ਇਤਿਹਾਸ ਦੇ ਸਭ ਤੋਂ ਗੰਭੀਰ ਆਰਥਿਕ ਸੰਕਟ ''ਚੋਂ ਲੰਘ ਰਿਹੈ ਪੰਜਾਬ : ਮਨਪ੍ਰੀਤ

Wednesday, Dec 06, 2017 - 07:12 AM (IST)

ਚੰਡੀਗੜ੍ਹ (ਪਰਾਸ਼ਰ) - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਸੂਬਾ ਇਸ ਸਮੇਂ ਸੂਬੇ ਦੇ ਇਤਿਹਾਸ ਦੇ ਸਭ ਤੋਂ ਗੰਭੀਰ ਆਰਥਿਕ ਸੰਕਟ ਵਿਚੋਂ ਲੰਘ ਰਿਹਾ ਹੈ, ਜਿਸ ਤੋਂ ਉਭਰਨ ਲਈ ਅਮਰਿੰਦਰ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਮੁੱਖ ਕਾਰਨ ਅਕਾਲੀ-ਭਾਜਪਾ ਸਰਕਾਰ ਦਾ ਗੈਰ-ਜ਼ਿੰਮੇਵਾਰਾਨਾ ਰਵੱਈਆ
ਅੱਜ ਉਨ੍ਹਾਂ ਕਿਹਾ ਕਿ ਇਸ ਡੂੰਘੇ ਵਿੱਤੀ ਸੰਕਟ ਦਾ ਮੁੱਖ ਕਾਰਨ ਪਿਛਲੀ ਅਕਾਲੀ-ਭਾਜਪਾ ਸਰਕਾਰ ਦਾ ਰਾਜ ਪ੍ਰਤੀ ਗੈਰ-ਜ਼ਿੰਮੇਵਾਰਾਨਾ ਰਵੱਈਆ ਹੈ, ਜਿਸ ਕਾਰਨ ਉਸ ਨੇ ਲਗਾਤਾਰ ਵਿਗੜਦੀ ਵਿੱਤੀ ਹਾਲਤ ਪ੍ਰਤੀ ਆਪਣੀਆਂ ਅੱਖਾਂ ਬੰਦ ਰੱਖੀਆਂ। ਵਿੱਤ ਮੰਤਰੀ ਨੇ ਕਿਹਾ ਕਿ ਜਦ ਅਕਾਲੀ-ਭਾਜਪਾ ਗਠਜੋੜ ਨੂੰ ਇਹ ਲੱਗਣ ਲੱਗਾ ਕਿ ਉਹ ਮੁੜ ਸੱਤਾ ਵਿਚ ਨਹੀਂ ਆ ਸਕਣਗੇ ਤਾਂ ਉਨ੍ਹਾਂ ਜਾਣ-ਬੁੱਝ ਕੇ ਸਭ ਕੁੱਝ ਗਹਿਣੇ ਰੱਖਣਾ ਸ਼ੁਰੂ ਕਰ ਦਿੱਤਾ। ਰੂਰਲ ਡਿਵੈੱਲਪਮੈਂਟ ਫੰਡ ਤੇ ਮੰਡੀ ਬੋਰਡ ਦੀ ਅਗਲੇ 5 ਸਾਲਾਂ ਦੀ ਆਮਦਨ ਨੂੰ ਬੈਂਕਾਂ ਕੋਲ ਗਹਿਣੇ ਰੱਖ ਦਿੱਤਾ ਗਿਆ। ਇੰਨਾ ਹੀ ਨਹੀਂ, ਪੰਜਾਬ ਇਨਫਰਾਸਟਰਕਚਰ ਡਿਵੈੱਲਪਮੈਂਟ ਬੋਰਡ ਦੀ ਵੀ ਆਮਦਨ ਨੂੰ ਇਸੇ ਤਰ੍ਹਾਂ ਗਹਿਣੇ ਰੱਖ ਦਿੱਤਾ ਗਿਆ।
31000 ਕਰੋੜ ਰੁਪਏ ਕਰਜ਼ੇ 'ਚ ਤਬਦੀਲ
ਇੰਨਾ ਹੀ ਨਹੀਂ, ਫੂਡ ਅਕਾਊਂਟ ਦੇ 31000 ਕਰੋੜ ਰੁਪਏ ਦੇ ਘਾਟੇ ਨੂੰ ਵੀ ਕਰਜ਼ੇ ਵਿਚ ਤਬਦੀਲ ਕਰ ਦਿੱਤਾ ਗਿਆ, ਜਿਸ ਕਾਰਨ ਹੁਣ ਨਵੀਂ ਸਰਕਾਰ ਨੂੰ ਪ੍ਰਤੀ ਮਹੀਨੇ 270 ਕਰੋੜ ਰੁਪਏ ਦੀ ਕਿਸ਼ਤ ਬੈਂਕ ਨੂੰ ਦੇਣੀ ਪੈਂਦੀ ਹੈ। ਇਹ 3200 ਕਰੋੜ ਰੁਪਏ ਪ੍ਰਤੀ ਸਾਲ ਦਾ ਬੋਝ ਬੜੀ ਆਸਾਨੀ ਨਾਲ ਟਾਲਿਆ ਜਾ ਸਕਦਾ ਸੀ।
1100 ਕਰੋੜ ਰੁਪਏ ਜਮ੍ਹਾ ਕਰਵਾਏ ਤਾਂ ਮਿਲੀ ਸੀ. ਸੀ. ਐੱਲ.
