ਸਵੱਛ ਭਾਰਤ ਮੁਹਿੰਮ ਦਾ ਮਜ਼ਾਕ ਉਡਾ ਰਿਹੈ ਖੁਰਾਕ ਅਤੇ ਸਿਵਲ ਸਪਲਾਈ ਦਫਤਰ

Wednesday, Jul 05, 2017 - 03:35 PM (IST)


ਲੁਧਿਆਣਾ(ਖੁਰਾਣਾ)-ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦਾ ਸਰਾਭਾ ਨਗਰ ਸਥਿਤ ਦਫਤਰ ਮੌਜੂਦਾ ਸਮੇਂ 'ਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਸਵੱਛ ਭਾਰਤ ਮੁਹਿੰਮ ਦਾ ਮਜ਼ਾਕ ਉਡਾ ਰਿਹਾ ਹੈ। ਉਕਤ ਦਫਤਰ 'ਚ ਫੈਲੀ ਗੰਦਗੀ ਦਾ ਆਲਮ ਇਹ ਬਣਿਆ ਹੋਇਆ ਹੈ ਕਿ ਮੌਜੂਦਾ ਬਰਸਾਤੀ ਮੌਸਮ 'ਚ ਇੱਥੇ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਪੈਰ ਪਸਾਰ ਰਹੀਆਂ ਹਨ। ਇਥੇ ਦੱਸ ਦੇਈਏ ਕਿ ਆਮ ਜਨਤਾ 'ਚ ਇਹ ਧਾਰਨਾ ਬਣੀ ਹੋਈ ਸੀ ਕਿ ਪੰਜਾਬ 'ਚ ਹੋਈ ਸੱਤਾ ਤਬਦੀਲੀ ਤੋਂ ਬਾਅਦ ਬਣੀ ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਸ਼ਾਇਦ ਸਰਕਾਰੀ ਦਫਤਰਾਂ ਦੇ ਹਾਲਾਤ ਕੁਝ ਸੁਧਰਨਗੇ ਅਤੇ ਦਫਤਰਾਂ 'ਚ ਤਾਇਨਾਤ ਅਧਿਕਾਰੀ ਆਪਣੀ ਲੇਟ ਲਤੀਫੀ ਦੀ ਆਦਤ ਤਿਆਗ ਕੇ ਜਨਤਾ ਦੀ ਸੇਵਾ 'ਚ ਕੁਝ ਹੋਰ ਬਿਹਤਰ ਕਰਨ ਦੀਆਂ ਕੋਸ਼ਿਸ਼ਾਂ ਕਰਨਗੇ ਪਰ ਇਥੇ ਅਜਿਹਾ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਹੈ ਜਿਵੇਂ ਕਿ ਪਬਲਿਕ ਆਸ ਲਾਈ ਬੈਠੀ ਸੀ।
 ਇਥੇ ਇਹ ਕਹਿਣਾ ਗਲਤ ਨਹੀਂ ਹ1ੋਵੇਗਾ ਕਿ ਪੰਜਾਬ 'ਚ ਸਰਕਾਰ ਤਾਂ ਜ਼ਰੂਰ ਬਦਲੀ ਹੈ ਪਰ ਹਾਲਾਤ ਨਹੀਂ। ਦਫਤਰ 'ਚ ਚਾਰੇ ਪਾਸੇ ਫੈਲੀ ਗੰਦਗੀ ਇਥੇ ਪੁੱਜਣ ਵਾਲੇ ਲੋਕਾਂ ਨੂੰ ਮੂੰਹ ਚਿੜਾ ਰਹੀ ਹੈ। ਆਲਮ ਇਹ ਹੈ ਕਿ ਦਫਤਰ ਦੀਆਂ ਪੌੜੀਆਂ ਚੜ੍ਹਨ ਤੋਂ ਬਾਅਦ ਸਭ ਤੋਂ ਪਹਿਲਾਂ ਅਰਜ਼ੀਕਰਤਾ ਦਾ ਸਵਾਗਤ ਐਂਟਰੀ ਪੁਆਇੰਟ 'ਤੇ ਲੱਗਾ ਗੰਦਗੀ ਦਾ ਢੇਰ ਕਰ ਰਿਹਾ ਹੈ। 
ਹੋਰ ਤਾਂ ਹੋਰ ਦਫਤਰ 'ਚ ਬੰਦ ਪਈਆਂ ਦੋ ਲਿਫਟਾਂ ਦੇ ਅੱਗੇ ਪਏ ਕਬਾੜ ਦਾ ਰੂਪ ਧਾਰਨ ਕਰ ਚੁੱਕੇ ਫਰਨੀਚਰ 'ਤੇ ਪਏ ਚਟਨੀ ਦੇ ਪੈਕੇਟ ਵੀ ਇਹੀ ਦਾਸਤਾਨ ਬਿਆਨ ਕਰ ਰਹੇ ਹਨ ਕਿ ਸ਼ਾਇਦ ਦਫਤਰ 'ਚ ਤਾਇਨਾਤ ਕਰਮਚਾਰੀਆਂ ਨੇ ਹੀ ਇਥੇ ਪਕੌੜੇ, ਸਮੋਸਿਆਂ ਦਾ ਆਨੰਦ ਲੈਣ ਤੋਂ ਬਾਅਦ ਉਕਤ ਪੈਕੇਟਾਂ ਨੂੰ ਉਚਿਤ ਸਥਾਨ 'ਤੇ ਸੁੱਟਣ ਦੀ ਜਹਿਮਤ ਨਹੀਂ ਉਠਾਈ। 

