ਲੁਧਿਆਣਾ ਹਾਈਵੇਅ ਤੋਂ ਲੰਘ ਰਹੇ ਵਿਅਕਤੀ ''ਤੇ ਹਮਲਾ! ਵਿਆਹ ਤੋਂ ਪਰਤ ਰਿਹਾ ਸੀ ਵਾਪਸ
Wednesday, Dec 24, 2025 - 06:06 PM (IST)
ਜਗਰਾਓਂ: ਲੁਧਿਆਣਾ-ਫਿਰੋਜ਼ਪੁਰ ਨੈਸ਼ਨਲ ਹਾਈਵੇਅ 'ਤੇ ਮੰਗਲਵਾਰ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਕਾਰ 'ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ, ਜਦਕਿ ਕਾਰ ਚਾਲਕ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ।
ਪੀੜਤ ਸੁਖਚੈਨ ਸਿੰਘ, ਜੋ ਮੋਗਾ ਜ਼ਿਲ੍ਹੇ ਦੇ ਪਿੰਡ ਬੋਨਾ ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਉਹ ਲੁਧਿਆਣਾ ਵਿਚ ਇਕ ਵਿਆਹ ਸਮਾਗਮ ਤੋਂ ਵਾਪਸ ਆਪਣੇ ਪਿੰਡ ਮੋਗਾ ਜਾ ਰਿਹਾ ਸੀ। ਰਾਤ ਨੂੰ ਤਕਰੀਬਨ 2 ਵਜੇ ਪਿੰਡ ਸੋਹੀਆਂ ਦੇ ਕੋਲ ਮੋਗਾ ਰੋਡ 'ਤੇ ਉਸ 'ਤੇ ਇਹ ਹਮਲਾ ਹੋਇਆ। ਪੀੜਤ ਮੁਤਾਬਕ ਇਕ ਨੌਜਵਾਨ ਨੇ ਉਸ ਦੀ ਕਾਰ 'ਤੇ ਪੱਥਰ ਮਾਰ ਦਿੱਤਾ। ਜਦੋਂ ਉਹ ਗੱਡੀ ਤੋਂ ਹੇਠਾਂ ਉਤਰਿਆ ਤਾਂ ਹਮਲਾਵਰ ਨੇ ਕਾਰ ਦੀ ਭੰਨਤੋੜ ਸ਼ੁਰੂ ਕਰ ਦਿੱਤੀ, ਜਿਸ ਕਾਰਨ ਉਸ ਨੂੰ ਆਪਣੀ ਜਾਨ ਬਚਾਉਣ ਲਈ ਉੱਥੋਂ ਭੱਜਣਾ ਪਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਸ ਮੌਕੇ 'ਤੇ ਪਹੁੰਚੀ, ਪਰ ਉੱਥੇ ਕੋਈ ਮੌਜੂਦ ਨਹੀਂ ਸੀ। ਪੁਲਸ ਨੂੰ ਕਾਰ ਦੇ ਸ਼ੀਸ਼ੇ ਅਤੇ ਬਾਡੀ ਬੁਰੀ ਤਰ੍ਹਾਂ ਨੁਕਸਾਨੀ ਹੋਈ ਮਿਲੀ। ਡਰਾਈਵਰ ਨੇ ਪੁਲਸ ਨੂੰ ਫੋਨ 'ਤੇ ਦੱਸਿਆ ਕਿ ਉਹ ਡਰ ਕਾਰਨ ਇਕ ਰਿਸ਼ਤੇਦਾਰ ਦੇ ਘਰ ਚਲਾ ਗਿਆ ਸੀ। ਅਗਲੀ ਸਵੇਰ ਚੌਕੀਮਾਨ ਪਹੁੰਚ ਕੇ ਉਸ ਨੇ ਸਪੱਸ਼ਟ ਕੀਤਾ ਕਿ ਉਸ ਨਾਲ ਕੋਈ ਲੁੱਟ-ਖੋਹ ਨਹੀਂ ਹੋਈ ਅਤੇ ਨਾ ਹੀ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਹੈ। ਉਸ ਨੇ ਖਦਸ਼ਾ ਜਤਾਇਆ ਕਿ ਇਹ ਹਮਲਾ ਕਿਸੇ ਗਲਤਫਹਿਮੀ ਕਾਰਨ ਹੋਇਆ ਹੋ ਸਕਦਾ ਹੈ। ਥਾਣਾ ਸਦਰ ਦੇ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਲਈ ਆਲੇ-ਦੁਆਲੇ ਦੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