ਕੇਂਦਰ ਤੇ ਰਾਜ ਸਰਕਾਰ ਵਿਚਕਾਰ ਅਨਾਜ ਦੀ ਖਰੀਦ ਨਾਲ ਸਬੰਧਤ ਬਕਾਏ ਦੇ ਭੁਗਤਾਨ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਵਿਵਾਦ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਹੁਣ ਸੂਬਾ ਸਰਕਾਰ ਨੂੰ ਕਿਹਾ ਕਿ ਅਨਾਜ ਦੀ ਖਰੀਦ ਨਾਲ ਸਬੰਧਤ ਟ੍ਰਾਂਸਪੋਰਟੇਸ਼ਨ, ਗਨੀ ਬੈਗਜ਼, ਲੇਬਰ ਆਦਿ 'ਤੇ ਹੋਣ ਵਾਲਾ ਖਰਚ ਹੁਣ ਪੰਜਾਬ ਨੂੰ ਪਹਿਲਾਂ ਜਮ੍ਹਾ ਕਰਵਾਉਣਾ ਹੋਵੇਗਾ, ਉਸ ਤੋਂ ਬਾਅਦ ਹੀ ਕੈਸ਼ ਕ੍ਰੈਡਿਟ ਲਿਮਟ (ਸੀ. ਸੀ. ਐੱਲ.) ਜਾਰੀ ਕੀਤੀ ਜਾਵੇਗੀ। ਇਸ ਲਈ ਸਰਕਾਰ ਨੂੰ ਇਸ ਸਾਲ ਪਹਿਲਾਂ 1100 ਕਰੋੜ ਰੁਪਏ ਕੇਂਦਰ ਕੋਲ ਜਮ੍ਹਾ ਕਰਵਾਉਣਾ ਪਿਆ, ਉਸ ਤੋਂ ਬਾਅਦ ਹੀ ਅਨਾਜ ਦੀ ਖਰੀਦ ਲਈ ਸੀ. ਸੀ. ਐੱਲ. ਜਾਰੀ ਕੀਤੀ ਗਈ।
ਮੀਡੀਅਮ ਟਰਮ ਫਿਸਕਲ ਮੈਨੇਜਮੈਂਟ ਪਲਾਨ ਤਿਆਰ  
ਵਿੱਤ ਮੰਤਰੀ ਨੇ ਕਿਹਾ ਕਿ ਇਸ ਸਭ ਦੇ ਬਾਵਜੂਦ ਰਾਜ ਸਰਕਾਰ ਨੇ ਸਥਿਤੀ ਦਾ ਸਾਹਮਣਾ ਕਰਨ ਲਈ ਇਕ ਮੀਡੀਅਮ ਟਰਮ ਫਿਸਕਲ ਮੈਨੇਜਮੈਂਟ ਪਲਾਨ ਤਿਆਰ ਕੀਤਾ ਹੈ, ਜਿਸ ਨੂੰ ਅਮਲੀਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਪਲਾਨ ਦੇ ਤਹਿਤ ਲੱਗਭਗ ਸਾਰੇ ਵਿਭਾਗਾਂ ਵਿਚ ਖਰਚ 'ਤੇ 10 ਫੀਸਦੀ ਦਾ ਕੱਟ ਲਾਇਆ ਗਿਆ ਹੈ। ਇਸ ਦੇ ਨਾਲ ਹੀ ਮਾਲੀਆ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਅਗਲੇ ਸਾਲ ਮਾਰਚ ਵਿਚ ਜਦ ਉਹ 2017-18 ਦਾ ਸਾਲਾਨਾ ਬਜਟ ਪੇਸ਼ ਕਰਨਗੇ ਤਾਂ ਉਹ ਸਾਰੇ ਦੇਸ਼ ਵਿਚ ਸਭ ਤੋਂ ਵੱਧ ਕਾਸਟ ਕਟਿੰਗ ਤੇ ਮਾਲ ਵਿਚ ਵਾਧਾ ਪੰਜਾਬ ਵਿਚ ਦਰਜ ਕੀਤਾ ਜਾਵੇਗਾ।
ਜੀ. ਐੱਸ. ਟੀ. ਗਲਤ ਨਹੀਂ ਚੰਗਾ ਟੈਕਸ
ਮਨਪ੍ਰੀਤ ਬਾਦਲ ਨੇ ਕਿਹਾ ਕਿ ਜੀ. ਐੱਸ. ਟੀ. ਇਕ ਚੰਗਾ ਟੈਕਸ ਹੈ, ਜਿਸ ਨੂੰ ਦੁਨੀਆ ਭਰ ਦੇ 160 ਦੇਸ਼ਾਂ ਵਲੋਂ ਅਪਣਾਇਆ ਗਿਆ ਹੈ। ਭਾਰਤ ਵਿਚ ਜੀ. ਐੱਸ. ਟੀ. ਦੇ ਚੰਗੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਸ ਵਿਚ ਕੁੱਝ ਕਮੀ ਪੇਸ਼ੀ ਹੋ ਸਕਦੀ ਹੈ ਪਰ ਇਸ ਦਾ ਅਰਥ ਇਹ ਨਹੀਂ ਕਿ ਜੀ. ਐੱਸ. ਟੀ. ਗਲਤ ਹੈ। ਚੰਗਾ ਹੁੰਦਾ ਕਿ ਕੇਂਦਰ ਸਰਕਾਰ ਸ਼ੁਰੂ ਵਿਚ ਹੀ ਜੀ. ਐੱਸ. ਟੀ. ਦੇ ਰੇਟ ਤੈਅ ਕਰਦੇ ਸਮੇਂ ਪੂਰੀ ਅਹਿਤਿਆਤ ਵਰਤਦੀ।
ਪੰਜਾਬ ਨੂੰ ਜੀ. ਐੱਸ. ਟੀ. ਦਾ ਹਿੱਸਾ ਮਿਲਣਾ ਸ਼ੁਰੂ ਹੋ ਗਿਆ
ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਕੇਂਦਰ ਤੋਂ ਜੀ. ਐੱਸ. ਟੀ. ਵਿਚ ਆਪਣਾ ਹਿੱਸਾ ਮਿਲਣਾ ਸ਼ੁਰੂ ਹੋ ਗਿਆ ਹੈ ਪਰ ਇਹ ਰਾਸ਼ੀ ਮਿਲਣ ਵਿਚ ਕੁੱਝ ਦੇਰੀ ਹੋ ਰਹੀ ਹੈ, ਜਿਸ 'ਚ ਕੁੱਝ ਦਿੱਕਤਾਂ ਆ ਰਹੀਆਂ ਹਨ। ਉਦਾਹਰਨ ਦੇ ਤੌਰ 'ਤੇ ਸਤੰਬਰ ਮਹੀਨੇ ਵਿਚ ਸਰਕਾਰ ਨੂੰ ਆਪਣੇ ਕਰਮਚਾਰੀਆਂ ਦੀ ਤਨਖਾਹ ਦੇ ਭੁਗਤਾਨ ਵਿਚ 15 ਦਿਨ ਦੀ ਦੇਰੀ ਕਰਨੀ ਪਈ ਪਰ ਇਸ ਮਹੀਨੇ ਕੋਈ ਅਜਿਹੀ ਮੁਸ਼ਕਿਲ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਕਰਮਚਾਰੀਆਂ ਦੀ ਤਨਖਾਹ, ਪੈਨਸ਼ਨ ਤੇ ਕਰਜ਼ਿਆਂ ਦੀਆਂ ਕਿਸ਼ਤਾਂ ਦਾ ਭੁਗਤਾਨ ਲਗਾਤਾਰ ਕਰ ਰਹੀ ਹੈ।
ਖੇਤੀ ਖੇਤਰ ਨੂੰ ਬਿਜਲੀ ਸਬਸਿਡੀ ਬੰਦ ਨਹੀਂ ਹੋਵੇਗੀ
ਇਕ ਸਵਾਲ ਦੇ ਜਵਾਬ ਵਿਚ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਖੇਤੀ ਖੇਤਰ ਨੂੰ ਹਰ ਸਾਲ ਕਰੀਬ 6000 ਕਰੋੜ ਦੀ ਦਿੱਤੀ ਜਾ ਰਹੀ ਬਿਜਲੀ ਸਬਸਿਡੀ ਕਿਸੇ ਵੀ ਹਾਲਤ ਵਿਚ ਬੰਦ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਕਿਸੇ ਵੀ ਤਰ੍ਹਾਂ ਦਾ ਵਾਧੂ ਆਰਥਿਕ ਬੋਝ ਬਰਦਾਸ਼ਤ ਕਰਨ ਦੀ ਸਥਿਤੀ ਵਿਚ ਨਹੀਂ ਹੈ।


Related News