ਪੀਣ ਵਾਲੇ ਪਾਣੀ ਦੀ ਨਹੀਂ ਯੋਗ ਵਿਵਸਥਾ
ਇਥੇ ਹੈਰਾਨੀ ਭਰੀ ਗੱਲ ਇਹ ਦੇਖਣ ਨੂੰ ਮਿਲ ਰਹੀ ਹੈ ਕਿ ਵਿਭਾਗ ਦੇ ਉਕਤ ਦਫਤਰ ਨਾਲ ਸਿੱਧੇ ਅਤੇ ਅਸਿੱਧੇ ਤੌਰ 'ਤੇ ਕਰੀਬ 5 ਲੱਖ ਲੋਕ ਜੁੜੇ ਹੋਏ ਹਨ ਪਰ ਇਸ ਦੇ ਬਾਵਜੂਦ ਇਸ ਕਹਿਰ ਦੀ ਗਰਮੀ ਦੇ ਮੌਸਮ 'ਚ ਵੀ ਅਰਜ਼ੀਕਰਤਾਵਾਂ ਲਈ ਦਫਤਰ 'ਚ ਪੀਣ ਵਾਲੇ ਪਾਣੀ ਅਤੇ ਬੈਠਣ ਲਈ ਕੋਈ ਯੋਗ ਪ੍ਰਬੰਧ ਨਹੀਂ ਕੀਤੇ ਗਏ ਹਨ, ਜੋ ਕਿ ਆਪਣੇ ਆਪ 'ਚ ਇਕ ਚਿੰਤਾਜਨਕ ਪਹਿਲੂ ਕਿਹਾ ਜਾ ਸਕਦਾ ਹੈ।
ਆਪਣੇ ਆਲੇ-ਦੁਆਲੇ ਸਾਫ-ਸਫਾਈ ਰੱਖਣਾ ਹਰ ਨਾਗਰਿਕ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ, ਜਿਸ ਲਈ ਸਰਕਾਰੀ ਦਫਤਰਾਂ ਦੇ ਅਧਿਕਾਰੀ ਸਮਾਜ ਨੂੰ ਜਾਗਰੂਕ ਕਰਨ ਲਈ ਮੇਰੇ ਖਿਆਲ ਨਾਲ ਸਭ ਤੋਂ ਅਹਿਮ ਭੂਮਿਕਾ ਨਿਭਾ ਸਕਦੇ ਹਨ ਪਰ ਇਥੇ ਤਾਂ ਉਲਟੀ ਗੰਗਾ ਵਹਿੰਦੀ ਕਹੀ ਜਾ ਸਕਦੀ ਹੈ ਕਿਉਂਕਿ ਖੁਰਾਕ ਤੇ ਸਪਲਾਈ ਵਿਭਾਗ ਦੇ ਉਕਤ ਦਫਤਰ 'ਚ ਜਿੱਥੇ ਕਰਮਚਾਰੀਆਂ ਦੀ ਲੰਬੀ ਚੌੜੀ ਫੌਜ ਹੈ, ਉਥੇ ਇਸ ਦਫਤਰ 'ਚ 1 ਵਿਭਾਗੀ ਡਿਪਟੀ ਡਾਇਰੈਕਟਰ, 2 ਡੀ. ਐੱਫ. ਐੱਸ. ਸੀ. (ਜ਼ਿਲਾ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ), 1 ਡੀ. ਐੱਫ. ਐੱਸ. ਓ. ਅਤੇ 4 ਏ. ਐੱਫ. ਐੱਸ. ਓ. ਅਧਿਕਾਰੀਆਂ ਦੇ ਵੀ ਦਫਤਰ ਹਨ, ਜਿੱਥੇ ਬੈਠ ਕੇ ਉਹ ਆਪਣੀ ਵਿਭਾਗੀ ਡਿਊਟੀ ਨਿਭਾ ਰਹੇ ਹਨ ਪਰ ਬਾਵਜੂਦ ਇਸ ਦੇ ਜਨਤਕ ਥਾਂ 'ਤੇ ਫੈਲਾਈ ਜਾਣ ਵਾਲੀ ਗੰਦਗੀ ਦੀ ਚੈਕਿੰਗ ਕਰਵਾਉਣ ਤੋਂ ਬਾਅਦ ਨਗਰ ਨਿਗਮ ਵੱਲੋਂ ਖੁਰਾਕ ਤੇ ਸਪਲਾਈ ਵਿਭਾਗ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ।


Related News