ਬਾਦਲ ਦੀ ਹਾਜ਼ਰੀ ''ਚ ਐਲਾਨੀ ਜਾਵੇਗੀ ਅਗਲੀ ਰਣਨੀਤੀ : ਲੰਗਾਹ
Wednesday, Sep 20, 2017 - 07:08 AM (IST)

ਗੁਰਦਾਸਪੁਰ (ਹਰਮਨਪ੍ਰੀਤ) - ਪਿਛਲੇ ਮਹੀਨੇ ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਵਾਪਰੇ ਘਟਨਾਕ੍ਰਮ ਕਰ ਕੇ 3 ਸਾਬਕਾ ਮੰਤਰੀਆਂ ਤੇ ਵਿਧਾਇਕਾਂ ਸਮੇਤ 300 ਵਿਅਕਤੀਆਂ ਖ਼ਿਲਾਫ਼ ਦਰਜ ਕੀਤੇ ਗਏ 2 ਵੱਖ-ਵੱਖ ਪਰਚਿਆਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਤੇ ਸਾਬਕਾ ਮੰਤਰੀ ਜਥੇ. ਸੁੱਚਾ ਸਿੰਘ ਲੰਗਾਹ ਨੇ ਸਰਕਾਰ ਨੂੰ 26 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ। ਇਸ ਦੇ ਨਾਲ ਹੀ ਅੱਜ ਹਾਈਕੋਰਟ ਨੇ ਭੈਣੀ ਮੀਆਂ ਖਾਂ ਥਾਣੇ ਵਿਚ ਦਰਜ ਕੀਤੇ ਮਾਮਲੇ ਸਬੰਧੀ ਸਾਬਕਾ ਮੰਤਰੀ ਜਥੇ. ਸੇਵਾ ਸਿੰਘ ਸੇਖਵਾਂ ਵੱਲੋਂ ਕੀਤੀ ਗਈ ਅਪੀਲ 'ਤੇ ਕਾਰਵਾਈ ਕਰਦੇ ਹੋਏ ਜਥੇ. ਸੇਖਵਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜਥੇ. ਲੰਗਾਹ, ਜਥੇ. ਸੇਖਵਾਂ, ਦੇਸ ਰਾਜ ਧੁੱਗਾ ਅਤੇ ਪਰਮਵੀਰ ਸਿੰਘ ਲਾਡੀ ਸਮੇਤ ਵੱਖ-ਵੱਖ ਆਗੂਆਂ ਵੱਲੋਂ ਪਹਿਲਾਂ ਗੁਰਦਾਸਪੁਰ ਵਿਖੇ ਜ਼ਿਲਾ ਅਦਾਲਤ 'ਚ ਜ਼ਮਾਨਤ ਦੀਆਂ ਅਰਜ਼ੀਆਂ ਲਾਈਆਂ ਗਈਆਂ ਸਨ ਪਰ ਪਿਛਲੇ ਹਫ਼ਤੇ ਇਹ ਅਰਜ਼ੀਆਂ ਰੱਦ ਹੋਣ ਕਾਰਨ ਜਥੇ. ਸੇਖਵਾਂ ਵੱਲੋਂ ਹਾਈਕੋਰਟ 'ਚ ਕੀਤੀ ਅਪੀਲ 'ਤੇ ਹਾਈਕੋਰਟ ਨੇ ਭੈਣੀ ਮੀਆਂ ਖਾਂ ਥਾਣੇ ਨਾਲ ਸਬੰਧਿਤ ਮਾਮਲੇ 'ਚ ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਾ ਦਿੱਤੀ ਹੈ। ਦੂਜੇ ਪਾਸੇ ਜਥੇ. ਲੰਗਾਹ ਅਤੇ ਹੋਰਨਾਂ ਆਗੂਆਂ ਵੱਲੋਂ ਵੀ ਕੱਲ ਆਪਣੀਆਂ ਅਰਜ਼ੀਆਂ ਲਾਉਣ ਦੀ ਤਿਆਰੀ ਕੀਤੀ ਗਈ ਹੈ।
ਜਥੇ. ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਗੁਰਦੁਆਰਾ ਸਾਹਿਬ 'ਚ ਗੁੰਡਾਗਰਦੀ ਕਰਨ ਵਾਲਿਆਂ ਖ਼ਿਲਾਫ਼ ਤਾਂ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਅਕਾਲੀ ਆਗੂਆਂ 'ਤੇ ਪਰਚੇ ਦਰਜ ਕਰ ਕੇ ਲੋਕਤੰਤਰ ਦਾ ਕਤਲ ਕੀਤਾ ਹੈ। ਉਨ੍ਹਾਂ ਕਿਹਾ ਕਿ ਹਲਕਾ ਦੀਨਾਨਗਰ ਅਤੇ ਡੇਰਾ ਬਾਬਾ ਨਾਨਕ ਅੰਦਰ ਕ੍ਰਮਵਾਰ 23 ਅਤੇ 21 ਸਤੰਬਰ ਨੂੰ ਰੱਖੀਆਂ ਗਈਆਂ ਰੈਲੀਆਂ ਰੱਦ ਕਰ ਕੇ ਹੁਣ 26 ਸਤੰਬਰ ਨੂੰ ਗੁਰਦਾਸਪੁਰ ਵਿਖੇ ਜ਼ਿਲਾ ਪੱਧਰੀ ਰੈਲੀ ਕੀਤੀ ਜਾਵੇਗੀ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ 'ਚ ਨਾ ਸਿਰਫ਼ ਚੋਣ ਬਿਗੁਲ ਵਜਾਇਆ ਜਾਵੇਗਾ ਸਗੋਂ ਇਨ੍ਹਾਂ ਪਰਚਿਆਂ ਵਿਰੁੱਧ ਵੀ ਸਰਕਾਰ ਨੂੰ ਘੇਰਨ ਲਈ ਅਗਲਾ ਪ੍ਰੋਗਰਾਮ ਐਲਾਨਿਆ ਜਾਵੇਗਾ।