇਜ਼ ਵੀ ਦਿੱਤੇ ਅਤੇ ਭਰੋਸਾ ਦਿੱਤਾ ਕਿ ਉਸ ਦਾ ਕੰਮ ਹੋ ਰਿਹਾ ਹੈ ਪਰ ਜਦੋਂ ਕਾਫੀ ਸਮਾਂ ਬੀਤਿਆ ਤਾਂ ਉਸ ਨੇ ਆਪਣੇ ਲੈਵਲ ’ਤੇ ਬੈਂਕ ਜਾ ਕੇ ਦਸਤਾਵੇਜ਼ ਚੈੱਕ ਕਰਵਾਏ ਤਾਂ ਉਹ ਫਰਜ਼ੀ ਸਨ। ਉਸ ਨੇ ਜਦੋਂ ਦਿੱਲੀ ਜਾ ਕੇ ਮੋਹਿਤ ਗੋਗੀਆ ਅਤੇ ਭਰਤ ਛਾਬੜਾ ਨਾਲ ਗੱਲ ਕੀਤੀ ਤਾਂ ਉਹ ਟਾਲ-ਮਟੋਲ ਕਰਦੇ ਰਹੇ ਪਰ ਦਬਾਅ ਬਣਾਉਣ ’ਤੇ ਉਨ੍ਹਾਂ ਉਕਤ ਰਕਮ ਦੇ ਚੈੱਕ ਦੇ ਦਿੱਤੇ, ਜੋ ਬਾਅਦ ਵਿਚ ਬਾਊਂਸ ਹੋ ਗਏ। ਦੋਸ਼ ਹੈ ਕਿ ਉਸ ਤੋਂ ਬਾਅਦ 2 ਵਾਰ ਹੋਰ ਚੈੱਕ ਦਿੱਤੇ ਪਰ ਬੈਂਕ ਖ਼ਾਤੇ ਵਿਚ ਪੈਸੇ ਨਾ ਹੋਣ ਕਾਰਨ ਕੁੱਲ 3 ਵਾਰ ਚੈੱਕ ਬਾਊਂਸ ਹੋ ਗਏ।

ਦੋਸ਼ ਹੈ ਕਿ ਸਤਪਾਲ ਮੁਲਤਾਨੀ ਨੇ ਆਪਣੇ ਪੈਸੇ ਦੁਬਾਰਾ ਮੰਗੇ ਤਾਂ ਉਸ ਨੂੰ ਖ਼ਤਰਨਾਕ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਆਖਿਰਕਾਰ ਜਲੰਧਰ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ ਨੰਬਰ 7 ਵਿਚ ਮੋਹਿਤ ਗੋਗੀਆ ਅਤੇ ਭਰਤ ਛਾਬੜਾ ਖ਼ਿਲਾਫ਼ ਧਾਰਾ 406 ਅਤੇ 420 ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਦੀ ਵੀ ਅਜੇ ਗ੍ਰਿਫ਼ਤਾਰੀ ਨਹੀਂ ਹੋ ਸਕੀ।

ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ! ਕਰਿਆਨੇ ਦੇ ਗੋਦਾਮ ’ਤੇ ਫਾਇਰਿੰਗ, ਵ੍ਹਟਸਐਪ ’ਤੇ ਆਇਆ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News