ਪਰਿਵਾਰ ਨੇ ਕੀਤਾ ਸਸਕਾਰ ਤੋਂ ਇਨਕਾਰ, ਕਿਹਾ- ਪਹਿਲਾਂ ਹੋਣ ਮੰਗਾਂ ਪੂਰੀਆਂ
Tuesday, Sep 19, 2017 - 06:55 AM (IST)
ਲੁਧਿਆਣਾ, (ਪੰਕਜ)- ਪੈਸਿਆਂ ਦੀ ਵਸੂਲੀ ਲਈ ਫੈਕਟਰੀ ਮਾਲਕਾਂ ਦੀ ਹੈਵਾਨੀਅਤ ਦਾ ਸ਼ਿਕਾਰ ਹੋ ਕੇ ਦਮ ਤੋੜਨ ਵਾਲੇ ਬਜ਼ੁਰਗ ਮਾਤਾ-ਪਿਤਾ ਦੇ ਇਕੋ ਇਕ ਸਹਾਰੇ ਹਰੀਸ਼ ਕੁਮਾਰ ਦੀ ਲਾਸ਼ ਦਾ ਸਸਕਾਰ ਕਰਨ ਤੋਂ ਸਾਫ ਇਨਕਾਰ ਕਰਦਿਆਂ ਉਸ ਦੇ ਰਿਸ਼ਤੇਦਾਰ ਅਤੇ ਕਰੀਬੀ ਇਸ ਗੱਲ 'ਤੇ ਅੜ ਗਏ ਕਿ ਪੁਲਸ ਪਹਿਲਾਂ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੇ, ਜਿਸ ਦੀ ਖ਼ਬਰ ਮਿਲਣ 'ਤੇ ਅਧਿਕਾਰੀ ਖੁਦ ਘਟਨਾ ਸਥਾਨ 'ਤੇ ਪਹੁੰਚੇ ਅਤੇ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਹ ਇਸ ਗੱਲ 'ਤੇ ਬਜ਼ਿੱਦ ਰਹੇ।
ਨੋਟਬੰਦੀ ਦੌਰਾਨ ਦਿੱਤੀ ਰਕਮ ਨੂੰ ਵਾਪਸ ਵਸੂਲਣ ਲਈ ਫੋਕਲ ਪੁਆਇੰਟ ਸਥਿਤ ਲਕਸ਼ਮੀ ਟਰੇਡਰਸ ਦੇ ਮਾਲਕ ਸੰਦੀਪ ਜੈਨ ਵਲੋਂ ਆਪਣੇ ਸਾਥੀਆਂ ਦੀ ਮਦਦ ਨਾਲ ਪਹਿਲਾਂ ਤਾਂ ਹਰੀਸ਼ ਦੇ ਬਜ਼ੁਰਗ ਮਾਤਾ-ਪਿਤਾ ਨੂੰ ਕਈ ਦਿਨਾਂ ਤੱਕ ਆਪਣੇ ਕੋਲ ਜਬਰਨ ਰੱਖਿਆ ਗਿਆ ਅਤੇ ਐਤਵਾਰ ਨੂੰ ਹਰੀਸ਼ ਨੂੰ ਅਗਵਾ ਕਰ ਕੇ ਫੈਕਟਰੀ ਲੈ ਆਏ ਅਤੇ ਮਾਂ-ਬਾਪ ਨੂੰ ਛੱਡ ਦਿੱਤਾ। ਇਸ ਦੌਰਾਨ ਥਰਡ ਡਿਗਰੀ ਦਾ ਇਸਤੇਮਾਲ ਕਰਨ ਨਾਲ ਹਰੀਸ਼ ਦੀ ਮੌਤ ਹੋ ਗਈ। ਪੁਲਸ ਗ੍ਰਿਫਤ 'ਚ ਦੋਸ਼ੀ ਸੰਦੀਪ ਜੈਨ ਨੇ ਕਈ ਖੁਲਾਸੇ ਕੀਤੇ ਹਨ।
ਉਧਰ ਦੋਸ਼ੀਆਂ ਖਿਲਾਫ ਬਜ਼ੁਰਗ ਜੋੜੇ ਨੂੰ ਅਗਵਾ ਕਰਨ ਦੇ ਨਾਲ ਹਰੀਸ਼ ਦੀ ਹੱਤਿਆ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕਰਨ ਉਪਰੰਤ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਜਦ ਪਰਿਵਾਰ ਦੇ ਹਵਾਲੇ ਕੀਤਾ ਤਦ ਤੱਕ ਸਭ ਕੁਝ ਠੀਕ-ਠਾਕ ਸੀ ਪਰ ਜਿਉਂ ਹੀ ਪਰਿਵਾਰ ਲਾਸ਼ ਨੂੰ ਲੈ ਕੇ ਘਰ ਪਹੁੰਚੇ ਤਾਂ ਸਭ ਕੁਝ ਬਦਲ ਗਿਆ ਅਤੇ ਪਰਿਵਾਰ ਨੇ ਪੁਲਸ ਦੇ ਸਾਹਮਣੇ ਕਈ ਮੰਗਾਂ ਰੱਖਦੇ ਹੋਏ ਸਸਕਾਰ ਕਰਨ ਤੋਂ ਇਨਕਾਰ ਦਿੱਤਾ, ਹਾਲਾਂਕਿ ਮੌਕੇ 'ਤੇ ਏ. ਡੀ. ਸੀ. ਪੀ. ਸੰਦੀਪ ਗਰਗ, ਏ. ਸੀ. ਪੀ. ਅਮਨਦੀਪ ਬਰਾੜ ਅਤੇ ਥਾਣਾ ਇੰਚਾਰਜ ਬਿਟਨ ਕੁਮਾਰ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਸਪੱਸ਼ਟ ਕੀਤਾ ਕਿ ਦੋਸ਼ੀਆਂ ਖਿਲਾਫ ਅਗਵਾ ਅਤੇ ਹੱਤਿਆ ਦੀ ਐੱਫ. ਆਈ. ਆਰ. ਦਰਜ ਕਰ ਕੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦੇ ਬਾਕੀ ਸਾਥੀਆਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਪਰਿਵਾਰ ਨੇ ਪੁਲਸ ਦੀ ਇਕ ਨਹੀਂ ਸੁਣੀ।
ਬਾਊਂਸਰਾਂ ਨਾਲ ਮਿਲ ਕੇ ਕੀਤਾ ਹਰੀਸ਼ ਨੂੰ ਅਗਵਾ
ਇਲਾਕੇ ਦੇ ਲੋਕਾਂ ਨੇ ਦੋਸ਼ ਲਾਇਆ ਕਿ ਫੈਕਟਰੀ ਮਾਲਕ ਸੰਦੀਪ ਜੈਨ ਅਤੇ ਉਸ ਦੇ ਭਰਾ ਆਪਣੇ ਨਾਲ ਬਾਊਂਸਰਾਂ ਨੂੰ ਲੈ ਕੇ ਆਏ ਸਨ ਅਤੇ ਮੁਹੱਲੇ ਵਿਚ ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟਦੇ ਹੋਏ ਨਾਲ ਲੈ ਕੇ ਗਏ ਸਨ। ਦੋਸ਼ੀਆਂ ਅਤੇ ਬਾਊਂਸਰਾਂ ਵੱਲੋਂ ਇੰਨੀ ਬੁਰੀ ਤਰ੍ਹਾਂ ਨਾਲ ਟਾਰਚਰ ਕਰਨ ਨਾਲ ਉਸ ਦੀ ਮੌਤ ਹੋ ਗਈ।
ਮਾਤਾ-ਪਿਤਾ ਨੂੰ ਬੰਧਕ ਬਣਾ ਖੁਦ ਚਲਾ ਗਿਆ ਚਾਈਨਾ
ਪਰਿਵਾਰ ਨੇ ਦੋਸ਼ ਲਾਇਆ ਕਿ ਹਰੀਸ਼ ਵੱਲੋਂ ਚੁਕਾਈ ਜਾਣ ਵਾਲੀ ਰਕਮ ਸਬੰਧੀ ਬਕਾਇਦਾ ਪੰਚਾਇਤ ਵੀ ਹੋਈ ਸੀ, ਜਿਸ 'ਚ ਹਰੀਸ਼ ਦੀ ਮਾਂ ਦੇ ਨਾਂ 'ਤੇ ਕੈਥਲ 'ਚ ਪਏ ਇਕ ਪਲਾਟ ਦੀ ਰਜਿਸਟਰੀ ਵੀ ਦੋਸ਼ੀ ਨੂੰ ਕਰਵਾ ਦਿੱਤੀ ਗਈ ਸੀ ਅਤੇ ਮਾਮਲਾ ਖਤਮ ਕਰ ਦਿੱਤਾ ਗਿਆ ਸੀ ਪਰ ਦੋਸ਼ੀ ਦਾ ਲਾਲਚ ਵਧਦਾ ਗਿਆ ਅਤੇ ਉਹ ਹਰੀਸ਼ ਨੂੰ ਆਏ ਦਿਨ ਪ੍ਰੇਸ਼ਾਨ ਕਰਨ ਲੱਗਿਆ ਅਤੇ 7 ਸਤੰਬਰ ਨੂੰ ਉਹ ਬਜ਼ੁਰਗ ਪਤੀ-ਪਤਨੀ ਨੂੰ ਜਬਰਨ ਉਨ੍ਹਾਂ ਦੇ ਘਰ ਤੋਂ ਅਗਵਾ ਕਰ ਕੇ ਆਪਣੀ ਫੈਕਟਰੀ ਲੈ ਗਿਆ। ਉਸ ਸਮੇਂ ਸੰਦੀਪ ਜੈਨ ਦੇ ਨਾਲ ਰੋਮੀ ਵਰਮਾ ਵੀ ਸੀ। ਉਨ੍ਹਾਂ ਨੂੰ ਕੈਦੀ ਬਣਾ ਕੇ ਦੋਸ਼ੀ ਖੁਦ ਚਾਈਨਾ ਚਲਾ ਗਿਆ।
ਪੁੱਤਰ ਨੂੰ ਅਗਵਾ ਕਰ ਕੇ ਫਿਰ ਛੱਡਿਆ ਮਾਂ-ਬਾਪ ਨੂੰ
ਦੋਸ਼ੀ ਸੰਦੀਪ ਜੈਨ ਨੇ ਚਾਈਨਾ ਤੋਂ ਵਾਪਸ ਆ ਕੇ 11 ਦਿਨ ਤੋਂ ਬੰਦੀ ਬਣਾਏ ਬਜ਼ੁਰਗ ਜੋੜੇ ਨੂੰ ਰਿਹਾਅ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਬੇਟੇ ਹਰੀਸ਼ ਨੂੰ ਅਗਵਾ ਕੀਤਾ, ਜਿਸ ਨੂੰ ਦੋਸ਼ੀਆਂ ਨੇ ਬੁਰੀ ਤਰ੍ਹਾਂ ਨਾਲ ਕੁੱਟਿਆ ਕਿ ਉਸ ਦੀ ਮੌਤ ਹੋ ਗਈ।
ਪਰਿਵਾਰ ਵਲੋਂ ਰੱਖੀਆਂ ਮੰਗਾਂ
ਪਰਿਵਾਰਕ ਮੈਂਬਰਾਂ ਨੇ ਸਪੱਸ਼ਟ ਕੀਤਾ ਕਿ ਜਦ ਤੱਕ ਪੁਲਸ ਸਾਰੇ ਦੋਸ਼ੀਆਂ ਨੂੰ ਨਹੀਂ ਫੜਦੀ ਅਤੇ ਕੈਥਲ ਵਾਲੇ ਪਲਾਟ ਦੀ ਰਜਿਸਟਰੀ ਵਾਪਸ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਨਾਂ ਨਹੀਂ ਕਰਵਾਉੁਂਦੀ ਤਦ ਤੱਕ ਉਹ ਸਸਕਾਰ ਨਹੀਂ ਕਰਨਗੇ।
ਜਮ ਕੇ ਹੋਈ ਰਾਜਨੀਤੀ
ਹਾਲਾਂਕਿ ਪੋਸਟਮਾਰਟਮ ਹੋਣ ਤੱਕ ਮ੍ਰਿਤਕ ਦੇ ਰਿਸ਼ਤੇਦਾਰ ਅਤੇ ਇਲਾਕਾ ਨਿਵਾਸੀ ਹੁਣ ਤੱਕ ਹੋਈ ਪੁਲਸ ਕਾਰਵਾਈ 'ਤੇ ਸੰਤੁਸ਼ਟੀ ਜ਼ਾਹਿਰ ਕਰਦੇ ਰਹੇ ਪਰ ਜਿਉਂ ਹੀ ਲਾਸ਼ ਘਰ ਪਹੁੰਚੀ ਅਤੇ ਸਿਆਸੀ ਨੇਤਾਵਾਂ ਦਾ ਉਥੇ ਆਉਣਾ ਸ਼ੁਰੂ ਹੋਇਆ, ਪਰਿਵਾਰ ਨੇ ਸਸਕਾਰ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਤਾਂ ਪੁਲਸ ਅਧਿਕਾਰੀ ਹੈਰਾਨ ਰਹਿ ਗਏ।
