ਚੋਰ ਗਿਰੋਹ ਨੇ ਤਿੰਨ ਘਰਾਂ 'ਚੋਂ ਨਕਦੀ, ਸੋਨੇ ਦੇ ਗਹਿਣੇ ਅਤੇ ਮੋਬਾਈਲ ਫੋਨ ਉਡਾਏ

07/20/2020 4:58:37 PM

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਨੇੜਲੇ ਪਿੰਡ ਫਤਿਹਗੜ੍ਹ ਭਾਦਸੋਂ ਵਿਖੇ ਬੀਤੀ ਰਾਤ ਚੋਰਾਂ ਨੇ ਤਿੰਨ ਘਰਾਂ 'ਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਿਆ ਨਕਦੀ, ਸੋਨੇ ਦੇ ਗਹਿਣੇ ਅਤੇ ਮੋਬਾਈਲ ਫੋਨ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਪਿੰਡ ਦੇ ਸਾਬਕਾ ਸਰਪੰਚ ਈਸ਼ਰ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਬੀਤੀ ਰਾਤ ਉਸ ਦੇ ਭਰਾ ਕਸ਼ਮੀਰ ਸਿੰਘ ਪੁੱਤਰ ਭਗਵਾਨ ਸਿੰਘ ਜੋ ਕਿ ਟਰੱਕ ਆਪ੍ਰੇਟਰ ਹੈ, ਦੇ ਘਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਿਆ ਸਵਾ ਲੱਖ ਦੇ ਕਰੀਬ ਨਕਦੀ, 8 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ ਇਕ ਮੋਬਾਈਲ ਫੋਨ ਚੋਰੀ ਕਰ ਲਿਆ। ਇਸ ਘਟਨਾ 'ਚ ਉਸ ਦੇ ਭਰਾ ਦਾ ਸਾਢੇ 5 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਗਿਆ। ਸਾਬਕਾ ਸਰਪੰਚ ਨੇ ਦੱਸਿਆ ਕਿ ਉਸ ਦਾ ਭਰਾ ਬੀਤੀ ਸ਼ਾਮ ਹੀ ਟਰੱਕ ਦਾ ਚੱਕਰ ਲਗਾ ਕੇ ਘਰ ਪਰਤਿਆ ਸੀ ਅਤੇ ਬੁਰੀ ਤਰ੍ਹਾਂ ਥੱਕਿਆਂ ਹੋਇਆ ਹੋਣ ਕਾਰਨ ਟਰੱਕ ਦੇ ਭਾੜੇ ਵਾਲੇ ਰੁਪਿਆ ਵਾਲਾ ਬੈਗ ਅਤੇ ਮੋਬਾਈਲ ਫੋਨ ਆਪਣੇ ਕੋਲ ਰੱਖ ਕੇ ਸੌ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਤੜਕੇ ਕਰੀਬ 4 ਵਜੇ ਜਦੋਂ ਉਸ ਦੀ ਨੂੰਹ ਉਠੀ ਤਾਂ ਚੋਰਾਂ ਨੂੰ ਇਸ ਦੀ ਭਿਣਕ ਪੈਣ 'ਤੇ ਉਹ ਕੰਧ ਟੱਪ ਕੇ ਫਰਾਰ ਹੋ ਗਏ। ਜਿਸ ਵੱਲੋਂ ਰੋਲਾ ਪਾਉਣ 'ਤੇ ਜਦੋਂ ਬਾਕੀ ਪਰਿਵਾਰਕ ਮੈਂਬਰਾਂ ਨੇ ਉਠ ਕੇ ਦੇਖਿਆਂ ਤਾਂ ਉਨ੍ਹਾਂ ਨੂੰ ਇਸ ਚੋਰੀ ਦੀ ਘਟਨਾ ਦਾ ਪਤਾ ਚੱਲਿਆ।

ਇਹ ਵੀ ਪੜ੍ਹੋ :  ਖ਼ਤਰਨਾਕ ਗੈਂਗਸਟਰ ਨੀਟਾ ਦਿਓਲ ਵਲੋਂ ਜੇਲ 'ਚ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼

ਇਸੇ ਤਰ੍ਹਾਂ ਚੋਰਾਂ ਨੇ ਪਿੰਡ ਦੀਆਂ ਜੌਲੀਆਂ ਰੋਡ ਉਪਰ ਸਥਿਤ ਕਾਲੋਨੀਆਂ 'ਚ ਡੀ. ਜੇ. ਦਾ ਕੰਮ ਕਰਦੇ ਪ੍ਰਵਾਸੀ ਦੀਨਾ ਨਾਥ ਦੇ ਘਰ ਵੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਿਆ ਉਸ ਦੇ ਘਰੋਂ 60 ਹਜ਼ਾਰ ਰੁਪਏ ਦੀ ਨਕਦੀ ਅਤੇ ਇਕ ਮੋਬਾਈਲ ਫੋਨ ਚੋਰੀ ਕਰ ਲਿਆ। ਦੀਨਾ ਰਾਮ ਨੇ ਦੱਸਿਆ ਕਿ ਉਸ ਵੱਲੋਂ ਬੀਤੇ ਦਿਨੀਂ ਆਪਣੀ ਮੱਝ ਵੇਚੀ ਸੀ। ਜਿਸ ਦੀ ਨਕਦੀ ਘਰ ਪਈ ਸੀ, ਜੋ ਚੋਰ ਚੋਰੀ ਕਰਕੇ ਲੈ ਗਏ। ਇਸ ਤਰ੍ਹਾਂ ਪਿੰਡ ਦੀਆਂ ਕਾਲੋਨੀਆਂ 'ਚ ਹੀ ਇਕ ਹੋਰ ਘਰ ਚੋਰ ਗਿਰੋਹ ਦੇ ਮੈਂਬਰ ਗੁਰਚਰਨ ਸਿੰਘ ਪੁੱਤਰ ਮੇਹਰ ਸਿੰਘ ਦੇ ਘਰੋਂ ਵੀ ਇਕ ਮੋਬਾਈਲ ਫੋਨ ਚੋਰੀ ਕਰਕੇ ਲੈ ਗਏ। ਇਸ ਘਟਨਾ ਦੀ ਸੂਚਨਾ ਪਿੰਡ ਵਾਸੀਆਂ ਵੱਲੋਂ ਸਥਾਨਕ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਪਿੰਡ 'ਚ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਫਿਰੋਜ਼ਪੁਰ ਜ਼ਿਲ੍ਹੇ 'ਚ ਐੱਸ. ਪੀ. ਸਣੇ 4 ਲੋਕਾਂ ਦੀ ਰਿਪੋਰਟ ਆਈ 'ਕੋਰੋਨਾ' ਪਾਜ਼ੇਟਿਵ


Anuradha

Content Editor

Related News