ਗੁਲਜ਼ਾਰਇੰਦਰ ਚਾਹਲ ਨੇ ਆਰਥਿਕ ਨੀਤੀ ਤੇ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
Wednesday, Dec 24, 2025 - 04:53 PM (IST)
ਚੰਡੀਗੜ੍ਹ : ਆਰਥਿਕ ਨੀਤੀ ਅਤੇ ਯੋਜਨਾਬੰਦੀ ਬੋਰਡ, ਪੰਜਾਬ ਦੇ ਨਵ-ਨਿਯੁਕਤ ਉਪ ਚੇਅਰਮੈਨ (ਕੈਬਨਿਟ ਰੈਂਕ) ਗੁਲਜ਼ਾਰਇੰਦਰ ਸਿੰਘ ਚਾਹਲ ਨੇ ਅੱਜ ਵਧੀਕ ਮੁੱਖ ਸਕੱਤਰ ਯੋਜਨਾਬੰਦੀ ਜਸਪ੍ਰੀਤ ਤਲਵਾੜ, ਵਧੀਕ ਸਕੱਤਰ ਯੋਜਨਾਬੰਦੀ ਜਗਜੀਤ ਸਿੰਘ ਅਤੇ ਡਾਇਰੈਕਟਰ ਯੋਜਨਾਬੰਦੀ ਅਨੁਪਮ ਦੀ ਮੌਜੂਦਗੀ ਵਿੱਚ ਵਜੋਂ ਰਸਮੀ ਤੌਰ 'ਤੇ ਅਹੁਦਾ ਸੰਭਾਲਿਆ। ਇਸ ਮੌਕੇ ਉਨ੍ਹਾਂ ਸੂਬੇ ਪ੍ਰਤੀ ਸੇਵਾਵਾਂ ਦਾ ਮੌਕਾ ਦੇਣ ਲਈ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਆਪਣਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਵਾਈਸ ਚੇਅਰਮੈਨ ਚਾਹਲ ਨੇ ਯੋਜਨਾਬੰਦੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਸੁਚਾਰੂ ਢੰਗ ਨਾਲ ਲੋਕ-ਪੱਖੀ ਨੀਤੀਆਂ ਲਾਗੂ ਕਰ ਰਹੀ ਹੈ, ਜਿਸ ਦੇ ਜ਼ਮੀਨੀ ਪੱਧਰ 'ਤੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਪੂਰੀ ਸੂਝ-ਬੂਝ ਨਾਲ ਬਣਾਈਆਂ ਇਨ੍ਹਾਂ ਨੀਤੀਆਂ ਰਾਹੀਂ ਪੰਜਾਬ ਸੂਬਾ ਇਨਕਲਾਬੀ ਸੁਧਾਰਾਂ ਦੇ ਲਾਗੂਕਰਨ ਵਿੱਚ ਦੇਸ਼ ਭਰ ‘ਚੋ ਮੋਹਰੀ ਬਣ ਕੇ ਉੱਭਰਿਆ ਹੈ। ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਆਪਣੀ ਇਸ ਨਵੀਂ ਭੂਮਿਕਾ ਲਈ ਠੋਸ ਯੋਜਨਾਬੰਦੀ ਤਿਆਰ ਕਰਨ ਬਾਰੇ ਚਰਚਾ ਕੀਤੀ ਤਾਂ ਜੋ ਉਹ ਪੰਜਾਬ ਦੇ ਵਿਕਾਸ ਨੂੰ ਅੱਗੇ ਹੋਰ ਹੁਲਾਰਾ ਦੇਣ ਵਿੱਚ ਯੋਗਦਾਨ ਪਾ ਸਕਣ।
ਇਸ ਮੌਕੇ ਵਾਈਸ ਚੇਅਰਮੈਨ ਗੁਲਜ਼ਾਰਇੰਦਰ ਸਿੰਘ ਚਾਹਲ ਨੇ ਪੰਜਾਬ ਦੇ ਭਵਿੱਖ ਨੂੰ ਧਿਆਨ 'ਚ ਰੱਖਦਿਆਂ ਡਿਜੀਟਲ ਅਰਥ ਵਿਵਸਥਾ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੇਵਾਵਾਂ ਦੀ ਡਲਿਵਰੀ 'ਚ ਸੁਧਾਰ ਲਈ ਸਰਕਾਰੀ ਸੈਕਟਰਾਂ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਵਰਗੀਆਂ ਉੱਭਰ ਰਹੀਆਂ ਤਕਨਾਲੋਜੀਆਂ ਨੂੰ ਸ਼ਾਮਲ ਕਰਦਿਆਂ ਸਟਾਰਟ ਅੱਪਸ, ਮੀਡੀਆ ਅਤੇ ਮਨੋਰੰਜਨ ਵਰਗੇ ਸੈਕਟਰਾਂ ਨੂੰ ਹੁਲਾਰਾ ਦੇਣ ਸਬੰਧੀ ਆਪਣੀ ਮਜ਼ਬੂਤ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਅੱਗੇ ਕਿਹਾ ਕਿ ਉਹ ਨੀਤੀ ਆਯੋਗ ਨਾਲ ਨਜ਼ਦੀਕੀ ਤਾਲਮੇਲ ਲਈ ਯਤਨ ਕਰਨਗੇ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਲਾਗੂ ਪ੍ਰਮੁੱਖ ਨੀਤੀਆਂ ਦਾ ਅਧਿਐਨ ਕਰਨਗੇ ਤਾਂ ਜੋ ਪੰਜਾਬ 'ਚ ਸਫ਼ਲ ਅਤੇ ਠੋਸ ਨੀਤੀਆਂ ਦੇ ਲਾਗੂਕਰਨ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਰਾਜ ਦੇ ਆਰਥਿਕ ਵਿਕਾਸ ਨੂੰ ਮਜ਼ਬੂਤੀ ਦੇਣ ਲਈ ਪਰਵਾਸੀ ਪੰਜਾਬੀਆਂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਉਦਯੋਗ ਦੇ ਆਗੂਆਂ ਨੂੰ ਸੂਬੇ 'ਚ ਨਿਵੇਸ਼ ਲਈ ਸੱਦਾ ਦਿੱਤਾ ਜਾਵੇਗਾ। ਇੱਕ ਉੱਦਮੀ ਵਜੋਂ ਆਪਣਾ ਤਜੁਰਬਾ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਨਵੀਨਤਾ ਅਤੇ ਜਨਤਕ-ਨਿੱਜੀ ਭਾਈਵਾਲੀ ਨੂੰ ਉਤਸ਼ਾਹਿਤ ਕਰਨਾ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਮਹੱਤਵਪੂਰਨ ਹੋਵੇਗਾ ਕਿ ਆਰਥਿਕ ਵਿਕਾਸ ਲਾਭ ਪੰਜਾਬ ਦੇ ਹਰ ਨਾਗਰਿਕ ਤੱਕ ਪੁੱਜੇ।
