ਪੰਜਾਬ 'ਚ ਸਿਆਸੀ ਘਮਸਾਨ! ਸੁਖਬੀਰ ਬਾਦਲ ਦਾ ਮਨਪ੍ਰੀਤ ਇਆਲੀ ਨੂੰ ਵੱਡਾ ਝਟਕਾ
Thursday, Dec 11, 2025 - 11:27 AM (IST)
ਮੁੱਲਾਂਪੁਰ ਦਾਖਾ (ਨਾਗਰ)- ਹਲਕਾ ਦਾਖਾ ਦੇ ਪਿੰਡ ਗੋਰਸੀਆਂ, ਜਿਥੇ ਐੱਮ. ਐੱਲ. ਏ. ਮਨਪ੍ਰੀਤ ਇਆਲੀ ਸਮੇਤ ਸਾਰੇ ਪਰਿਵਾਰ ਦੀਆਂ ਵੋਟਾਂ ਹਨ ਇਸ ਪਿੰਡ ਤੋਂ ਇਆਲੀ ਦੇ ਬੇਹੱਦ ਕਰੀਬੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਤੇ ਲੈਂਡ ਮਾਰਟਗੇਜ਼ ਬੈਂਕ ਦੇ ਚੇਅਰਮੈਨ ਜਗਦੀਸ਼ ਸਿੰਘ ਗੋਰਸੀਆਂ, ਉਨ੍ਹਾਂ ਦੇ ਸਪੁੱਤਰ ਜਸਵਿੰਦਰ ਸਿੰਘ ਸਾਬਕਾ ਸਰਪੰਚ, ਮੌਜੂਦਾ ਸਰਪੰਚ ਨਵਨੀਤ ਕੌਰ (ਨੂੰਹ), ਪੰਚਾਇਤ ਮੈਂਬਰ ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਅਮਨਦੀਪ ਕੌਰ, ਸਿਮਰਨਜੀਤ ਕੌਰ ਅਤੇ ਦਰਜਨਾਂ ਹੋਰ ਆਗੂਆਂ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ’ਚ ਘਰ ਵਾਪਸੀ ਕੀਤੀ।
ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਨੂੰ ਪਾਰਟੀ ’ਚ ਆਉਣ ’ਤੇ ਜੀ ਆਇਆਂ ਨੂੰ ਆਖਿਆ ਅਤੇ ਪਾਰਟੀ ’ਚ ਬਣਦਾ ਪੂਰਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਸੰਗਤ ਨਾਲ ਰੁ-ਬ-ਰੂ ਹੁੰਦਿਆਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਐਲਾਨ ਵੀ ਕੀਤਾ ਕਿ ਉਹ ਗੱਦਾਰਾਂ ਅਤੇ ਮੌਕਾਪ੍ਰਸਤਾਂ ਨੂੰ ਮੁੜ ਪਾਰਟੀ ’ਚ ਕਿਸੇ ਵੀ ਕੀਮਤ ’ਤੇ ਸ਼ਾਮਲ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਮੈਂ ਪਾਰਟੀ ਪ੍ਰਧਾਨ ਹਾਂ, ਉਨ੍ਹਾਂ ਟਾਈਮ ਮੈਂ ਇਸ ਤਰ੍ਹਾਂ ਦੇ ਮੌਕਾਪ੍ਰਸਤ ਲੋਕਾਂ ਨੂੰ ਨੇੜੇ ਨਹੀਂ ਲੱਗਣ ਦੇਵਾਂਗਾ, ਕਿਉਂਕਿ ਇਸ ਤਰ੍ਹਾਂ ਦੇ ਲੋਕਾਂ ਨੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਨੁਕਸਾਨ ਕੀਤਾ ਹੈ। ਇਸ ਤਰ੍ਹਾਂ ਦੇ ਘਰ ਬਦਲੂ ਲੋਕਾਂ ਨੂੰ ਕੋਈ ਘਰੇ ਨਹੀਂ ਵਾੜਦਾ।
ਇਸ ਮੌਕੇ ਅਕਾਲੀ ਦਲ ਦੇ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੂਹ ਵਰਕਰਾਂ ਦਾ ਧੰਨਵਾਦ ਕਰਦਿਆਂ ਜਸਕਰਨ ਸਿੰਘ ਦਿਓਲ ਹਲਕਾ ਇੰਚਾਰਜ ਨੇ ਪਾਰਟੀ ਵਰਕਰਾਂ ਅਤੇ ਪਾਰਟੀ ਪ੍ਰਧਾਨ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਸਮੁੱਚੀ ਟੀਮ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਇਕ ਕਰ ਕੇ ਮਿਹਨਤ ਲਈ ਵਚਨਬੱਧ ਹਨ।
