ਲੜਕੀਆਂ ਨੇ ਕਿਹਾ : 'ਗਾਂ, ਹਿਰਨ ਸੁਰੱਖਿਅਤ, ਅਸੀਂ ਕਿਉਂ ਨਹੀਂ!

Friday, Apr 20, 2018 - 07:21 AM (IST)

ਜੈਤੋ, (ਜਿੰਦਲ)- ਯੂਥ ਲੜਕਿਆਂ ਅਤੇ ਲੜਕੀਆਂ ਵੱਲੋਂ ਕਠੂਆ ਵਿਖੇ ਵਾਪਰੇ ਜਬਰ-ਜ਼ਨਾਹ ਕਾਂਡ ਦੀ ਪੀੜਤ ਬੱਚੀ ਨੂੰ ਇਨਸਾਫ਼ ਦਿਵਾਉਣ ਲਈ ਆਪਣੀ ਆਵਾਜ਼ ਸਰਕਾਰ ਅਤੇ ਪ੍ਰਸ਼ਾਸਨ ਦੇ ਕੰਨਾਂ ਤੱਕ ਪਹੁੰਚਾਉਣ ਲਈ ਸ਼ਹਿਰ ਵਿਚ ਰੋਸ ਮਾਰਚ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਅਗਵਾਈ ਸਮਾਜ ਸੇਵਕ ਅਮਿਤ ਅਰੋੜਾ ਅਤੇ ਭੁਪਿੰਦਰ ਸਿੰਘ ਵੱਲੋਂ ਕੀਤੀ ਗਈ। 
ਇਸ ਮੌਕੇ ਲੜਕੀਆਂ ਅਤੇ ਲੜਕਿਆਂ ਵੱਲੋਂ ਆਪਣੇ ਹੱਥਾਂ ਵਿਚ ਬੈਨਰ ਫ਼ੜੇ ਹੋਏ ਸਨ ਅਤੇ ਜ਼ੋਰਦਾਰ ਆਵਾਜ਼ਾਂ 'ਚ ਲੜਕੇ ਕਹਿ ਰਹੇ ਸਨ ਕਿ ''ਅਸੀਂ ਇਨਸਾਨ ਚਾਹੁੰਦੇ ਹਾਂ। ਇਨਸਾਨ ਬਣੋ, ਇਨਸਾਨੀਅਤ ਦਿਖਾਓ''। ਲੜਕੀਆਂ ਕਹਿ ਰਹੀਆਂ ਸਨ ਕਿ ''ਇਸ ਦੇਸ਼ ਵਿਚ 'ਗਾਂ ਸੁਰੱਖਿਅਤ, ਹਿਰਨ ਸੁਰੱਖਿਅਤ, ਅਸੀਂ ਕਿਉਂ ਨਹੀਂ ਸੁਰੱਖਿਅਤ''। 
ਇਸ ਦੌਰਾਨ ਆਗੂਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਅਜਿਹੀ ਘਿਨਾਉਣੀ ਹਰਕਤ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿਵਾਉਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਇਨਸਾਨ ਅਜਿਹੀ ਹਰਕਤ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ।
ਹਾਈਵੇ 'ਤੇ ਧਰਨਾ ਦੇ ਕੇ ਮੋਦੀ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
ਮਲੋਟ (ਜੁਨੇਜਾ, ਜੱਜ)- ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਯੂਥ ਕਾਂਗਰਸ ਵੱਲੋਂ ਕਠੂਆ ਦੇ 'ਸਮੂਹਿਕ ਜਬਰ-ਜ਼ਨਾਹ' ਵਿਰੁੱਧ ਕੌਮੀ ਸ਼ਾਹ ਮਾਰਗ 'ਤੇ ਧਰਨਾ ਦਿੱਤਾ ਗਿਆ। ਬਠਿੰਡਾ ਸ਼੍ਰੀ ਗੰਗਾਨਗਰ ਨੈਸ਼ਨਲ ਹਾਈਵੇ 'ਤੇ ਧਰਨਾ ਲਾ ਕੇ ਬੈਠੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। 
ਇਸ ਸਮੇਂ ਧਰਨੇ ਦੀ ਅਗਵਾਈ ਕਰ ਰਹੇ ਬਲਾਕ ਕਾਂਗਰਸ ਪ੍ਰਧਾਨ ਨੱਥੂ ਰਾਮ ਗਾਂਧੀ ਅਤੇ ਅਮਨਪ੍ਰੀਤ ਸਿੰਘ ਭੱਟੀ ਨੇ ਕਿਹਾ ਕਿ ਕੇਂਦਰ ਸਰਕਾਰ ਦੌਰਾਨ ਆਏ ਦਿਨ ਜਬਰ-ਜ਼ਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਕਾਰਨ ਬੱਚੀਆਂ ਅਤੇ ਔਰਤਾਂ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਆਗੂਆਂ ਨੇ ਮੰਗ ਕੀਤੀ ਕਿ ਆਸਿਫ਼ਾ 
ਦੇ ਕਾਤਲਾਂ ਨੂੰ ਤੁਰੰਤ ਫ਼ਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਵੀ ਵਿਅਕਤੀ ਭਵਿੱਖ ਵਿਚ ਅਜਿਹਾ ਅਪਰਾਧ ਕਰਨ ਬਾਰੇ ਵੀ ਨਾ ਸੋਚੇ। 


Related News