ਟਰੈਕਟਰ-ਟਰਾਲੀ ਹੇਠ ਆਉਣ ਕਾਰਨ ਵਿਅਕਤੀ ਦੀ ਮੌਤ

Tuesday, Jan 02, 2018 - 04:51 AM (IST)

ਟਰੈਕਟਰ-ਟਰਾਲੀ ਹੇਠ ਆਉਣ ਕਾਰਨ ਵਿਅਕਤੀ ਦੀ ਮੌਤ

ਫਾਜ਼ਿਲਕਾ,  (ਨਾਗਪਾਲ)-  ਫਾਜ਼ਿਲਕਾ ਉਪਮੰਡਲ ਦੇ ਪਿੰਡ ਬੋਦੀਵਾਲਾ ਪੀਥਾ ਦੇ ਨੇੜੇ ਸਥਿਤ ਖੰਡ ਮਿੱਲ ਕੋਲ ਬੀਤੀ ਰਾਤ ਗੰਨੇ ਨਾਲ ਭਰੀ ਟਰੈਕਟਰ-ਟਰਾਲੀ ਹੇਠ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਵਿਅਕਤੀ ਵਾਲ-ਵਾਲ ਬਚ ਗਏ। 
ਸਥਾਨਕ ਸਿਵਲ ਹਸਪਤਾਲ ਵਿਚ ਮ੍ਰਿਤਕ ਸੁਰਜੀਤ ਸਿੰਘ (30) ਵਾਸੀ ਪਿੰਡ ਖੂਈਖੇੜਾ ਦੀ ਢਾਣੀ ਦੇ ਭਰਾ ਕਾਲਾ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਸੁਰਜੀਤ ਸਿੰਘ ਮਜ਼ਦੂਰੀ ਕਰਦਾ ਸੀ। ਉਸਨੇ ਦੱਸਿਆ ਕਿ ਬੀਤੇ ਦਿਨ ਉਸਦਾ ਭਰਾ ਪਿੰਡ ਖੂਈਖੇੜਾ ਵਾਸੀ ਸ਼ਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਨਾਲ ਮੋਟਰਸਾਈਕਲ 'ਤੇ ਮਜ਼ਦੂਰੀ ਕਰਨ ਲਈ ਨੇੜਲੇ ਸ਼ਹਿਰ ਅਬੋਹਰ ਵਿਚ ਗਿਆ ਸੀ। ਜਦੋਂ ਉਹ ਤਿੰਨੇ ਰਾਤ ਲਗਭਗ 7.45 ਵਜੇ ਮੋਟਰਸਾਈਕਲ 'ਤੇ ਵਾਪਸ ਪਿੰਡ ਵੱਲ ਆ ਰਹੇ ਸਨ ਤਾਂ ਰਸਤੇ ਵਿਚ ਉਪਮੰਡਲ ਦੇ ਪਿੰਡ ਬੋਦੀਵਾਲਾ ਪੀਥਾ ਦੇ ਨੇੜੇ ਸਥਿਤ ਖੰਡ ਮਿੱਲ ਦੇ ਕੋਲ ਉਨ੍ਹਾਂ ਦੀ ਗੰਨੇ ਨਾਲ ਭਰੀ ਟਰੈਕਟਰ-ਟਰਾਲੀ ਦੇ ਨਾਲ ਟੱਕਰ ਹੋ ਗਈ, ਜਿਸ ਕਾਰਨ ਉਸਦਾ ਭਰਾ ਜੋ ਮੋਟਰਸਾਈਕਲ 'ਤੇ ਸਭ ਤੋਂ ਪਿੱਛੇ ਬੈਠਾ ਸੀ, ਟਰੈਕਟਰ ਟਰਾਲੀ ਦੇ ਹੇਠਾਂ ਆ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਪਿੰਡ ਵਾਸੀ ਸ਼ਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਸੜਕ ਦੇ ਦੂਸਰੇ ਪਾਸੇ ਡਿੱਗਣ ਕਾਰਨ ਵਾਲ-ਵਾਲ ਬਚ ਗਏ। ਮ੍ਰਿਤਕ ਸੁਰਜੀਤ ਸਿੰਘ ਦਾ ਅੱਜ ਸਥਾਨਕ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾਇਆ ਗਿਆ। ਖੂਈਖੇੜਾ ਚੌਕੀ ਪੁਲਸ ਨੇ ਟਰੈਕਟਰ-ਟਰਾਲੀ ਚਾਲਕ ਦੇ ਖਿਲਾਫ਼ ਧਾਰਾ 304ਏ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।


Related News