ਹੁਣ ਇੰਡਸਟਰੀ ਨੂੰ ਰਾਤ 10 ਤੋਂ ਸਵੇਰੇ 6 ਵਜੇ ਤੱਕ ਇਕ ਰੁਪਏ ਯੂਨਿਟ ਸਸਤੀ ਮਿਲੇਗੀ ਬਿਜਲੀ

09/30/2020 9:54:24 PM

ਜਲੰਧਰ, (ਪੁਨੀਤ)– ਝੋਨੇ ਦੀ ਬਿਜਾਈ ਦਾ ਸੀਜ਼ਨ ਅੱਜ ਤੋਂ ਖਤਮ ਹੋ ਗਿਆ ਹੈ, ਜਿਸ ਦਾ ਲਾਭ ਹੁਣ ਵੱਡੀ ਇੰਡਸਟਰੀ ਨੂੰ ਸਸਤੀ ਬਿਜਲੀ ਦੇ ਰੂਪ ਵਿਚ ਮਿਲੇਗਾ ਕਿਉਂਕਿ ਐਗਰੀਕਲਚਰ ਨੂੰ ਦਿੱਤੀ ਜਾਣ ਵਾਲੀ ਬਿਜਲੀ ਦੇ ਬੰਦ ਹੋਣ ਕਾਰਣ ਵਿਭਾਗ ਕੋਲ ਹੁਣ ਕਾਫੀ ਬਿਜਲੀ ਉਪਲੱਬਧ ਹੈ। ਇਸੇ ਲੜੀ ਵਿਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਬਿਜਲੀ ਦੀ ਵਰਤੋਂ ਕਰਨ ’ਤੇ ਇੰਡਸਟਰੀ ਨੂੰ ਇਕ ਰੁਪਏ ਯੂਨਿਟ ਤੋਂ ਜ਼ਿਆਦਾ ਦੀਆਂ ਦਰਾਂ ਦੇ ਹਿਸਾਬ ਨਾਲ ਸਸਤੀ ਬਿਜਲੀ ਮਿਲੇਗੀ। ਉਥੇ ਹੀ ਵਿਭਾਗ ਵੱਲੋਂ ਸ਼ਾਮ 6 ਤੋਂ ਰਾਤ 10 ਵਜੇ ਤੱਕ ਇੰਡਸਟਰੀ ਚਲਾਉਣ ’ਤੇ ਬਿਜਲੀ ਦਰਾਂ ਤੋਂ ਇਲਾਵਾ ਵਸੂਲ ਕੀਤੇ ਜਾਣ ਵਾਲੇ 2 ਰੁਪਏ ਯੂਨਿਟ ਪੀਕ ਆਵਰਜ਼ ਚਾਰਜਿਜ਼ ਵੀ ਅੱਜ ਤੋਂ ਖਤਮ ਕਰ ਦਿੱਤੇ ਗਏ ਹਨ। ਵਿਭਾਗ ਵੱਲੋਂ ਝੋਨੇ ਦੇ ਸੀਜ਼ਨ ਵਿਚ ਬਿਜਲੀ ਦੀ ਜ਼ਿਆਦਾ ਖਪਤ ਹੋਣ ਕਾਰਣ ਇੰਡਸਟਰੀ ਨੂੰ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਸੀ। ਇਹ ਨਿਯਮ ਐੱਮ. ਐੱਸ. (ਮੀਡੀਅਮ ਸਪਲਾਈ), ਐੱਲ. ਐੱਸ. (ਲਾਰਜ ਸਪਲਾਈ) ਇੰਡਸਟਰੀ ’ਤੇ ਲਾਗੂ ਹੁੰਦੇ ਹਨ, ਜਦਕਿ ਐੱਸ. ਪੀ. (ਸਮਾਲ ਪਾਵਰ) ਨੂੰ ਪਹਿਲਾਂ ਤੋਂ ਪੀਕ ਆਵਰਜ਼ ਚਾਰਜਿਜ਼ ਤੋਂ ਛੋਟ ਹੈ। ਐੱਮ. ਐੱਸ. ਦਾ ਕੁਨੈਕਸ਼ਨ 20 ਤੋਂ 100 ਕਿਲੋਵਾਟ, ਜਦਕਿ ਐੱਲ. ਐੱਸ. ਦਾ ਕੁਨੈਕਸ਼ਨ 100 ਕਿਲੋਵਾਟ ਤੋਂ ਜ਼ਿਆਦਾ ਦਾ ਰਹਿੰਦਾ ਹੈ, ਜਿਸ ਵਿਚ ਬਿਜਲੀ ਦੀ ਖਪਤ ਜ਼ਿਆਦਾ ਹੁੰਦੀ ਹੈ। ਵੱਡੀ ਇੰਡਸਟਰੀ ਨੂੰ ਰਾਹਤ ਦੇਣ ਨਾਲ ਬਿਜਲੀ ਦੀ ਖਪਤ ਵਧੇਗੀ ਅਤੇ ਥਰਮਲ ਪਲਾਂਟਾਂ ਦੇ ਯੂਨਿਟ ਬੰਦ ਨਹੀਂ ਰੱਖਣੇ ਪੈਣਗੇ। ਪਾਵਰ ਨਿਗਮ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਜੋ ਐਗਰੀਮੈਂਟ ਕੀਤੇ ਗਏ ਹਨ, ਉਸ ਮੁਤਾਬਕ ਬਿਜਲੀ ਨਾ ਲੈਣ ਦੀ ਸੂਰਤ ਵਿਚ ਵੀ ਵਿਭਾਗ ਨੂੰ ਫਿਕਸ ਚਾਰਜਿਜ਼ ਪੈਂਦੇ ਹਨ। ਇਸੇ ਕਾਰਣ ਵਿਭਾਗ ਵੱਲੋਂ ਬਿਜਲੀ ਦੀ ਉਪਲੱਬਧਤਾ ਹੋਣ ਕਾਰਣ ਇੰਡਸਟਰੀ ਨੂੰ ਸਸਤੀ ਬਿਜਲੀ ਦਿੱਤੀ ਜਾਂਦੀ ਹੈ। ਇਸ ਮੌਸਮ ਵਿਚ ਘਰੇਲੂ ਖਪਤ ਵੀ ਘੱਟ ਹੋ ਜਾਂਦੀ ਹੈ, ਜਿਸ ਕਾਰਣ ਰਾਤ ਦੇ ਸਮੇਂ ਵਿਭਾਗ ਵੱਲੋਂ ਇੰਡਸਟਰੀ ਚਲਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਉਦਯੋਗਪਤੀਆਂ ਵੱਲੋਂ ਪਿਛਲੇ ਦਿਨੀਂ ਸ਼ਾਮ 6 ਵਜੇ ਤੋਂ 10 ਵਜੇ ਤੱਕ ਬਿਜਲੀ ਦੀਆਂ ਦਰਾਂ ਤੋਂ ਇਲਾਵਾ ਵਸੂਲ ਕੀਤੇ ਜਾਣ ਵਾਲੇ 2 ਰੁਪਏ ਪ੍ਰਤੀ ਯੂਨਿਟ ਰੁਪਏ ਦਾ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਕਰਫਿਊ ਕਾਰਣ ਉਦਯੋਗ ਪਹਿਲਾਂ ਹੀ ਪ੍ਰੇਸ਼ਾਨੀ ਝੱਲ ਰਹੇ ਹਨ, ਇਸ ਲਈ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਪੀਕ ਆਵਰਜ਼ ਚਾਰਜਿਜ਼ ਖਤਮ ਕਰੇ। ਇਸ ਸਬੰਧੀ ਪਾਵਰ ਨਿਗਮ ਨਾਰਥ ਜ਼ੋਨ ਦੇ ਚੀਫ ਇੰਜੀਨੀਅਰ ਜੈਇੰਦਰ ਦਾਨੀਆ ਨੇ ਕਿਹਾ ਕਿ ਉਨ੍ਹਾਂ ਕੋਲ ਅਜੇ ਸਸਤੀ ਬਿਜਲੀ ਸਬੰਧੀ ਕੋਈ ਸਰਕੁਲਰ ਨਹੀਂ ਪਹੁੰਚਿਆ ਹੈ। ਜਿਵੇਂ ਹੀ ਆਦੇਸ਼ ਦੀ ਕਾਪੀ ਮਿਲੇਗੀ, ਉਹ ਸੂਚਿਤ ਕਰਨਗੇ।


Bharat Thapa

Content Editor

Related News